ਭਾਜਪਾ ਲੀਡਰ ਦਾ ਬਿਆਨ, ਪੰਜਾਬ ਦੇ ਭਲੇ ਲਈ ਅਕਾਲੀ-ਭਾਜਪਾ ਮਿਲ ਕੇ ਲੜੇ ਚੋਣ
Friday, Jan 31, 2020 - 06:54 PM (IST)
ਨੰਗਲ (ਚੋਵੇਸ਼ ਲਟਾਵਾ) : ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਦਾ ਰਿਸ਼ਤਾ ਅਤੁੱਟ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਬਣੀ ਹੈ ਤਾਂ ਸੂਬੇ ਵਿਚ ਅਮਨ ਸ਼ਾਂਤੀ ਆਈ ਹੈ। ਮਿੱਤਲ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਅਕਾਲੀ-ਭਾਜਪਾ ਗਠਜੋੜ ਨੂੰ ਮਿਲ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਜੰਮ ਕੇ ਤਾਰੀਫ ਕਰਦੇ ਹੋਏ ਕਿਹਾ ਕਿ ਬਾਦਲ ਦਾ ਸਿਆਸੀ ਕੱਦ ਇੰਨਾ ਵੱਡਾ ਹੈ ਕਿ ਉਨ੍ਹਾਂ ਦੇ ਬਰਾਬਰ ਦਾ ਕੋਈ ਹੋਰ ਲੀਡਰ ਨਹੀਂ ਹੈ।
ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਦੀ ਮੌਤ 'ਤੇ ਬੋਲਦੇ ਹੋਏ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਿਹੜਾ ਵੀ ਦੋਸ਼ੀ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਜਾਂਚ ਸੀ. ਬੀ. ਆਈ. ਜਾਂ ਕਿਸੇ ਹੋਰ ਵੱਡੀ ਏਜੰਸੀ ਤੋਂ ਕਰਵਾਉਣ ਕਿਉਂਕਿ ਇਸ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਨੇ ਕੈਪਟਨ ਸਰਕਾਰ ਦੇ ਮੰਤਰੀਆਂ ਦਾ ਜ਼ਿਕਰ ਕੀਤਾ ਹੈ ਅਤੇ ਅਜਿਹੇ 'ਚ ਕੈਪਟਨ ਨੂੰ ਚਾਹੀਦਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ।