ਡੋਨਾ ਹੱਤਿਆਕਾਂਡ, 18 ਦਿਨ ਬਾਅਦ ਵੀ ਮੁਲਜ਼ਮਾਂ ਤੱਕ ਪਹੁੰਚਣ ''ਚ ਅਸਫਲ ਰਹੀ ਪੁਲਸ
Monday, Aug 13, 2018 - 01:35 PM (IST)

ਜਲੰਧਰ (ਮਹੇਸ਼)— 18 ਦਿਨ ਪਹਿਲਾਂ 27 ਜੁਲਾਈ ਦੀ ਸ਼ਾਮ ਨੂੰ ਕਰਲ ਜਿਮ ਬਾਹਰ ਰਾਮਾ ਮੰਡੀ 'ਚ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕੀਤੀ ਗਈ ਅਜੇ ਕੁਮਾਰ ਡੋਨਾ ਦੀ ਹੱਤਿਆ ਦੇ ਮਾਮਲੇ 'ਚ ਫਰਾਰ ਮੁੱਖ ਮੁਲਜ਼ਮ ਅਰਜੁਨ ਸਹਿਗਲ ਅਤੇ ਉਸ ਦੇ ਦੋ ਹੋਰ ਫਰਾਰ ਸਾਥੀਆਂ ਤੱਕ ਪਹੁੰਚਣ 'ਚ ਅਜੇ ਤੱਕ ਕਮਿਸ਼ਨਰੇਟ ਪੁਲਸ ਨਾਕਾਮ ਸਾਬਤ ਹੋਈ ਹੈ ਹਾਲਾਂਕਿ ਕਮਿਸ਼ਨਰੇਟ ਪੁਲਸ ਨੇ ਡੋਨਾ ਦੀ ਹੱਤਿਆ ਦੇ ਮਾਮਲੇ 'ਚ 2 ਅਗਸਤ ਨੂੰ ਜਗਦੀਪ ਸਿੰਘ ਉਰਫ ਜੱਗਾ, ਯੋਗਰਾਜ ਸਿੰਘ ਜੋਗਾ ਅਤੇ ਮੁਕੇਸ਼ ਕੁਮਾਰ ਲਾਲਾ ਦੀ ਗ੍ਰਿਫਤਾਰੀ ਦਿਖਾ ਦਿੱਤੀ ਸੀ। ਇਸ ਦੇ ਨਾਲ ਹੀ ਪ੍ਰੈੱਸ ਕਾਨਫਰੰਸ 'ਚ ਦਾਅਵਾ ਕੀਤਾ ਸੀ ਕਿ ਇਸ ਮਾਮਲੇ ਨਾਲ ਜੁੜੇ ਹੋਏ ਮੁਖ ਮੁਲਜ਼ਮ ਅਰਜੁਨ ਸਹਿਗਲ ਜਿਸ 'ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਅੱਧੀ ਦਰਜਨ ਤੋਂ ਜ਼ਿਆਦਾ ਕੇਸ ਦਰਜ ਹਨ ਅਤੇ ਉਸ ਦੇ ਦੋ ਸਾਥੀਆਂ ਗੁਰਵਿੰਦਰ ਸਿੰਘ ਬਾਬਾ (6 ਮਾਮਲਿਆਂ 'ਚ ਨਾਮਜ਼ਦ) ਤੇ ਮੁਕੁਟ ਸ਼ੇਰਗਿਲ ਦਿਓਲ ਨਗਰ (ਜਿਸ 'ਤੇ ਪਹਿਲਾਂ ਕੋਈ ਕੇਸ ਨਹੀਂ ਹੈ) ਨੂੰ ਜਲਦ ਹੀ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਸੀ ਜਦਕਿ ਇਸ ਗੱਲ ਨੂੰ ਵੀ ਅੱਜ ਕਈ ਦਿਨ ਬੀਤ ਚੁੱਕੇ ਹਨ ਪਰ ਪੁਲਸ ਦੇ ਹੱਥ ਪੂਰੀ ਤਰ੍ਹਾਂ ਖਾਲੀ ਹਨ।
ਪੁਲਸ ਨੇ ਗ੍ਰਿਫਤਾਰ ਕੀਤੇ ਜਗਦੀਪ ਸਿੰਘ ਜੱਗਾ, ਮੁਕੇਸ਼ ਕੁਮਾਰ ਲਾਲਾ ਤੇ ਪ੍ਰੋਡਕਸ਼ਨ ਵਾਰੰਟ 'ਤੇ ਹੁਸ਼ਿਆਰਪੁਰ ਜੇਲ ਤੋਂ ਲਿਆਂਦੇ ਗਏ ਯੋਗਰਾਜ ਸਿੰਘ ਜੋਗਾ ਤੋਂ ਤਿੰਨ ਦਿਨ ਦੇ ਪੁਲਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਵੀ ਕੀਤੀ ਪਰ ਇਸ ਦੇ ਬਾਵਜੂਦ ਵੀ ਫਰਾਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਜੋਗਾ, ਜੱਗਾ ਅਤੇ ਲਾਲਾ ਨੂੰ ਜੇਲ ਪਹੁੰਚੇ ਵੀ ਇਕ ਹਫਤੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਜਦਕਿ ਪੁਲਸ ਲਗਾਤਾਰ ਇਹ ਕਹਿ ਰਹੀ ਹੈ ਕਿ ਫਰਾਰ ਦੋਸ਼ੀ ਜਲਦ ਹੀ ਫੜ ਲਏ ਜਾਣਗੇ।