ਕਾਰੋਬਾਰੀਆਂ ਦੀ ਪਸੰਦ ਬੋਇੰਗ/ਏਅਰ ਬੱਸ, ਟੂਰਿਸਟਾਂ ਦੀ ਏ. ਟੀ. ਆਰ. ਜਹਾਜ਼
Saturday, Mar 31, 2018 - 06:34 AM (IST)

ਅੰਮ੍ਰਿਤਸਰ(ਇੰਦਰਜੀਤ)- ਹਵਾਈ ਯਾਤਰਾ ਲਈ ਬੋਇੰਗ ਜਹਾਜ਼ਾਂ ਦੀ ਵਰਤੋਂ ਹੁਣ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਪਰ ਵਰਤਮਾਨ ਸਮੇਂ 'ਚ 20 ਫ਼ੀਸਦੀ ਤੋਂ ਵੱਧ ਹਵਾਈ ਯਾਤਰੀ ਅੱਜ ਵੀ ਛੋਟੇ ਏ. ਟੀ. ਆਰ. ਜਹਾਜ਼ ਵਿਚ ਸਫਰ ਕਰਨ ਦੇ ਇੱਛੁਕ ਹਨ ਪਰ ਕੰਪੀਟੀਸ਼ਨ ਕਾਰਨ ਏਅਰਲਾਈਨ ਕੰਪਨੀਆਂ ਇਸ ਜਹਾਜ਼ ਨੂੰ ਪਿੱਛੇ ਛੱਡ ਰਹੀਆਂ ਹਨ, ਜਦੋਂ ਕਿ ਭਾਰਤ ਤੋਂ ਇਲਾਵਾ ਵੱਡੀ ਸੰਖਿਆ ਵਿਚ ਅਜਿਹੇ ਦੇਸ਼ ਹਨ ਜਿਥੋਂ ਦੇ ਟੂਰਿਸਟ ਲੋਕ ਏ. ਟੀ. ਆਰ. ਜਹਾਜ਼ਾਂ ਵਿਚ ਸਫਰ ਕਰਨ ਦੇ ਇੱਛੁਕ ਹਨ, ਉਥੇ ਹੀ ਆਮ ਤੌਰ 'ਤੇ ਲੋਕਾਂ ਲਈ ਬੋਇੰਗ ਇਕ ਮਜਬੂਰੀ ਹੈ।
ਕੀ ਹੈ ਬੋਇੰਗ ਤੇ ਏ. ਟੀ. ਆਰ. ਜਹਾਜ਼?
ਲੰਬੀਆਂ ਉਡਾਣਾਂ ਵਿਚ ਬੋਇੰਗ/ਏਅਰ ਬੱਸ ਦੇ ਜਹਾਜ਼ ਵਿਚ ਯਾਤਰੀ ਸਮਰੱਥਾ 480 ਤੱਕ ਹੁੰਦੀ ਹੈ, ਉਥੇ ਹੀ ਏ. ਟੀ. ਆਰ. ਵਿਚ 50 ਤੋਂ 72 ਹੁੰਦੀ ਹੈ। ਬੋਇੰਗ ਦਾ ਸਰੂਪ ਅੰਡਾਕਾਰ ਤੇ ਏਅਰ ਬੱਸ ਦਾ ਅਗਲਾ ਹਿੱਸਾ ਗੋਲ ਹੁੰਦਾ ਹੈ, ਉਥੇ ਹੀ ਪਛਾਣ ਦੇ ਤੌਰ 'ਤੇ ਏ. ਟੀ. ਆਰ. ਜਹਾਜ਼ ਛੋਟਾ ਹੁੰਦਾ ਹੈ ਅਤੇ ਉਸ ਦੇ ਪੱਖੇ ਬਾਹਰ ਵੱਲ ਦਿਖਾਈ ਦਿੰਦੇ ਹਨ।
ਇਹ ਹੈ ਜਹਾਜ਼ 'ਚ ਸਹੂਲਤ
ਉਡਾਣ ਲੈਣ ਉਪਰੰਤ 40 ਹਜ਼ਾਰ ਫੁੱਟ ਦੀ ਉਚਾਈ ਤੱਕ ਪੁੱਜਦੇ-ਪੁੱਜਦੇ ਲੰਬਾ ਰਸਤਾ ਅੱਗੇ ਨਿਕਲਦਾ ਹੈ। ਉਦਾਹਰਣ ਦੇ ਤੌਰ 'ਤੇ ਦਿੱਲੀ, ਅੰਮ੍ਰਿਤਸਰ ਤੋਂ 320 ਏਅਰ ਨੋਟੀਕਲ ਕਿ. ਮੀ. ਵਿਚ ਬੋਇੰਗ ਜਹਾਜ਼ ਆਪਣੀ ਪੂਰੀ ਉਚਾਈ 'ਤੇ ਜਾਂਦੇ-ਜਾਂਦੇ 120 ਕਿ. ਮੀ. ਚੱਲ ਜਾਵੇਗਾ, ਇਸ ਉਪਰੰਤ ਸਿਰਫ 5 ਜਾਂ 6 ਮਿੰਟ ਸਮੂਥ ਉਡਾਣ ਲੈਣ ਉਪਰੰਤ ਜਹਾਜ਼ ਹੇਠਾਂ ਵੱਲ ਲੈਂਡ ਕਰਨ ਲਈ ਮੂਵ ਕਰਨਾ ਸ਼ੁਰੂ ਕਰ ਦੇਵੇਗਾ। ਦੋਵੇਂ ਹਾਲਾਤ ਵਿਚ ਯਾਤਰੀਆਂ ਨੂੰ ਬੈਲਟ ਲਾਉਣੀ ਪਵੇਗੀ। ਦੂਜੇ ਪਾਸੇ ਏ. ਟੀ. ਆਰ. ਜਹਾਜ਼ 9 ਹਜ਼ਾਰ ਫੁੱਟ ਦੀ ਉਚਾਈ ਸਿਰਫ 5 ਮਿੰਟ ਵਿਚ ਲੈ ਜਾਂਦਾ ਹੈ ਅਤੇ ਪੂਰਾ ਰਸਤਾ ਸਮੂਥ ਹਵਾ ਵਿਚ ਚੱਲਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵੱਡੇ ਜਹਾਜ਼ ਦੀ ਉਚਾਈ 'ਤੇ ਚੱਲਦੇ-ਚੱਲਦੇ ਅਕਸਰ ਜਹਾਜ਼ ਹਜ਼ਾਰਾਂ ਫੁੱਟ ਸਿਕ ਕਰ ਜਾਂਦੇ ਹਨ, ਜਿਸ ਕਾਰਨ ਨਵੇਂ ਯਾਤਰੀਆਂ ਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ ਪਰ ਏ. ਟੀ. ਆਰ. ਵਿਚ ਫਲਕਚੂਏਸ਼ਨ ਨਾਮਾਤਰ ਹੁੰਦੀ ਹੈ। ਏ. ਟੀ. ਆਰ. ਜਹਾਜ਼ ਵਿਚ ਆਵਾਜ਼ ਦੀ ਗਤੀ ਦਾ ਇੰਡੈਕਸ 40 ਡੀ. ਬੀ. ਹੁੰਦਾ ਹੈ, ਜਦੋਂ ਕਿ ਬੋਇੰਗ ਵਿਚ ਆਵਾਜ਼ ਦੀ ਗਤੀ 60 ਤੋਂ 70 ਡੀ. ਬੀ. ਹੁੰਦੀ ਹੈ।
ਕੀ ਕਹਿੰਦੇ ਹਨ ਮਾਹਿਰ?
ਇਸ ਸਬੰਧੀ ਅੰਮ੍ਰਿਤਸਰ ਏਅਰਪੋਰਟ ਦੇ ਮਹਾਪ੍ਰਬੰਧਕ ਮਨੋਜ ਚੰਸੋਲਿਆ ਨੇ ਦੱਸਿਆ ਕਿ ਵਰਤਮਾਨ ਸਮੇਂ ਵਿਚ ਕੰਪੀਟੀਸ਼ਨ ਕਾਰਨ ਬੋਇੰਗ ਜਹਾਜ਼ ਜ਼ਿਆਦਾ ਚੱਲ ਰਹੇ ਹਨ, ਇਨ੍ਹਾਂ ਵਿਚ ਕਪੈਸਟੀ ਵੱਧ ਹੁੰਦੀ ਹੈ ਅਤੇ ਜਹਾਜ਼ ਜਲਦੀ ਪੁੱਜਦਾ ਹੈ। ਏ. ਟੀ. ਆਰ. ਜਹਾਜ਼ ਤੋਂ ਛੋਟੇ ਰੂਟਾਂ 'ਤੇ ਯਾਤਰੀਆਂ ਨੂੰ ਸਹੂਲਤ ਮਿਲ ਸਕਦੀ ਹੈ, ਜਦੋਂ ਕਿ ਦੂਜੀਆਂ ਟੂਰਿਸਟ ਏਜੰਸੀਆਂ ਵੀ ਇਸ ਦਾ ਇਸਤੇਮਾਲ ਕਰ ਸਕਦੀਆਂ ਹਨ। ਜੈੱਟ ਏਅਰਲਾਈਨਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦਿੱਲੀ ਜਾਣ ਲਈ ਜ਼ਿਆਦਾਤਰ ਯਾਤਰੀ ਅੰਤਰਰਾਸ਼ਟਰੀ ਹੁੰਦੇ ਹਨ, ਜਿਨ੍ਹਾਂ ਕੋਲ ਸਾਮਾਨ ਵੱਧ ਹੁੰਦਾ ਹੈ, ਜਦੋਂ ਕਿ ਏ. ਟੀ. ਆਰ. ਜਹਾਜ਼ ਵਿਚ ਸਾਮਾਨ ਦੀ ਸਮਰੱਥਾ ਅੱਧੇ ਤੋਂ ਵੀ ਘੱਟ ਹੁੰਦੀ ਹੈ। ਇਸ ਲਈ ਇਸ ਦਾ ਇਸਤੇਮਾਲ ਕਰਨਾ ਮੁਸ਼ਕਲ ਹੈ। ਉਥੇ ਹੀ ਏਅਰ ਇੰਡੀਆ ਦੇ ਸਥਾਨਕ ਜਨਰਲ ਮੈਨੇਜਰ ਅਸ਼ੋਕ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ ਵਿਚ ਏਅਰ ਇੰਡੀਆ ਕੋਲ ਇਹ ਜਹਾਜ਼ ਨਹੀਂ ਹਨ।
ਕਿਨ੍ਹਾਂ ਦੇਸ਼ਾਂ 'ਚ ਚੱਲਦੇ ਹਨ ਏ. ਟੀ. ਆਰ. ਜਹਾਜ਼
ਭਾਰਤ ਵਿਚ ਦਿੱਲੀ ਏਅਰਪੋਰਟ ਤੋਂ ਲਖਨਊ, ਦੇਹਰਾਦੂਨ ਤੇ ਗੁਜਰਾਤ ਦੇ ਕਈ ਸ਼ਹਿਰਾਂ 'ਚ ਘਰੇਲੂ ਉਡਾਣਾਂ ਇਨ੍ਹਾਂ ਜਹਾਜ਼ਾਂ ਤੋਂ ਜਾਂਦੀਆਂ ਹਨ, ਉਥੇ ਹੀ ਸਿੰਗਾਪੁਰ, ਥਾਈਲੈਂਡ, ਬਰੂਨਈ, ਬਰਮਾ, ਇੰਡੋਨੇਸ਼ੀਆ, ਮਲੇਸ਼ੀਆ, ਚੀਨ, ਰੂਸ ਆਦਿ ਦੇਸ਼ਾਂ ਵਿਚ ਇਹ ਜਹਾਜ਼ ਲੋਕਾਂ ਦੀ ਪਹਿਲੀ ਪਸੰਦ ਹੈ। ਉਕਤ ਜਹਾਜ਼ ਫਰਾਂਸ ਅਤੇ ਇਟਲੀ ਦੀ ਕੋਲੈਬੋਰੇਸ਼ਨ ਨਾਲ ਬਣਿਆ ਹੋਇਆ ਹੈ, ਜਦੋਂ ਕਿ ਅਸੈਂਬਲਿੰਗ ਫਰਾਂਸ ਵਿਚ ਹੋਈ ਹੈ। ਪਿਛਲੇ ਸਾਲਾਂ ਦੀ ਇੱਛਾ ਮੁਤਾਬਕ ਭਾਰਤ ਤੋਂ ਇਲਾਵਾ ਦੂਜੇ ਦੇਸ਼ਾਂ ਵਿਚ ਇਸ ਦੀ ਮੰਗ ਵੱਧ ਗਈ ਹੈ।
ਬੋਇੰਗ ਅਤੇ ਏ. ਟੀ. ਆਰ. ਦੀਆਂ ਉਡਾਣਾਂ
ਬੋਇੰਗ/ਏਅਰ ਬੱਸ ਆਕਾਸ਼ ਵਿਚ 30 ਤੋਂ 40 ਹਜ਼ਾਰ ਫੁੱਟ ਦੀ ਉਚਾਈ 'ਤੇ ਚੱਲਦੇ ਹਨ ਅਤੇ ਏ. ਟੀ. ਆਰ. ਸਿਰਫ 9 ਤੋਂ 10 ਹਜ਼ਾਰ ਦੀ ਫੁੱਟ ਦੀ ਉਚਾਈ 'ਤੇ ਚੱਲਦਾ ਹੈ। ਟੂਰਿਸਟਾਂ ਦੀ ਪਸੰਦ ਦੇ ਲਿਹਾਜ਼ ਨਾਲ ਏ. ਟੀ. ਆਰ. ਜਹਾਜ਼ ਦੀ ਯਾਤਰਾ ਵੱਧ ਆਕਰਸ਼ਕ ਹੈ ਕਿਉਂਕਿ ਬੋਇੰਗ ਜਹਾਜ਼ਾਂ ਵਿਚ 40 ਹਜ਼ਾਰ ਫੁੱਟ ਦੇ ਕਰੀਬ ਦੀ ਉਚਾਈ 'ਚ ਯਾਤਰੀ ਨੂੰ ਜਹਾਜ਼ ਤੋਂ ਬਾਹਰ ਦੇਖਣ 'ਤੇ ਹੇਠਾਂ ਕੁਝ ਦਿਖਾਈ ਨਹੀਂ ਦਿੰਦਾ। ਦੂਜੇ ਪਾਸੇ ਏ. ਟੀ. ਆਰ. ਜਹਾਜ਼ ਦੀ ਵਿੰਡੋ 'ਚੋਂ ਬਾਹਰ ਦੇਖਣ 'ਤੇ ਆਕਾਸ਼ ਤੋਂ ਧਰਤੀ ਦਾ ਨਜ਼ਾਰਾ ਬਹੁਤ ਚੰਗਾ ਦਿਖਾਈ ਦਿੰਦਾ ਹੈ, ਇਸ ਲਈ ਅੱਧਖੜ ਉਮਰ ਦੇ ਵਿਅਕਤੀ, ਔਰਤਾਂ ਅਤੇ ਬੱਚੇ ਏ. ਟੀ. ਆਰ. ਜਹਾਜ਼ ਵਿਚ ਵੱਧ ਮਨੋਰੰਜਨ ਕਰਦੇ ਹਨ। ਬੋਇੰਗ ਅਤੇ ਵੱਡੇ ਜਹਾਜ਼ ਇਕ ਘੰਟੇ ਵਿਚ 800 ਕਿਲੋਮੀਟਰ ਤੋਂ ਵੱਧ ਦੀ ਰਫਤਾਰ 'ਤੇ ਚੱਲਦੇ ਹਨ, ਜਦੋਂ ਕਿ ਏ. ਟੀ. ਆਰ. 525 ਦੀ ਰਫਤਾਰ ਤੱਕ ਸੀਮਤ ਹੁੰਦਾ ਹੈ। ਇਸ ਲਈ ਟੂਰਿਸਟ ਜ਼ਿਆਦਾ ਸਮੇਂ ਤੱਕ ਮਨੋਰੰਜਨ ਕਰਨ ਲਈ ਛੋਟੇ ਜਹਾਜ਼ ਨੂੰ ਚੰਗਾ ਸਮਝਦੇ ਹਨ।
ਛੋਟੇ ਰੂਟ 'ਤੇ ਚੱਲ ਸਕਦੇ ਹਨ ਏ. ਟੀ. ਆਰ. : ਔਜਲਾ
ਸੰਸਦ ਮੈਂਬਰ ਔਜਲਾ ਦਾ ਕਹਿਣਾ ਹੈ ਕਿ ਟੂਰਿਸਟਾਂ ਲਈ ਏ. ਟੀ. ਆਰ. ਇਕ ਚੰਗਾ ਜਹਾਜ਼ ਹੈ, ਜਦੋਂ ਕਿ ਆਮ ਤੌਰ 'ਤੇ ਉਡਾਣਾਂ ਲਈ ਮਹਿੰਗਾ ਹੋ ਜਾਂਦਾ ਹੈ ਪਰ ਜੇਕਰ ਅੰਮ੍ਰਿਤਸਰ ਤੋਂ ਚੰਡੀਗੜ, ਜੰਮੂ, ਗੱਗਲ, ਕੁੱਲੂ ਦੀਆਂ ਉਡਾਣਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਹ ਜਹਾਜ਼ ਲਾਭਕਾਰੀ ਸਿੱਧ ਹੋ ਸਕਦਾ ਹੈ। ਇਸ ਤਰ੍ਹਾਂ ਜੇਕਰ ਲੁਧਿਆਣਾ ਦਾ ਏਅਰਪੋਰਟ ਵੀ ਹੋਂਦ ਵਿਚ ਆ ਜਾਂਦਾ ਹੈ ਤਾਂ ਅੰਮ੍ਰਿਤਸਰ-ਲੁਧਿਆਣਾ ਦੀ ਉਡਾਣ ਲਈ ਵੀ ਇਸ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।