ਦੋਆਬੇ ਦਾ ਮਾਣ ਸਨ ਜਥੇਦਾਰ ਕੋਹਾੜ: ਅਮਰਜੀਤ ਸਿੱਧੂ

02/07/2018 11:47:50 AM

ਜਲੰਧਰ (ਮਹੇਸ਼)— ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਮੀਡੀਆ ਇੰਚਾਰਜ ਅਤੇ ਬੁਲਾਰੇ ਅਮਰਜੀਤ ਸਿੱਧੂ ਨੇ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਪਿਛਲੇ 20 ਸਾਲਾਂ ਤੋਂ ਲਗਾਤਾਰ ਵਿਧਾਇਕ ਚੱਲੇ ਆ ਰਹੇ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਜਥੇਦਾਰ ਕੋਹਾੜ ਸਮੁੱਚੇ ਦੋਆਬੇ ਦਾ ਮਾਣ ਸਨ, ਜਿਨ੍ਹਾਂ ਦੀ ਮੌਤ ਨਾਲ ਪੂਰੇ ਦੋਆਬੇ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਪਾਰਟੀ ਨੂੰ ਵੀ ਵੱਡੀ ਦੇਣ ਸੀ। ਉਹ ਬਹੁਤ ਹੀ ਜੁਝਾਰੂ ਅਤੇ ਮਿਹਨਤੀ ਸਿਆਸਤਦਾਨ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕੀਤਾ ਅਤੇ ਪਾਰਟੀ ਵੱਲੋਂ ਸੌਂਪੀ ਗਈ ਹਰ ਡਿਊਟੀ ਨੂੰ ਖਿੜੇ ਮੱਥੇ ਨਿਭਾਇਆ। ਅਮਰਜੀਤ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਕ ਬਹੁਤ ਵੱਡਾ ਨੇਤਾ ਗੁਆ ਲਿਆ ਹੈ। ਉਹ ਲੰਬੇ ਸਮੇਂ ਤੋਂ ਜ਼ਿਲਾ ਅਕਾਲੀ ਜਥਾ ਦਿਹਾਤੀ ਦੇ ਪ੍ਰਧਾਨ ਦੀ ਜ਼ਿੰਮੇਦਾਰੀ ਨੂੰ ਵੀ ਨਿਭਾਅ ਰਹੇ ਸਨ। ਉਹ 75 ਸਾਲ ਤੋਂ ਵੱਧ ਉਮਰ ਦੇ ਹੋਣ ਦੇ ਬਾਵਜੂਦ ਵੀ ਹਰ ਸਮੇਂ ਨੌਜਵਾਨਾਂ ਵਾਂਗ ਐਕਟਿਵ ਰਹਿੰਦੇ ਸਨ। ਉਹ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਜਿੰਦ-ਜਾਨ ਸਨ।
ਇੰਗਲੈਂਡ ਦੇ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਵਲੋਂ ਦੁੱਖ ਪ੍ਰਗਟ: 
ਇੰਗਲੈਂਡ ਦੇ ਹਲਕਾ ਸਲੋਹ ਤੋਂ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਵੀ ਪੰਜਾਬ ਦੇ ਥੰਮ੍ਹ ਸਿਆਸਤਦਾਨ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਹੋਈ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨਾਲ ਜਥੇਦਾਰ ਕੋਹਾੜ ਦੀ ਬਹੁਤ ਜ਼ਿਆਦਾ ਨੇੜਤਾ ਸੀ। ਢੇਸੀ ਪਰਿਵਾਰ ਨੂੰ ਸਿਆਸਤ ਦੇ ਗੁਰ ਵੀ ਉਨ੍ਹਾਂ ਤੋਂ ਹੀ ਮਿਲੇ ਸਨ। ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਜਥੇਦਾਰ ਕੋਹਾੜ ਵਰਗਾ ਬਹੁਤ ਹੀ ਕਾਬਲ ਨੇਤਾ ਸ਼ਾਇਦ ਹੀ ਕੋਈ ਹੋਰ ਹੋਵੇਗਾ। ਉਹ ਲੋਕਾਂ ਨਾਲ ਪਾਏ ਡਾਢੇ ਮੋਹ ਸਦਕਾ ਹੀ ਲਗਾਤਾਰ ਪੰਜ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ। ਕਾਂਗਰਸ ਦੀਆਂ ਸਰਕਾਰਾਂ ਸਮੇਂ ਵੀ ਉਨ੍ਹਾਂ ਨੇ ਆਪਣੀ ਜਿੱਤ ਨੂੰ ਬਰਕਰਾਰ ਰੱਖਿਆ। 
ਇਸੇ ਦੌਰਾਨ ਤਨਮਨਜੀਤ ਸਿੰਘ ਢੇਸੀ ਦੇ ਇੰਗਲੈਂਡ ਵਿਚ ਵਸਦੇ ਪਿਤਾ ਉਘੇ ਕਾਰੋਬਾਰੀ ਜਸਪਾਲ ਸਿੰਘ ਢੇਸੀ, ਮਾਤਾ ਸਰਦਾਰਨੀ ਦਲਵਿੰਦਰ ਕੌਰ ਢੇਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਜਲੰਧਰ ਨੇ ਵੀ ਜਥੇਦਾਰ ਕੋਹਾੜ ਨਾਲ ਆਪਣੇ ਪਰਿਵਾਰ ਦੀ ਸਾਂਝ ਨੂੰ ਤਾਜ਼ਾ ਕੀਤਾ। ਉਨ੍ਹਾਂ ਨੇ ਕਿਹਾ ਕਿ ਢੇਸੀ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਨਾਲ ਬਹੁਤ ਵੱਡਾ ਸਦਮਾ ਪੁੱਜਾ ਹੈ ਕਿਉਂਕਿ ਉਹ ਉਨ੍ਹਾਂ ਦੇ ਪਰਿਵਾਰ ਦਾ ਹੀ ਇਕ ਹਿੱਸਾ ਸਨ। ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਕੋਹਾੜ ਵਰਗੇ ਕੱਦਾਵਰ ਨੇਤਾ ਇਸ ਦੁਨੀਆ ਵਿਚ ਬਹੁਤ ਘੱਟ ਜਨਮ ਲੈਂਦੇ ਹਨ।


Related News