ਅੰਮ੍ਰਿਤਸਰ ''ਚ ਗਰਜੇ ਸੁਖਬੀਰ ਬਾਦਲ, ਕੈਪਟਨ ਨੂੰ ਲਾਏ ਰਗੜੇ
Thursday, Feb 13, 2020 - 07:36 PM (IST)

ਅਜਨਾਲਾ : ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਰਾਜਾਸਾਂਸੀ 'ਚ ਕਾਂਗਰਸ ਖਿਲਾਫ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਮਕਸਦ ਜਨਤਾ ਦੀ ਸੇਵਾ ਕਰਨਾ ਹੁੰਦਾ ਹੈ ਨਾ ਕਿ ਐਸ਼ ਕਰਨਾ। ਉਨ੍ਹਾਂ ਕਿਹਾ ਕਿ ਤਿੰਨ ਸਾਲ ਹੋ ਚੁੱਕੇ ਨੇ ਕੈਪਟਨ ਦੀ ਸਰਕਾਰ ਆਈ ਨੂੰ ਪਰ ਅੱਜ ਤੱਕ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲਣ ਨਹੀਂ ਪਹੁੰਚੇ। ਕੈਪਟਨ ਨੇ ਲੋਕਾਂ ਨੂੰ ਅੱਜ ਤੱਕ ਇਕ ਵੀ ਸਹੂਲਤ ਨਹੀਂ ਦਿੱਤੀ ਜਦਕਿ ਜੋ ਸਾਡੀ ਸਰਕਾਰ ਵਲੋਂ ਸਹੂਲਤਾਂ ਦਿੱਤੀਆਂ ਗਈਆਂ ਸਨ ਉਹ ਵੀ ਬੰਦ ਕਰ ਦਿੱਤੀਆਂ। ਕੈਪਟਨ ਨੇ ਝੂਠ ਬੋਲ ਕੇ ਲੋਕਾਂ ਨੂੰ ਫਸਾਇਆ ਹੈ ਤੇ ਗੁਟਕਾ ਸਾਹਿਬ ਦੀ ਝੂਠੀਆਂ ਕਸਮਾਂ ਖਾਧੀਆਂ ਹਨ। ਕੈਪਟਨ ਸਰਕਾਰ ਵਲੋਂ ਬਿਜਲੀ ਦੀਆਂ ਕੀਮਤਾਂ 'ਚ ਵਾਧੇ ਕਾਰਨ ਸੂਬੇ ਦੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ।
ਇੱਥੇ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੁਆਰਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਅੱਜ ਰਾਜਾਸਾਂਸੀ 'ਚ ਰੋਸ ਰੈਲੀ ਕੀਤੀ ਗਈ ਹੈ।ਇਸ ਰੈਲੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਸਮੇਤ ਅਨੇਕਾਂ ਪਾਰਟੀ ਆਗੂ ਮੌਜੂਦ ਹਨ। ਇਸ ਰੋਸ ਰੈਲੀ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੋਕਾਂ ਦਾ ਵੱਡਾ ਇਕੱਠ ਜੁਟਿਆ ਹੈ।