ਰੂਹ ਕੰਬਾਊ ਵਾਰਦਾਤ: ਸਿਰਫ਼ਿਰੇ ਨੇ ਨਾਬਾਲਗ ਦੇ ਗੁਪਤ ਅੰਗ 'ਚ ਭਰੀ ਹਵਾ, ਮੌਤ
Monday, Nov 16, 2020 - 10:11 AM (IST)
 
            
            ਅਜਨਾਲਾ (ਫ਼ਰਿਆਦ): ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਵੰਝਾਂਵਾਲਾ ਦੇ ਇਕ ਸਿਰਫਿਰੇ ਨੌਜਵਾਨ ਨੇ ਪਿੰਡ ਗੱਗੋਮਾਹਲ ਵਿਖੇ ਵੈਲਡਿੰਗ ਦੀ ਦੁਕਾਨ 'ਤੇ ਕੰਮ ਕਰਦੇ ਅਤੇ ਸੱਤਵੀਂ ਜਮਾਤ ਪੜ੍ਹਦੇ ਲੜਕੇ ਦੀ ਪਖਾਨੇ ਵਾਲੀ ਜਗ੍ਹਾ 'ਚ ਨੋਜਲ ਨਾਲ ਹਵਾ ਭਰ ਦਿੱਤੀ, ਜਿਸ ਕਾਰਣ ਉਸਦੀ ਮੌਤ ਹੋ ਗਈ। ਮ੍ਰਿਤਕ ਮੁੰਡੇ ਦੇ ਪਿਤਾ ਪ੍ਰਮਜੀਤ ਸਿੰਘ ਵਾਸੀ ਗੱਗੋਮਾਹਲ ਨੇ ਥਾਣਾ ਰਮਦਾਸ ਦੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਸਭ ਤੋਂ ਛੋਟਾ ਮੁੰਡਾ ਅਨਮੋਲਪ੍ਰੀਤ ਸਿੰਘ (10-12 ਸਾਲ) ਸੱਤਵੀਂ ਜਮਾਤ 'ਚ ਸਰਕਾਰੀ ਸਕੂਲ ਗੱਗੋਮਾਹਲ ਵਿਖੇ ਪੜ੍ਹਦਾ ਸੀ ਅਤੇ ਅੱਡਾ ਗੱਗੋਮਾਹਲ ਵਿਖੇ ਮਲਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸ਼ਾਮਪੁਰ ਦੀ ਵੈਲਡਿੰਗ ਦੀ ਦੁਕਾਨ 'ਤੇ ਕੰਮ ਸਿੱਖਣ ਲਈ ਜਾਂਦਾ ਸੀ। 14 ਨਵੰਬਰ ਨੂੰ ਉਹ ਆਪਣੇ ਮੁੰਡੇ ਅਨਮੋਲਪ੍ਰੀਤ ਸਿੰਘ ਨੂੰ 8 ਵਜੇ ਸਵੇਰੇ ਮਲਵਿੰਦਰ ਦੀ ਦੁਕਾਨ 'ਤੇ ਛੱਡਣ ਗਿਆ ਸੀ ਪਰ ਦੁਕਾਨ ਬੰਦ ਹੋਣ ਕਰ ਕੇ ਉਸਨੇ ਆਪਣੇ ਲੜਕੇ ਨੂੰ ਦੁਕਾਨ ਦੇ ਬਾਹਰ ਉਤਾਰ ਦਿੱਤਾ ਅਤੇ ਆਪ ਮੇਨ ਬਾਜ਼ਾਰ ਗੱਗੋਮਾਹਲ ਵਿਖੇ ਚਲਾ ਗਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਵਾਲਮੀਕਿ ਮੰਦਿਰ ’ਤੇ ਇਕ ਭਾਈਚਾਰੇ ਦੇ ਲੋਕਾਂ ਵੱਲੋਂ ਹਮਲਾ, ਮਾਰੀਆ ਬੋਤਲਾਂ
10-15 ਮਿੰਟ ਬਾਅਦ ਜਦੋਂ ਉਹ ਬਾਜ਼ਾਰ 'ਚੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਮਲਵਿੰਦਰ ਸਿੰਘ ਦੀ ਦੁਕਾਨ ਨਜ਼ਦੀਕ ਮਨਜਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਚਾਹੜਪੁਰ ਦੀ ਪੈਂਚਰਾਂ ਵਾਲੀ ਦੁਕਾਨ 'ਤੇ ਉਸਦੇ ਬੇਟੇ ਅਨਮੋਲਪ੍ਰੀਤ ਸਿੰਘ ਦਾ ਪਜਾਮਾ ਉਤਾਰਿਆ ਹੋਇਆ ਸੀ ਅਤੇ ਉਹ ਜ਼ਮੀਨ 'ਤੇ ਪੇਟ ਭਾਰ ਪਿਆ ਹੋਇਆ ਸੀ ਅਤੇ ਮੇਰੇ ਮੁੰਡੇ ਦੇ ਪਖਾਨੇ ਵਾਲੀ ਜਗ੍ਹਾ 'ਚ ਮੁਲਜ਼ਮ ਸਵਰਨਪ੍ਰੀਤ ਨੇ ਹਵਾ ਵਾਲੀ ਨੋਜਲ ਧੱਕੀ ਹੋਈ ਸੀ ਅਤੇ ਉਸਦੇ ਵੇਖਦਿਆਂ-ਵੇਖਦਿਆਂ ਉਕਤ ਮੁਲਜ਼ਮ ਨੇ ਉਸਦੇ ਲੜਕੇ ਦੇ ਪੇਟ ਵਿਚ ਨੋਜਲ ਰਾਹੀਂ ਹਵਾ ਭਰ ਦਿੱਤੀ । ਰੌਲਾ ਪਾਉਣ 'ਤੇ ਉਕਤ ਮੁਲਜ਼ਮ ਨੋਜਲ ਛੱਡ ਕੇ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਮਨਜਿੰਦਰ ਸਿੰਘ ਵੀ ਆਪਣੀ ਦੁਕਾਨ 'ਤੇ ਆ ਗਿਆ ਅਤੇ ਉਹ ਉਸਦੇ ਬੇਟੇ ਨੂੰ ਸਿਵਲ ਹਸਪਤਾਲ ਅਜਨਾਲਾ ਵਿਖੇ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਉਪਰੰਤ ਉਸਨੂੰ ਕਿਸੇ ਹੋਰ ਹਸਪਤਾਲ ਲੈ ਕੇ ਜਾਣ ਲਈ ਕਿਹਾ। ਉਹ ਉਸਨੂੰ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਲੈ ਕੇ ਗਏ ਪਰ ਉਸਦੇ ਲੜਕੇ ਦੀ ਜ਼ੇਰੇ ਇਲਾਜ ਹੋਣ ਦੌਰਾਨ ਹੀ ਹਸਪਤਾਲ 'ਚ ਮੌਤ ਹੋ ਗਈ । ਉਧਰ ਪੁਲਸ ਥਾਣਾ ਰਮਦਾਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਸਵਰਨਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਵੰਝਾਂਵਾਲਾ ਥਾਣਾ ਅਜਨਾਲਾ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਕਾਬੂ ਕਰਨ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਤਿਉਹਾਰ ਮੌਕੇ ਘਰ 'ਚ ਪਏ ਕੀਰਨੇ, ਕਰਜ਼ੇ ਤੋਂ ਦੁਖੀ ਕਿਸਾਨ ਜੋੜੇ ਨੇ ਚੁੱਕਿਆ ਖ਼ੌਫ਼ਨਾਕ ਕਦਮ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            