ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ
Friday, May 01, 2020 - 01:03 PM (IST)
(ਕਿਸ਼ਤ ਛੱਬੀਵੀਂ)
ਤੇਰਾ ਸਦੜਾ ਸੁਣੀਜੈ....
ਪੰਡਤ ਹਰਿਦਿਆਲ ਜੀ ਜਵਾਬ ਦਿੱਤਾ, ਪੰਡਤ ਜੀ ! ਜਦੋਂ ਮੈਂ ਨਾਨਕ ਸਾਹਿਬ ਨੂੰ ਜਨੇਊ ਪਾਉਣ ਲਈ ਬਾਰ—ਬਾਰ ਕਹਿ ਰਿਹਾ ਸਾਂ ਤਾਂ ਉਸ ਵੇਲੇ ਮੇਰੇ ਮਨ ਵਿੱਚ ਵੀ ਇਹੋ ਸੰਸਾ ਅਤੇ ਡਰ ਤਾਰੀ ਸੀ। ਪਰ ਨਾਨਕ ਸਾਹਿਬ ਨੇ ਜੰਞੂ ਬਾਰੇ ਚਰਚਾ ਕਰਦਿਆਂ ਅਤੇ ਸਾਡੇ ਆਚਰਣ ਵਿੱਚ ਆਏ ਨਿਘਾਰ ’ਤੇ ਉਂਗਲ ਧਰਦਿਆਂ, ਇੰਦਰੀਆਂ ਦੇ ਸੰਜਮ ਅਤੇ ਉੱਚੇ—ਸੁੱਚੇ ਕਿਰਦਾਰ ਬਾਰੇ ਜਿਸ ਪ੍ਰਭਾਵਸ਼ਾਲੀ ਅਤੇ ਤਾਰਕਿਕ ਢੰਗ ਨਾਲ ਆਪਣੀ ਗੱਲ ਸਾਡੇ ਸਾਰਿਆਂ ਦੇ ਸਨਮੁੱਖ ਰੱਖੀ, ਨਿਰਸੰਦੇਹ ਉਸ ਵਿੱਚ ਦਮ ਹੈ, ਸੱਚਾਈ ਹੈ। ਸਾਡੇ ਲਈ ਇਸਨੂੰ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ।
ਮੇਰਾ ਮਨ ਕਹਿੰਦਾ ਹੈ ਕਿ ਜਿਸ ਪ੍ਰਕਾਰ ਤ੍ਰੇਤੇ ਦੇ ਅਵਤਾਰੀ ਪੁਰਸ਼ ਸ੍ਰੀ ਰਾਮ ਨੇ, ਜੰਗਲ ਦੇ ਤਥਾਕਥਿਤ ਉੱਚ ਜਾਤੀ ਦੇ ਰਿਸ਼ੀਆਂ ਦਾ ਜਾਤੀ ਅਭਿਮਾਨ ਤੋੜਨ ਹਿਤ, ਨੀਵੀਂ ਜਾਤ ਦੀ ਸਮਝੀ ਜਾਂਦੀ ਭੀਲਣੀ ਦੇ ਜੂਠੇ ਬੇਰ ਖਾਣ ਦਾ ਕੌਤਕ ਵਰਤਾਇਆ ਸੀ ਠੀਕ ਉਸੇ ਪ੍ਰਕਾਰ ਇਸ ਅਵਤਾਰੀ ਬਾਲਕੇ ਨਾਨਕ ਨੇ ਵੀ ਸਾਡੇ ਜਾਤੀ ਘੁਮੰਡ ਨੂੰ ਤੋੜਨ ਅਤੇ ਦੰਭੀ ਕਿਰਦਾਰ ਨੂੰ ਨੰਗਿਆਂ ਕਰਨ ਲਈ ਇਹ ਲੀਲ੍ਹਾ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਆਪਣੇ ਸਵਾਰਥੀ ਹਿਤਾਂ ਕਾਰਣ, ਆਪਾਂ ਲੋਕ ਉਨ੍ਹਾਂ ਦੇ ਇਸ ਵਰਤਾਰੇ ਦੇ ਪ੍ਰਯੋਜਨ ਨੂੰ ਸਮਝਣੋਂ ਅਸਮਰੱਥ ਰਹੇ ਹਾਂ।
ਸਾਥੀ ਦੀ ਗੱਲ ਧਿਆਨ ਨਾਲ ਸੁਣ ਰਹੇ ਪੰਡਤ ਬ੍ਰਿਜ ਨਾਥ ਜੀ ਨੇ ਲੰਮਾ ਸਾਹ ਲੈਂਦਿਆਂ ਵਚਨ ਕੀਤਾ, ਪੰਡਤ ਜੀਓ ! ਤੁਹਾਡੀ ਸਮਝ ਬਿਲਕੁਲ ਦਰੁਸਤ ਹੈ। ਮੈਨੂੰ ਵੀ ਇਵੇਂ ਹੀ ਜਾਪਦਾ ਹੈ। ਕੋਲ ਬੈਠੇ ਪੰਡਤ ਗੋਪਾਲ ਜੀ ਨੇ ਵੀ ਉਨ੍ਹ੍ਹਾਂ ਦੇ ਖ਼ਿਆਲ ਦੀ ਤਾਈਦ ਕਰਦਿਆਂ ਹੁੰਗਾਰਾ ਭਰਿਆ। ਆਖਣ ਲੱਗੇ, ਸਤਿਕਾਰਤ ਹਰਿਦਿਆਲ ਜੀਓ ! ਮੈਨੂੰ ਜਾਪਦੈ ਪਈ ਤੁਹਾਡੇ ਹਿਰਦੇ ਅੰਦਰ ਨਾਨਕ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਸਾਡੇ ਨਾਲੋਂ ਵਡੇਰਾ ਅਤੇ ਘਨੇਰਾ ਹੈ ਅਤੇ ਇਸ ਸ਼ਰਧਾ ਦੇ ਸ਼ਿੱਦਤ ਅਤੇ ਚਾਨਣੇ ਨੇ ਹੀ ਤੁਸਾਂ ਨੂੰ ਠੀਕ ਅਤੇ ਸਿੱਧਾ ਰਾਹ ਵਿਖਾਇਆ ਹੈ।
ਤਲਵੰਡੀ ਪਿੰਡ ਦੇ ਇਹ ਤਿੰਨੋ ਵਿਦਵਾਨ ਅਥਵਾ ਗੁਣੀ—ਜਨ, ਦਿਨ ਢਲੇ ਇਹ ਗੱਲਾਂ ਕਰ ਹੀ ਰਹੇ ਸਨ ਕਿ ਐਨ ਉਸੇ ਸਮੇਂ ਮੌਲਵੀ ਕੁਤਬੁੱਦੀਨ ਜੀ ਵੀ ਘੁੰਮਦੇ—ਘੁਮਾਉਂਦੇ ਉਧਰ ਆ ਨਿਕਲੇ ਅਤੇ ਚੱਲ ਰਹੀ ਬਾਤਚੀਤ ਵਿੱਚ ਸ਼ਾਮਲ ਹੋ ਗਏ। ਤੈ੍ਰਆਂ ਵਿਦਵਾਨਾਂ ਨੂੰ ਸੰਬੋਧਨ ਹੁੰਦਿਆਂ ਆਖਣ ਲੱਗੇ, ਪਿਆਰੇ ਮਿੱਤਰੋ ਅਤੇ ਗੁਣੀ ਜਨੋ ! ਤੁਹਾਡੇ ਵਾਂਗ ਮੈਂ ਵੀ ਨਾਨਕ ਨੂੰ ਉਰਦੂ ਅਤੇ ਫ਼ਾਰਸੀ ਪੜ੍ਹਾਇਆ ਹੈ ਅਤੇ ਉਸਨੂੰ ਨੇੜਿਉਂ ਤੱਕਿਆ ਹੈ। ਮੈਂ ਪਹਿਲਾਂ ਉਸਨੂੰ ਪੜ੍ਹਾਇਆ, ਪਿਛੋਂ ਉਸ ਪਾਸੋਂ ਆਪ ਪੜਿ੍ਹਆ ਅਤੇ ਸਿਜਦਾ ਕੀਤਾ ਹੈ। ਉਹ ਕੋਈ ਆਮ ਬੱਚਾ ਨਹੀਂ। ਉਸਦੀ ਖ਼ਿਆਲ ਉਡਾਰੀ ਕਮਾਲ ਹੈ। ਮੇਰੀ ਜਾਚੇ ਉਹ ਕੋਈ ਵਲੀ ਹੈ, ਔਲੀਆ ਹੈ, ਪੈਗ਼ੰਬਰ ਹੈ। ਦਿੱਲ ਦੀ ਸੱਚੀ ਗੱਲ ਦੱਸਾਂ, ਸਾਡੇ ਅਕੀਦੇ ਮੁਤਾਬਕ ਆਖ਼ਰੀ ਪੈਗ਼ੰਬਰ ਹੋ ਚੁੱਕਾ ਹੈ, ਨਹੀਂ ਤਾਂ ਮੈਂ ਖ਼ਬਰੇ ਹੁਣ ਤੱਕ ਇਹਨਾਂ ਨੂੰ ਐਲਾਨੀਆ ਵੀ ਪੈਗ਼ੰਬਰ ਕਹਿ ਚੁੱਕਾ ਹੁੰਦਾ। ਜੇ ਇਹ ਪੈਗ਼ੰਬਰ ਨਹੀਂ ਤਾਂ ਵਲੀ ਤਾਂ ਜ਼ਰੂਰ ਹੈ।
ਮੈਂ ਜਨੇਊ ਬਾਬਤ ਉਸਦਾ ਨਵਾਂ ਉਚਾਰਿਆ ਇਲਾਹੀ ਗੀਤ ਸੁਣਿਆ ਹੈ। ਸਾਡੇ ਅਖਾਉਤੀ ਧਾਰਮਿਕ ਲੋਕਾਂ, ਮੁੱਲਾਂ—ਮੁਲਾਂਣਿਆਂ ਅਤੇ ਬ੍ਰਾਹਮਣਾਂ ਦੇ ਦੰਭ, ਪਾਖੰਡ ਅਤੇ ਅਨੈਤਿਕ ਵਿਵਹਾਰ ਉੱਪਰ ਉਨ੍ਹਾਂ ਜਿਸ ਦਲੇਰੀ ਅਤੇ ਬੇਬਾਕੀ ਨਾਲ ਚੋਟ ਕੀਤੀ ਹੈ, ਉਹ ਕਾਬਲ—ਏ—ਤਾਰੀਫ਼ ਹੈ। ਦੁਨਿਆਵੀ ਬਾਹਰਮੁੱਖੀ ਸਰੀਰਕ ਜਨੇਊ ਪਹਿਨਣ ਦੀ ਥਾਂ ਉਸ ਜਿਸ ਪ੍ਰਕਾਰ ਦੇ ਅੰਤਰੀਵ ਰੂਹਾਨੀ ਜਨੇਊ ਦੇ ਪਹਿਨਣ ਦੀ ਵਕਾਲਤ ਕੀਤੀ ਹੈ, ਉਹ ਆਪਣੀ ਮਿਸਾਲ ਆਪ ਹੈ। ਬਿਨਾਂ ਸ਼ੱਕ ਉਹ ਕੋਈ ਪਾਕੀਜ਼ਾ ਰੂਹ ਹੈ। ਉਸਦੇ ਸ਼ਬਦਾਂ ਵਿੱਚ ਜੁੰਬਸ਼ ਹੈ। ਕਰਮਾਂ ਵਿੱਚ ਉਚਾਈ ਹੈ। ਖ਼ਾਨਾਪੂਰਤੀ, ਰਸਮਪ੍ਰਸਤੀ, ਮਹਿਜ਼ ਕਰਮ—ਕਾਂਡਵਾਦ ਵਿੱਚ ਉਸਦੀ ਰੂਹ ਭਿੱਜਦੀ ਨਹੀਂ। ਧਰਮ ਵਿੱਚ ਦੰਭ ਅਤੇ ਆਡੰਬਰ ਤਾਂ ਉਸਨੂੰ ਉੱਕਾ ਪਸੰਦ ਨਹੀਂ। ਇਸ ਮਾਮਲੇ ਵਿੱਚ ਉਹ ਲਿਹਾਜ਼ ਕਿਸੇ ਦਾ ਨਹੀਂ ਕਰਦਾ। ਨਾ ਹਿੰਦੂ ਪੋ੍ਰਹਤਾਂ ਦਾ ਅਤੇ ਨਾ ਹੀ ਮੁਸਲਮਾਨ ਮੁਲਾਂਣਿਆਂ ਦਾ।
ਪੰਡਤ ਹਰਿਦਿਆਲ ਜੀ, ਹਾਂ ਮੌਲਵੀ ਜੀ ! ਤੁਸੀਂ ਦਰੁਸਤ ਪਏ ਫ਼ਰਮਾਉਂਦੇ ਹੋ। ਅਸੀਂ ਤਿੰਨੇ ਵੀ ਇਹੋ ਗੱਲਾਂ ਪਏ ਕਰਦੇ ਸਾਂ ਕਿ ਨਾਨਕ ਜ਼ਰੂਰ ਕੋਈ ਅਵਤਾਰੀ ਪੁਰਸ਼ ਹੈ। ਤਲਵੰਡੀ ਪਿੰਡ ਦੇ ਇਹ ਚਾਰੋ ਸੂਝਵਾਨ ਅਤੇ ਦਾਨੇ ਬੰਦੇ ਜਦੋਂ ਇਹ ਗੱਲਾਂ ਪਏ ਕਰਦੇ ਸਨ ਤਾਂ ਏਨੇ ਨੂੰ ਜੰਗਲ ਵਾਲੇ ਪਾਸਿਉਂ ਇੱਕ ਬਹੁਤ ਹੀ ਮਿੱਠੀ, ਸੁਰੀਲੀ ਅਤੇ ਪਿਆਰੀ ਸੱਦ ਉੱਠੀ:
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ॥ਰਹਾਉ॥
ਜੈਸਾ ਬੀਜੈ ਸੋ ਲੂਣੇ ਜੋ ਖਟੇ ਸੋੁ ਖਾਇ॥
ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ॥
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ॥
ਫੇਰ ਆਵਾਜ਼ ਮੱਧਮ ਪੈ ਕੇ ਗੁੰਮ ਹੋ ਗਈ। ਚੁਫ਼ੇਰੇ ਚੁੱਪ ਪਸਰ ਗਈ। ਕੁੱਝ ਪਲਾਂ ਬਾਅਦ ਦੁਬਾਰਾ ਦਿਲ ਨੂੰ ਧੂਹ ਪਾਉਂਦੀ ਵੈਰਾਗਮਈ ਆਵਾਜ਼ ਗੂੰਜੀ:
ਤੇਰਾ ਸਦੜਾ ਸੁਣੀਜੈ.....................
ਜੈਸਾ ਬੀਜੈ ਸੋ ਲੁਣੈ ਜੋ ਖਟੇ ਸੋੁ ਖਾਇ॥
ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ॥
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ॥
ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ॥
ਇਹੁ ਤਨੁ ਵੇਚੀ ਬੈ ਕਰੀ ਜੋ ਕੋ ਲਏ ਵਿਕਾਇ॥
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ॥ਆਵਾਜ਼ ਨੇੜ੍ਹੇ ਆਉਂਦੀ ਆਉਂਦੀ ਏਨੀ ਨੇੜ੍ਹੇ ਆ ਗਈ ਕਿ ਸਦ ਲਾਉਣ ਵਾਲਾ ਸ਼ਖ਼ਸ (ਗੁਰੂ ਨਾਨਕ) ਇਨ੍ਹਾਂ ਚੌਹਾਂ ਜਣਿਆਂ ਦੇ ਵਿਚਕਾਹੇ ਆਣ ਖੜੋ ਗਿਆ। ਸਾਰਿਆਂ ਵੱਲ ਅਦਬ ਅਤੇ ਤਰਸ ਨਾਲ ਤੱਕਿਆ, ਜ਼ਰਾ ਕੁ ਸਿਰ ਨਿਵਾ ਅਦਾਬ ਕੀਤਾ, ਨਮਸਕਾਰ ਕੀਤਾ। ਚਾਰੇ ਜਣੇ ਉਸੇ ਵੇਲੇ ਉਠ ਖਲੋਤੇ ਅਤੇ ਸਤਿਕਾਰ ਨਾਲ ਝੁਕ ਗਏ। ਗੁਰੂ ਨਾਨਕ ਸਾਹਿਬ ਦੀ ਨੇੜ੍ਹਤਾ ਵਿੱਚ ਵਿਗਸੇ ਅਤੇ ਰੁਸ਼ਨਾਏ ਮੌਲਵੀ ਜੀ ਬੋਲੇ, “ਅਜ਼ੀਜ਼ ਨਾਨਕ ! ਤੈਨੂੰ ਅਸਾਂ ਪੜ੍ਹਾਇਆ ਇਲਮ ਗ਼ੈਰ ਖ਼ਾਲਸ। ਪਰ ਤੇਰੀ ਰੂਹ ਨੇ ਉਸ ਦੇ ਬਦਲੇ ਸਾਨੂੰ ਸੁਣਾਇਆ ਇਲਮ—ਖ਼ਾਲਸ, ਨਾਦ ਇਲਾਹੀ, ਤੂੰ ਧੰਨ ਹੈਂ !”
ਹਿਰਦੇ ਦੇ ਧੁਰ ਅੰਦਰੋਂ ਨਿਕਲੇ ਮੌਲਵੀ ਜੀ ਦੇ ਇਹ ਵਚਨ ਸੁਣ ਦੈਵੀ ਨੌਜਵਾਨ (ਨਾਨਕ ਨਿਰੰਕਾਰੀ) ਦੇ ਨੈਣ ਕਟੋਰੇ ਭਰ ਆਏ, ਅਰਸ਼ਾਂ ਵੱਲ ਉਠੇ, ਚਾਰ—ਚੁਫ਼ੇਰੇ ਫਿਰੇ, ਫਿਰ ਮੁੰਦੇ ਗਏ ਅਤੇ ਇਹ ਪਿਆਰੀ ਧੁਨ ਮੁੜ ਉੱਠੀ:
ਤੇਰਾ ਸਦੜਾ ਸੁਣੀਜੈ......................
ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ॥
ਤਪੀਆ ਹੋਵੈ ਤਪੁ ਕਰੇ ਤੀਰਥ ਮਲਿ ਮਲਿ ਨਾਇ॥
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ॥
ਬੇਸ਼ਕੀਮਤੀ ਲੋਕ—ਕਥਨ ਹੈ, ਸਾਧ ਚਲਦੇ ਭਲੇ, ਨਗਰ—ਖੇੜਾ ਵਸਦਾ ਭਲਾ। ਇਸ ਦੀ ਤਰਜਮਾਨੀ ਕਰਦਿਆਂ ਨਾਨਕ ਸਾਹਿਬ ਉਪਰੋਕਤ ਸ਼ਬਦ ਗਾਉਂਦੇ—ਗਾਉਂਦੇ ਆਪਣੇ ਘਰ ਵੱਲ ਨੂੰ ਰਵਾਨਾ ਹੋ ਗਏ। ਗਰਾਂ ਦੇ ਚਾਰੇ ਗੁਣੀ—ਜਨ ਅਸਚਰਜ ਸਵਾਦ ਵਿੱਚ ਡੁੱਬੇ, ਉਦੋਂ ਤੱਕ ਥਾਂਏਂ ਕੀਲੇ ਰਹੇ ਜਦੋਂ ਤੱਕ ਓਹ ਅੱਖੋਂ ਓਹਲੇ ਨਾ ਹੋ ਗਏ। ਪਵਿੱਤਰਤਾ ਦੇ ਸਰੂਰ ਵਿੱਚ ਗੜੁੱਚ ਮੌਲਵੀ ਸਾਹਿਬ ਨੂੰ ਮੱਕੇ ਦਾ ਹੱਜ ਹੋ ਜਾਣ ਜਿਹਾ ਅਹਿਸਾਸ ਹੋਇਆ। ਤਿੰਨਾਂ ਪੰਡਤਾਂ ਨੂੰ ਲੱਗੇ ਜਿਵੇਂ ਗੰਗਾ ਨਹਾ ਲਈ ਹੋਵੇ।
ਚਲਦਾ...........
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143—01328