ਅਕਾਲੀ-ਭਾਜਪਾ ਗੱਠਜੋੜ ਦੀਆਂ ਖ਼ਬਰਾਂ ਵਿਚਾਲੇ ਦਿੱਲੀ ਤੋਂ ਆਇਆ ਮੈਸੇਜ! ਜਾਣੋ ਕੀ ਬੋਲੇ ਪੰਜਾਬ ਇੰਚਾਰਜ ਸਤੀਸ਼ ਪੂਨੀਆ
Monday, Aug 31, 2026 - 04:16 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਹਾਈਕਮਾਂਡ ਨੇ ਦਿੱਲੀ ਤੋਂ ਸੁਨੇਹਾ ਭੇਜਿਆ ਹੈ। ਪੰਜਾਬ ਭਾਜਪਾ ਇੰਚਾਰਜ ਸਤੀਸ਼ ਪੂਨੀਆ ਨੇ ਗੱਠਜੋੜ ਦੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਕਿ ਹਾਈਕਮਾਂਡ ਦਾ ਸਪੱਸ਼ਟ ਸੁਨੇਹਾ ਹੈ ਕਿ ਭਾਜਪਾ ਪੰਜਾਬ ਦੀਆਂ 117 ਸੀਟਾਂ 'ਤੇ ਆਪਣੇ ਦਮ 'ਤੇ ਚੋਣ ਲੜੇਗੀ। ਉਨ੍ਹਾਂ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਮੁਲਾਕਾਤ ਬਾਰੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਮੁਖੀ ਹਨ ਤੇ ਉਨ੍ਹਾਂ ਨਾਲ ਮੁਲਾਕਾਤ ਦਾ ਅਰਥ ਗੱਠਜੋੜ ਹੀ ਨਹੀਂ ਹੁੰਦਾ, ਸਗੋਂ ਸੂਬੇ ਤੇ ਦੇਸ਼ ਨਾਲ ਜੁੜੇ ਕਈ ਹੋਰ ਅਹਿਮ ਮਸਲੇ ਵੀ ਹੋ ਸਕਦੇ ਹਨ।
ਸਤੀਸ਼ ਪੂਨੀਆ ਦੇ ਪੰਜਾਬ ਦੌਰੇ ਦੇ ਪਹਿਲੇ ਦਿਨ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਨੂੰ ਗੱਠਜੋੜ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਸਪਸ਼ਟ ਤੌਰ 'ਤੇ ਆਖ ਚੁੱਕੇ ਹਨ ਕਿ ਭਾਰਤੀ ਜਨਤਾ ਪਾਰਟੀ 117 ਸੀਟਾਂ 'ਤੇ ਆਪਣੇ ਦਮ ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਉਹ ਕੇਂਦਰ ਦੇ ਦੂਤ ਹਨ ਤੇ ਕੇਂਦਰ ਦਾ ਸਿੱਧਾ ਸੰਦੇਸ਼ ਹੈ ਕਿ ਅਸੀਂ 117 ਸੀਟਾਂ 'ਤੇ ਚੋਣ ਲੜਾਂਗੇ। 117 ਸੀਟਾਂ 'ਤੇ ਚੋਣ ਲੜਣ ਦਾ ਸਿੱਧਾ ਮਤਲਬ ਇਹੋ ਹੈ ਕਿ ਭਾਜਪਾ ਇੱਥੇ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ।
ਪੰਜਾਬ ਭਾਜਪਾ ਇੰਚਾਰਜ ਨੇ ਤ੍ਰਿਪੁਰਾ ਅਤੇ ਹਰਿਆਣਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਸੂਬਿਆਂ ਵਿਚ ਵੀ ਭਾਜਪਾ ਦਾ ਅਧਾਰ ਪਹਿਲਾਂ ਮਜ਼ਬੂਤ ਨਹੀਂ ਸੀ, ਪਰ ਫ਼ਿਰ ਉੱਥੇ ਭਾਜਪਾ ਨੇ ਸਰਕਾਰ ਬਣਾਈ ਤੇ ਵਿਕਾਸ ਵੀ ਕਰਵਾਇਆ। ਪੰਜਾਬ ਵਿਚ ਵੀ ਭਾਜਪਾ ਚੰਗਾ ਪ੍ਰਦਰਸ਼ਨ ਕਰੇਗੀ। ਪੱਤਰਕਾਰਾਂ ਵੱਲੋਂ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਦੇ ਹੱਕ ਵਿਚ ਦਿੱਤੇ ਬਿਆਨਾਂ ਬਾਰੇ ਪੁੱਛੇ ਜਾਣ 'ਤੇ ਪੂਨੀਆ ਨੇ ਕਿਹਾ ਕਿ ਉਨ੍ਹਾਂ ਲੀਡਰਾਂ ਦਾ ਚੰਗਾ ਸਿਆਸੀ ਤਜ਼ਰਬਾ ਹੈ, ਪਰ ਇਹ ਉਨ੍ਹਾਂ ਦੇ ਵਿਅਕਤੀਗਤ ਵਿਚਾਰ ਹਨ, ਪਾਰਟੀ ਦਾ ਫ਼ੈਸਲਾ ਦਿੱਲੀ ਤੋਂ ਹੀ ਆਵੇਗਾ। ਉਨ੍ਹਾਂ ਨੇ ਗੱਠਜੋੜ ਦੀਆਂ ਚਰਚਾਵਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।
