ਦੀਵਾਲੀ ਮੌਕੇ ਪੰਜਾਬ 'ਚ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਸੀ AQI, ਮੀਂਹ ਨੇ ਦਿਵਾਈ ਪ੍ਰਦੂਸ਼ਣ ਤੋਂ ਮੁਕਤੀ
Monday, Nov 16, 2020 - 11:07 PM (IST)
ਜਲੰਧਰ— ਦੀਵਾਲੀ ਤੋਂ ਇਹ ਮੰਨਿਆ ਜਾ ਰਿਹਾ ਸੀ ਕਿ ਰੌਸ਼ਨੀ ਦੇ ਤਿਉਹਾਰ 'ਤੇ ਚੱਲਣ ਵਾਲੇ ਪਟਾਕਿਆਂ ਨਾਲ ਫ਼ੈਲਣ ਵਾਲੇ ਪ੍ਰਦੂਸ਼ਣ ਦਾ ਪੱਧਰ ਬਹੁਤ ਹੀ ਖ਼ਰਾਬ ਹੋ ਜਾਵੇਗਾ ਪਰ ਦੀਵਾਲੀ ਦੇ ਅਗਲੇ ਹੀ ਦਿਨ ਐਤਵਾਰ ਨੂੰ ਹੋਈ ਮੀਂਹ ਨੇ ਪੰਜਾਬ ਨੂੰ ਪ੍ਰਦੂਸ਼ਣ ਤੋਂ ਕਾਫ਼ੀ ਹੱਦ ਤੱਕ ਨਿਜਾਤ ਦਿਵਾ ਦਿੱਤੀ। ਦੀਵਾਲੀ ਦੀ ਰਾਤ ਨੂੰ ਏਅਰ ਕੁਆਲਿਟੀ ਇੰਡੈਕਸ 500 ਦੇ ਪੱਧਰ ਨੂੰ ਵੀ ਛੂਹ ਗਿਆ ਸੀ ਹਾਲਾਂਕਿ ਬਾਰਿਸ਼ ਹੋਣ ਦੇ ਬਾਅਦ ਇਹ ਆਮ ਪੱਧਰ 'ਤੇ ਪਹੁੰਚ ਗਿਆ ਹੈ।
ਦੀਵਾਲੀ ਮੌਕੇ ਜਲੰਧਰ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਬੇਹੱਦ ਖ਼ਰਾਬ ਹਾਲਤ 'ਚ ਪੁੱਜਾ
ਦੀਵਾਲੀ ਵਾਲੇ ਦਿਨ ਤੋਂ ਲੈ ਕੇ ਵਿਸ਼ਵਕਰਮਾ ਦਿਵਸ ਦੀ ਰਾਤ ਤਕ ਮੀਂਹ ਪੈਣ ਦੇ ਬਾਵਜੂਦ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਬਹੁਤ ਖ਼ਰਾਬ ਸਥਿਤੀ 'ਚ ਨਜ਼ਰ ਆਇਆ। ਦੀਵਾਲੀ ਦੀ ਸ਼ਾਮ 5 ਵਜੇ ਤੋਂ ਲੈ ਕੇ ਰਾਤ ਭਰ ਏਅਰ ਕੁਆਲਿਟੀ ਇੰਡੈਕਸ 320 ਤੋਂ ਉੱਪਰ ਰਿਹਾ, ਜਿਸ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਮਾਹੌਲ 'ਚ ਸਾਹ ਲੈਣ ਵਾਲੇ ਕਿਸ ਢੰਗ ਨਾਲ ਜ਼ਹਿਰ ਆਪਣੇ ਅੰਦਰ ਨਿਗਲ ਰਹੇ ਹਨ।
ਸੋਮਾਵਰ ਨੂੰ ਨੈਸ਼ਨਲ ਏਅਰ ਕੁਆਲਿਟੀ ਇੰਡੈਕਸ ਦੇ ਮੁਤਾਬਕ ਪੰਜਾਬ ਦੇ ਬਠਿੰਡਾ 120, ਪਟਿਆਲਾ 'ਚ 80, ਜਲੰਧਰ 'ਚ 128, ਲੁਧਿਆਣਾ 'ਚ 125, ਅੰਮ੍ਰਿਤਸਰ 'ਚ 117 ਦਰਜ ਕੀਤਾ ਗਿਆ ਹੈ।
ਇਨ੍ਹਾਂ ਸ਼ਹਿਰਾਂ 'ਚ ਔਸਤਨ ਏਅਰ ਕੁਆਲਿਟੀ ਇੰਡੈਕਸ 400 ਤੋਂ ਹੇਠਾਂ ਰਿਹਾ ਪਰ ਇਹ ਹਵਾ ਵੀ ਸਾਹ ਲੈਣ ਦੇ ਯੋਗ ਨਹੀਂ ਹੈ ਅਤੇ ਅਜਿਹੇ ਹਵਾ ਪ੍ਰਦੂਸ਼ਣ ਨਾਲ ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਤੌਰ 'ਤੇ ਸਮੱਸਿਆ ਹੋ ਸਕਦੀ ਹੈ।
ਪਾਬੰਦੀ ਦੇ ਬਾਵਜੂਦ ਰਾਤ ਦੋ ਵਜੇ ਤੱਕ ਚੱਲੇ ਪਟਾਕੇ
ਦੀਵਾਲੀ ਮੌਕੇ ਸਰਕਾਰ ਵੱਲੋਂ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਈ ਪਾਬੰਦੀਆਂ ਲਗਾਉਣ ਦੇ ਬਾਵਜੂਦ ਲੁਧਿਆਣਾ ਸਮੇਤ ਕਈ ਸ਼ਹਿਰਾਂ 'ਚ ਦੇਰ ਰਾਤ 2 ਵਜੇ ਤੱਕ ਲੋਕਾਂ ਨੇ ਜਮ ਕੇ ਆਤਿਸ਼ਬਾਜ਼ੀ ਕੀਤੀ ਅਤੇ ਪਟਾਕੇ ਚਲਾਏ ਗਏ। ਇਸੇ ਦੇ ਚਲਦਿਆਂ ਪ੍ਰਦੂਸ਼ਣ ਪੱਧਰ ਖ਼ਤਰਨਾਕ ਪੱਧਰ ਤੋਂ ਪਾਰ ਹੋ ਗਿਆ ਅਤੇ ਲਧਿਆਣਾ 'ਚ ਦੇਰ ਰਾਤ ਏਅਰ ਕੁਆਲਿਟੀ ਇੰਡੈਕਸ 500 ਤੋਂ ਪਾਰ ਪਹੁੰਚ ਗਿਆ।
ਪ੍ਰਦੂਸ਼ਣ ਨਾਲ ਫ਼ੈਲੇ ਜ਼ਹਿਰੀਲੇ ਧੂੰਏਂ ਨਾਲ ਲੋਕਾਂ ਨੂੰ ਅੱਖਾਂ 'ਚ ਸੜਨ ਦੇ ਨਾਲ-ਨਾਲ ਸਾਹ ਲੈਣ 'ਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਆਲਮ ਇਹ ਰਿਹਾ ਕਿ ਲੁਧਿਆਣਾ 'ਚ ਇੰਨੇ ਜ਼ਿਆਦਾ ਪਟਾਕੇ ਚੱਲਣ ਦੇ ਬਾਵਜੂਦ ਰਾਜਧਾਨੀ ਦਿੱਲੀ 'ਚ ਦੀਵਾਲੀ 'ਤੇ ਏ. ਕਿਊ. ਆਈ. 421 ਦੇ ਪੱਧਰ ਨੂੰ ਵੀ ਲੁਧਿਆਣਾ ਪਿੱਛੇ ਛੱਡ ਗਿਆ।
ਏਅਰ ਕੁਆਲਿਟੀ ਇੰਡੈਕਸ
ਸ਼ਹਿਰ | 8 ਨਵੰਬਰ | 15 ਨਵੰਬਰ |
ਲੁਧਿਆਣਾ | 328 | 340 |
ਜਲੰਧਰ | 282 | 320 |
ਅੰਮ੍ਰਿਤਸਰ | 341 | 368 |
ਪਟਿਆਲਾ | 286 | 256 |
ਬਠਿੰਡਾ | 129 |
353 |