ਹਵਾਈ ਅੱਡਿਆਂ ’ਤੇ ਪ੍ਰਵਾਸੀਆਂ ਦੀ ਖੱਜਲ-ਖੁਆਰੀ ਰੋਕਣ ਲਈ ਯਤਨ ਕਰਾਂਗੇ : ਅੌਜਲਾ
Tuesday, Aug 21, 2018 - 03:51 AM (IST)
ਅੰਮ੍ਰਿਤਸਰ, (ਵਾਲੀਆ)- ਸੰਸਦ ਵਿਚ ਪੰਜਾਬੀਆਂ ਦੇ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣ ਵਾਲੇ ਅਾਵਾਜ਼-ਏ-ਪੰਜਾਬ ਅੰਮ੍ਰਿਤਸਰ ਤੋਂ ਨੌਜਵਾਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅੌਜਲਾ ਦਾ ਅੱਜ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਪੁੱਜਣ ’ਤੇ ਪੰਜਾਬੀ ਭਾਈਚਾਰੇ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਥੇ ਜ਼ਿਕਰਯੋਗ ਹੈ ਕਿ ਅੌਜਲਾ ਬੀਤੇ ਦਿਨ ਅੰਮ੍ਰਿਤਸਰ ਤੋਂ ਆਸਟਰੇਲੀਆ ਲਈ ਸ਼ੁਰੂ ਹੋਈ ਸਿੱਧੀ ਹਵਾਈ ਸੇਵਾ ਏਅਰ-ਏਸ਼ੀਆ ਦੀ ਫਲਾਈਟ ਰਾਹੀਂ ਮੈਲਬੋਰਨ ਵਿਖੇ ਪੁੱਜੇੇ ਸਨ ਜਿਥੇ ਉਨ੍ਹਾਂ ਦਾ ਪੂਰਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਸਿੱਧੀ ਹਵਾਈ ਸੇਵਾ ਸ਼ੁਰੂ ਕਰਵਾਉਣ ਲਈ ਧੰਨਵਾਦ ਵੀ ਕੀਤਾ ਗਿਆ। ਗੁਰਜੀਤ ਸਿੰਘ ਅੌਜਲਾ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਆਸਟਰੇਲੀਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਅਤੇ ਪ੍ਰਵਾਸੀ ਪੰਜਾਬੀਆਂ ਦੇ ਨਾਲ-ਨਾਲ ਸਰਹੱਦੀ ਖੇਤਰ ਦੇ ਕਿਸਾਨਾਂ ਅਤੇ ਨੌਜਵਾਨਾਂ ਦੇ ਮਸਲਿਆਂ ਨੂੰ ਲੋਕ ਸਭਾ ਵਿਚ ਉਠਾਉਣ ਕਾਰਨ ਗੁਰਦੁਆਰਾ ਸਿੰਘ ਸਭਾ ਕਰੇਗੀਬਰਨ ਵਿਖੇ ਪੁੱਜਣ ’ਤੇ ਪ੍ਰਵਾਸੀ ਪੰਜਾਬੀਆਂ ਦੇ ਨਾਲ -ਨਾਲ ਆਸਟਰੇਲੀਆ ਵਾਸੀਆਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਸਮੇਂ ਵੱਡੀ ਗਿਣਤੀ ਵਿਚ ਹਾਜ਼ਰ ਪ੍ਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਕਾਨਵੈਂਟ ਸਕੂਲਾਂ ਵਿਚ ਪੰਜਾਬੀ ਬੋਲਣ ’ਤੇ ਲਾਈ ਪਾਬੰਦੀ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਤੇ ਭਾਸ਼ਾ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਦੇ ਧਿਆਨ ਵਿਚ ਲਿਆ ਕੇ ਇਸ ਸਬੰਧੀ ਉਚੇਚੇ ਤੌਰ ’ਤੇ ਕਾਰਵਾਈ ਅਮਲ ਵਿਚ ਲਿਆਉਣਗੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਬੋਲਦਿਆਂ ਅੌਜਲਾ ਨੇ ਕਿਹਾ ਕਿ ਉਨ੍ਹਾਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਿਵੇਂ ਭਾਰਤ ਸਰਕਾਰ ਵਲੋਂ ਅਾਜ਼ਾਦੀ ਤੋਂ ਬਾਅਦ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦਗਾਰ ਜੋ ਪਾਕਿਸਤਾਨੀ ਖੇਤਰ ਵਿਚ ਚਲੀ ਗਈ ਸੀ, ਲਈ ਪਾਕਿਸਤਾਨ ਨਾਲ ਕੀਤੇ ਸਮਝੌਤੇ ਤਹਿਤ ਭਾਰਤ ਵਿਚ ਸ਼ਾਮਿਲ ਕੀਤਾ ਗਿਆ ਸੀ, ਇਸੇ ਤਰਜ਼ ’ਤੇ ਭਾਰਤ ਸਰਕਾਰ ਵਲੋਂ ਨਵੀਂ ਬਣੀ ਪਾਕਿਸਤਾਨ ਸਰਕਾਰ ਨਾਲ ਗਲਬਾਤ ਕਰ ਕੇ ਸਿੱਖਾਂ ਦੇ ਤੀਰਥ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਸ਼ਾਮਿਲ ਕਰਨ ਲਈ ਜੰਗੀ ਪੱਧਰ ’ਤੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾਣ ਅਤੇ ਭਾਰਤੀ ਸਰਹੱਦ ਤੋਂ ਸਿਰਫ 7 ਕਿਲੋਮੀਟਰ ਦੂਰ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਸ਼ਾਮਿਲ ਕਰਨ ਲਈ ਸਰਕਾਰ ਵਟਾਂਦਰੇ ਤਹਿਤ ਹੋਰ ਜ਼ਮੀਨ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਅਨਮੋਲ ਤੋਹਫਾ ਦੇਵੇ। ਅੌਜਲਾ ਨੇ ਕਿਹਾ ਕਿ ਅਾਜ਼ਾਦੀ ਤੋਂ ਬਾਅਦ ਪਾਕਿਸਤਾਨ ਅਤੇ ਬੰਗਲਾ ਦੇਸ਼ ਨਾਲ ਅਜਿਹੇ ਕਈ ਸਮਝੌਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕੀਤੀ ਜਾ ਰਹੀ ਪਹਿਲਕਦਮੀ ਸਦਕਾ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਨੂੰ ਇਸ ਸਬੰਧੀ ਜਲਦੀ ਹੀ ਕੋਈ ਚੰਗੀ ਖਬਰ ਮਿਲਣ ਦੀ ੳੇੁਮੀਦ ਹੈ।
ਇਸ ਮੌਕੇ ਅੌਜਲਾ ਵਲੋਂ ਭਿਆਨਕ ਹਡ਼ਾਂ ਦੀ ਲਪੇਟ ਵਿਚ ਆਏ ਕੇਰਲਾ ਵਾਸੀਆਂ ਲਈ ਪੰਜਾਬੀ ਭਾਈਚਾਰੇ ਵਲੋਂ ਰਾਹਤ ਫੰਡ ਇਕੱਠਾ ਕਰ ਕੇ ਆਸਟਰੇਲੀਆ ਰਹਿੰਦੇ ਕੇਰਲਾ ਵਾਸੀਆਂ ਨੂੰ ਸੌਂਪਿਆ ਅਤੇ ਕੇਰਲਾ ਵਾਸੀਆਂ ਲਈ ਅਰਦਾਸ ਵੀ ਕੀਤੀ। ਇਸੇ ਸਮੇਂ ਅੌਜਲਾ ਨੂੰ ਆਸਟਰੇਲੀਆ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਕ੍ਰੇਗ ਅਤੇ ਐੱਮ.ਐੱਲ.ਸੀ. ਇੰਗ੍ਹਾ ਪਿਊਲਿਚ ਵਲੋਂ ਵਿਕਟੋਰੀਆ ਪਾਰਲੀਮੈਂਟ ਦਾ ਦੌਰਾ ਕਰਵਾਇਆ ਗਿਆ। ਇਸ ਤੋਂ ਇਲਾਵਾ ਅੌਜਲਾ ਵਲੋਂ ਮਾਝਾ ਯੂਥ ਵਲੋਂ ਕਰਵਾਏ ਦੋ ਵੱਖ-ਵੱਖ ਸਮਾਗਮਾਂ ਵਿਚ ਵੀ ਹਾਜ਼ਰੀ ਭਰੀ ਜਿਥੇ ਉਨ੍ਹਾਂ ਨੂੰ ਪ੍ਰਵਾਸੀ ਪੰਜਾਬੀਆਂ ਦੀ ਚਿਰੋਕਣੀ ਮੰਗ ਅੰਮ੍ਰਿਤਸਰ-ਮੈਲਬੋਰਨ ਸਿੱਧੀ ਹਵਾਈ ਸੇਵਾ ਸ਼ੁਰੂ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਅੌਜਲਾ ਆਉਂਦੇ ਦਿਨਾਂ ਵਿਚ ਸਿਡਨੀ, ਪਰਥ, ਬ੍ਰਿਸਬੇਨ ਅਤੇ ਐਡੀਲੇਡ ਦਾ ਵੀ ਦੌਰਾ ਕਰਨਗੇ।
ਇਸ ਸਮੇਂ ਗੁਰਦੁਆਰਾ ਕਮੇਟੀ ਤੋਂ ਇਲਾਵਾ ਫੁਲਵਿੰਦਰਜੀਤ ਗਰੇਵਾਲ, ਇੰਡੀਅਨ ਓਵਰਸੀਜ਼ ਕਾਂਗਰਸ ਪ੍ਰਧਾਨ ਮਨੋਜ ਸੇਰੋਅਨ, ਸੁਖਬੀਰ ਸਿੰਘ ਸੰਧੂ, ਗੁਰਿੰਦਰ ਸਿੰਘ ਭੁੱਲਰ, ਨਿਰਲੇਪ ਅਜਨਾਲਾ, ਸਰਤਾਜ ਸਿੰਘ ਧੌਲ, ਸ਼ੈਲੀ ਸੰਧੂ, ਰਮਨ ਪੰਨੂੰ, ਪਰਮ ਨੰਗਲੀ, ਵਰਿੰਦਰ ਜੌਹਲ, ਦਿਲਬਾਗ ਮਾਨ, ਕਰਨ ਬੁਰਜ ਆਦਿ ਹਾਜ਼ਰ ਸਨ।
