ਗੁਰਦੁਆਰਾ ਮੰਗੂ ਮੱਠ ਮਾਮਲੇ ''ਚ SGPC ਹੋਈ ਨਖਿੱਧ ਸਾਬਤ : ਅਜਨਾਲਾ

01/05/2020 1:09:22 PM

ਅਜਨਾਲਾ (ਬਾਠ) : ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਸਮੇਂ-ਸਮੇਂ 'ਤੇ ਸਿੱਖ ਹਿੱਤਾਂ ਦੀ ਡੱਟ ਕੇ ਪਹਿਰੇਦਾਰੀ ਕਰਨ ਵਾਲੇ ਸਰਬੱਤ ਖਾਲਸਾ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਥਾਪੇ ਜਥੇਦਾਰ ਸਿੰਘ ਸਾਹਿਬ ਬਾਬਾ ਅਮਰੀਕ ਸਿੰਘ ਅਜਨਾਲਾ ਨੇ ਅੱਜ ਇੱਥੇ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਹੈੱਡਕੁਆਰਟਰ ਵਿਖੇ ਬੁਲਾਈ ਗਈ ਪ੍ਰੈੱਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਓਡੀਸ਼ਾ ਸੂਬੇ ਦੇ ਸ਼ਹਿਰ ਭੁਵਨੇਸ਼ਵਰ 'ਚ ਸਥਿਤ ਗੁਰਦੁਆਰਾ ਮੰਗੂ ਮੱਠ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਪੂਰਨ ਸਹਿਮਤੀ ਤੋਂ ਬਾਅਦ ਓਡੀਸ਼ਾ ਸਰਕਾਰ ਵਲੋਂ ਢਾਹ ਦਿੱਤਾ ਗਿਆ ਹੈ, ਦੇ ਸਾਰੇ ਮਾਮਲੇ ਲਈ ਸਿੱਧੇ ਰੂਪ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਅਮਲਾ ਜ਼ਿੰਮੇਵਾਰ ਹੈ।

ਭਾਈ ਅਜਨਾਲਾ ਨੇ ਕਿਹਾ ਕਿ ਬੀਤੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਕਤ ਗੁਰਦੁਆਰਾ ਸਾਹਿਬ ਲਈ ਨਿਰਧਾਰਤ ਕੀਤੀ ਗਈ ਜਾਂਚ ਕਮੇਟੀ ਨੇ ਉਕਤ ਮਾਮਲੇ ਬਾਰੇ ਗਲਤ ਰਿਪੋਰਟ ਜਨਤਕ ਕਰਦਿਆਂ ਕਿਹਾ ਸੀ ਕਿ ਉਕਤ ਗੁਰਦੁਆਰੇ ਦਾ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਨਾਲ ਕੋਈ ਸਬੰਧ ਨਹੀਂ ਹੈ, ਜਿਸ ਤੋਂ ਬਾਅਦ ਓਡੀਸ਼ਾ ਸਰਕਾਰ ਵੱਲੋਂ ਗੁਰਦੁਆਰਾ ਮੰਗੂ ਮੱਠ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਿੱਖ ਕੌਮ ਪਹਿਲਾਂ ਹੀ 4 ਇਤਿਹਾਸਕ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਣ ਗਵਾ ਚੁੱਕੀ ਹੈ। ਉਨ੍ਹਾਂ ਦੇਸ਼-ਵਿਦੇਸ਼ 'ਚ ਵੱਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਓਡੀਸ਼ਾ ਸਰਕਾਰ ਅਤੇ ਓਡੀਸ਼ਾ ਸਿੱਖ ਪ੍ਰਤੀਨਿਧੀ ਬੋਰਡ ਹੁਣ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਜ਼ਮੀਨ ਦੇਣ ਲਈ ਤਿਆਰ ਹੈ। ਸਮੂਹ ਸੰਗਤਾਂ ਉਕਤ ਧਾਰਮਕ ਮਾਮਲੇ ਦੀ ਆਪ ਪੈਰਵਾਈ ਕਰ ਕੇ ਗੁਰਦੁਆਰਾ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਨੂੰ ਬਰਕਰਾਰ ਰੱਖਣ 'ਚ ਪਹਿਲ ਕਦਮੀ ਕਰਨ। ਇਸ ਮੌਕੇ ਜੱਗਾ ਸਿੰਘ ਰਾਜੀਆਂ, ਮੁਖਤਿਆਰ ਸਿੰਘ, ਸਰਵਣ ਸਿੰਘ, ਮੇਜਰ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।


Baljeet Kaur

Content Editor

Related News