ਨੀਲੇ ਕਾਰਡ ਧਾਰਕਾਂ ਦੇ ਨਾਂ ਕੱਟਣ ''ਤੇ ਅਕਾਲੀ-ਭਾਜਪਾ ਵੱਲੋਂ ਰੋਸ ਪ੍ਰਦਰਸ਼ਨ

06/18/2020 12:05:31 PM

ਮੋਗਾ (ਵਿਪਨ) : ਨੀਲੇ ਕਾਰਡ ਧਾਰਕਾ ਨੂੰ ਰਾਸ਼ਨ ਨਾ ਮਿਲਣ ਦੇ ਵਿਰੋਧ 'ਚ ਅਕਾਲੀ-ਭਾਜਪਾ ਵੱਲੋਂ ਵੀਰਵਾਰ ਨੂੰ ਪੂਰੇ ਪੰਜਾਬ 'ਚ ਡੀ. ਸੀ. ਦਫਤਰਾਂ ਮੂਹਰੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੋਗਾ 'ਚ ਵੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਅਕਾਲੀ ਦਲ ਦੇ ਸੀਨੀਅਰ ਰਘੂ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ 'ਚ ਸੈਂਕੜੇ ਵਰਕਰਾਂ ਨੇ ਡੀ. ਸੀ. ਦਫਤਰ ਬਾਹਰ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ 'ਚ ਗੁਹਾਰ ਲਾਈ ਗਈ ਕਿ ਜਿਹੜੇ ਨੀਲੇ ਕਾਰਡ ਧਾਰਕਾਂ ਦੇ ਨਾਂ ਕੱਟੇ ਗਏ ਹਨ, ਉਨ੍ਹਾਂ ਨੂੰ ਬਹਾਲ ਕਰਕੇ ਰਾਸ਼ਨ ਮੁਹੱਈਆ ਕਰਵਾਇਆ ਜਾਵੇ।

ਦਰਅਸਲ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ 'ਤੇ ਰਾਸ਼ਨ ਲੈਣ ਵਾਲੇ ਸੈਂਕੜੇ ਲੋੜਵੰਦਾਂ ਦੇ ਨਾਮ ਕੱਟ ਦਿੱਤੇ ਗਏ ਸਨ, ਜਿਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਕਾਂਗਰਸ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਛੱਡ ਕੇ ਉਨ੍ਹਾਂ ਸਾਰੇ ਲੋੜਵੰਦ ਪਰਿਵਾਰਾਂ ਦੇ ਬਣੇ ਨੀਲੇ ਕਾਰਡਾਂ ਨੂੰ ਕੱਟ ਦਿੱਤਾ ਗਿਆ ਹੈ, ਜੋ ਅਕਾਲੀ ਦਲ ਦੇ ਹਮਾਇਤੀ ਹਨ। ਅੱਜ ਮਹਾਮਾਰੀ ਦੌਰਾਨ ਜਿੱਥੇ ਉਨ੍ਹਾਂ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਉਨ੍ਹਾਂ ਨੂੰ ਸਰਕਾਰ ਵੱਲੋਂ ਵੀ ਮਦਦ ਮਿਲਣੀ ਬੰਦ ਹੋ ਗਈ ਹੈ, ਜਿਸ ਨੂੰ ਲੈ ਕੇ ਮਾਣਯੋਗ ਹਾਈਕੋਰਟ 'ਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜਿਹੜੇ ਨੀਲੇ ਕਾਰਡ ਕੱਟੇ ਗਏ ਹਨ, ਉਨ੍ਹਾਂ ਨੂੰ ਬਹਾਲ ਕਰਕੇ ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ ਪਰ ਇਸ ਦੇ ਬਾਵਜੂਦ ਉਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲਿਆ, ਜਿਸ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਡੀ. ਸੀ. ਦਫਤਰਾਂ ਮੂਹਰੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ।


Babita

Content Editor

Related News