''ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾਉਣ ਲਈ ਅਕਾਲੀ-ਭਾਜਪਾ ਤੇ ਕਾਂਗਰਸ ਜ਼ਿੰਮੇਵਾਰ''
Tuesday, Apr 02, 2019 - 11:00 PM (IST)

ਚੰਡੀਗੜ੍ਹ,(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਜਪਾ ਤੇ ਕਾਂਗਰਸ ਨੂੰ ਬਰਾਬਰ ਦਾ ਜ਼ਿੰਮੇਵਾਰ ਠਹਿਰਾਇਆ ਹੈ। 'ਆਪ' ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਪਣੇ 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਬਾਦਲ ਸਰਕਾਰ ਨੇ ਪੰਜਾਬ ਭਰ 'ਚ ਨਸ਼ੇ ਦੇ ਬੀਜ ਬੀਜੇ ਤੇ ਪੰਜਾਬ ਦੀ ਜਵਾਨੀ ਬਰਬਾਦ ਕਰ ਕੇ ਰੱਖ ਦਿੱਤੀ। ਬਾਦਲਾਂ ਤੋਂ ਬਾਅਦ ਸੱਤਾ 'ਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚੋਂ ਨਸ਼ਿਆਂ ਦਾ ਕੋਹੜ ਖ਼ਤਮ ਕਰਨ 'ਚ ਰੁਚੀ ਹੀ ਨਹੀਂ ਦਿਖਾਈ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਬਣਨ ਉਪਰੰਤ ਚਾਰ ਹਫ਼ਤਿਆਂ ਦੇ ਅੰਦਰ ਪੰਜਾਬ 'ਚੋਂ ਨਸ਼ੇ ਦੀ ਜੜ੍ਹ ਖ਼ਤਮ ਕਰ ਦੇਣਗੇ ਅਤੇ ਨਸ਼ੇ ਦੇ ਸੌਦਾਗਰਾਂ ਦਾ ਸਮੁੱਚਾ ਤਾਣਾ-ਬਾਣਾ ਤਹਿਸ-ਨਹਿਸ ਕਰ ਦੇਣਗੇ ਪਰ ਸੱਤਾ ਸੰਭਾਲਣ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਾਕੀ ਵਾਅਦਿਆਂ ਵਾਂਗ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਤੋਂ ਵੀ ਮੁੱਕਰ ਗਈ।
ਅੱਜ ਕਾਂਗਰਸ ਦੇ ਰਾਜ 'ਚ ਸਿਆਸੀ ਸਰਪ੍ਰਸਤੀ ਹਾਸਲ ਨਸ਼ੇ ਦੇ ਤਸਕਰ ਪਿੰਡ-ਪਿੰਡ ਗਲੀ-ਗਲੀ ਸਰਗਰਮ ਹਨ। ਬਿਨਾਂ ਕਿਸੇ ਡਰ ਦੇ ਨਸ਼ੇ ਦੀ ਹੋਮ ਡਿਲਿਵਰੀ ਦੇ ਰਹੇ ਹਨ, ਸਰਕਾਰ ਅਤੇ ਸਮੁੱਚਾ ਸਰਕਾਰੀ ਤੰਤਰ ਅੱਖਾਂ ਬੰਦ ਕਰੀ ਬੈਠਾ ਹੈ। ਭਗਵੰਤ ਮਾਨ ਨੇ ਕਿਹਾ ਕਿ ਨਸ਼ੇ ਦਾ ਧੰਦਾ ਸਿਆਸੀ ਛਤਰ ਛਾਇਆ ਤੋਂ ਬਿਨਾਂ ਨਹੀਂ ਚੱਲ ਸਕਦਾ। ਹਰਿਆਣਾ ਦੇ ਅੰਬਾਲਾ ਨਾਲ ਸਬੰਧਿਤ ਸੀਨੀਅਰ ਭਾਜਪਾ ਆਗੂ ਦਾ ਡੇਰਾਬਸੀ 'ਚ ਹੈਰੋਇਨ ਨਾਲ ਫੜੇ ਜਾਣ ਨਾਲ 'ਆਪ' ਵਲੋਂ ਸ਼ੁਰੂ ਤੋਂ ਲਗਾਏ ਜਾ ਰਹੇ ਦੋਸ਼ਾਂ ਦੀ ਇਕ ਵਾਰ ਫਿਰ ਤੋਂ ਪੁਸ਼ਟੀ ਹੋ ਗਈ ਹੈ। ਭਗਵੰਤ ਮਾਨ ਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਅੰਦਰ ਵੱਖ-ਵੱਖ ਥਾਵਾਂ ਤੋਂ ਫੜੀ ਗਈ ਲਗਭਗ ਸੌ ਕਰੋੜ ਰੁਪਏ ਦੇ ਨਸ਼ੇ ਬਾਰੇ ਕਿਹਾ ਕਿ ਨਸ਼ਿਆਂ ਦੀ ਇੰਨੀ ਵੱਡੀ ਮਾਤਰਾ 'ਚ ਬਰਾਮਦਗੀ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਦੀ ਸ਼ਹਿ 'ਤੇ ਨਸ਼ਾ ਮਾਫ਼ੀਆ ਨੇ ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾ ਕੇ ਰੱਖ ਦਿੱਤਾ ਹੈ।