ਫੂਲਕਾ ਸਮੇਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਾਂਗਰਸ-ਬਾਦਲ ਦੀ ਬੀ ਟੀਮ : ਭਾਈ ਵਡਾਲਾ

02/23/2019 10:16:01 AM

ਅਜਨਾਲਾ (ਬਾਠ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੇ ਸਿੱਖ ਗੁਰਧਾਮਾਂ 'ਤੇ ਕਾਬਜ਼ ਨਰੈਣੂ ਮਹੰਤ ਦੇ ਕਥਿਤ ਵਾਰਿਸ ਬਾਦਲ ਦਲੀਆਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਸਿੱਖ ਸਦਭਾਵਨਾ ਦਲ ਵਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਿੱਢੀ ਗਈ ਹੈ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਤੇ 24 ਫਰਵਰੀ ਨੂੰ ਸਾਕਾ ਨਨਕਾਣਾਦੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਸਮੇਤ ਸਾਕੇ ਦੇ ਬਾਕੀ ਸ਼ਹੀਦਾਂ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਿੰਡ ਧਾਰੋਵਾਲ ਬਟਾਲਾ ਜ਼ਿਲਾ ਗੁਰਦਾਸਪੁਰ ਦੇ ਸਥਾਨਕ ਗੁਰਦੁਆਰਾ ਕਾਲਿਆਂ ਵਾਲਾ ਸ਼ਹੀਦੀ ਖੂਹ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ ਦੀ ਅਗਵਾਈ 'ਚ ਮੀਟਿੰਗ ਕਰਵਾਈ ਗਈ। ਇਸ  ਪ੍ਰਭਾਵਸ਼ਾਲੀ ਮੀਟਿੰਗ 'ਚ ਉਚੇਚੇ ਤੌਰ 'ਤੇ ਪਹੁੰਚੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਤੇ ਪ੍ਰਸਿੱਧ ਕਥਾਵਾਚਕ ਭਾਈ ਬਲਦੇਵ ਸਿੰਘ ਵਡਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ 1921 'ਚ ਗੁਰੂ ਘਰ ਦੇ ਮਹਾਨ ਸਿੱਖ ਭਾਈ ਲਛਮਣ ਸਿੰਘ ਧਾਰੋਵਾਲ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਇਤਿਹਾਸ ਸਿਰਜਦਿਆਂ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਉਣ ਦਾ ਮੁੱਢ ਬੰਨ੍ਹਿਆ ਸੀ, ਜਿਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਅੱਜ ਫਿਰ ਗੁਰਦੁਆਰਿਆਂ 'ਤੇ ਕਾਬਜ਼ ਮਹੰਤਾਂ ਦੇ ਰੂਪ 'ਚ ਡੇਰਾ ਜਮਾਈ ਬੈਠੇ ਅਖੌਤੀ ਪੰਥਕ (ਬਾਦਲ ਦਲੀਆਂ) ਨੂੰ ਲਾਂਭੇ ਕਰ ਕੇ ਪੰਥ ਦੀ ਆਜ਼ਾਦ ਹਸਤੀ ਨੂੰ ਬਰਕਰਾਰ ਰੱਖਣ ਲਈ ਲਹਿਰ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇ। 

ਉਨ੍ਹਾਂ ਐੱਚ. ਐੱਸ. ਫੂਲਕਾ ਤੇ ਨਵੇਂ ਅਕਾਲੀ ਟਕਸਾਲੀ ਦਲਾਂ ਨੂੰ ਕਾਂਗਰਸ ਤੇ ਬਾਦਲ ਦਲੀਆਂ ਦੀ ਸਿਆਸੀ ਬੀ ਪਾਰਟੀ ਦੱਸਦਿਆਂ ਕਿਹਾ ਕਿ ਗੰਦੀ ਰਾਜਨੀਤੀ ਤੇ ਸੌੜੇ ਹਿੱਤਾਂ ਨਾਲ ਲਬਰੇਜ਼ ਇਹ ਰਾਜਸੀ ਨੇਤਾ ਕਿਹੜੀ ਗੰਗਾ ਹੈ ਜਿਸ 'ਚ ਨਹਾ ਕੇ ਰਾਤੋ-ਰਾਤ ਆਪਣੇ-ਆਪ ਨੂੰ ਪਾਕ-ਸਾਫ ਦੱਸ ਕੇ ਪੰਥ ਦਾ ਹੇਜ਼ ਜਤਾਉਣ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਰਾਜਨੀਤੀ ਤੋਂ ਪ੍ਰੇਰਿਤ ਕੁਰਸੀ ਲਈ ਦੌੜ-ਭਜਾਈ ਕਰ ਰਹੇ ਹਨ। ਭਾਈ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿੱਖ ਸਦਭਾਵਨਾ ਦਲ ਵਲੋਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਲੜੀਆਂ ਜਾਣਗੀਆਂ ਤੇ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੀ ਲੜੀ ਨੂੰ ਹੋਰ ਮਜ਼ਬੂਤ ਰਾਹਾਂ 'ਤੇ ਪਾਇਆ ਜਾਵੇਗਾ।


Baljeet Kaur

Content Editor

Related News