ਹਵਾ ਪ੍ਰਦੂਸ਼ਣ : ਕਿਸਾਨ ਪਰਾਲੀ ਨਾ ਸਾੜਨ, ਲੋਕ ਵੀ ਸਮਝਣ ਆਪਣੀ ਜ਼ਿੰਮੇਵਾਰੀ

11/07/2019 4:58:38 PM

ਲੁਧਿਆਣਾ (ਮਹਿਰਾ) : ਹਰ ਸਾਲ ਵਾਂਗ ਅਕਤੂਬਰ ਤੋਂ ਨਵੰਬਰ ਮਹੀਨੇ ਸ਼ਹਿਰ 'ਚ ਵਧਦੇ ਜਾ ਰਹੇ ਹਵਾ ਪ੍ਰਦੂਸ਼ਣ ਦਾ ਅਸਰ ਹੁਣ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਨਗਰ ਦੇ ਲੋਕ ਹਵਾ ਪ੍ਰਦੂਸ਼ਣ ਦੀ ਮਾਰ ਕਾਰਨ ਹਸਪਤਾਲਾਂ ਅਤੇ ਡਾਕਟਰਾਂ ਦੇ ਕੋਲ ਚੱਕਰ ਕੱਟ ਰਹੇ ਹਨ। ਇਨ੍ਹਾਂ 'ਚ ਸਾਹ, ਕੰਨ, ਨੱਕ, ਅੱਖਾਂ ਤੋਂ ਇਲਾਵਾ ਚਮੜੀ ਨਾਲ ਸਬੰਧਤ ਸਮੱਸਿਆਵਾਂ ਦੇ ਕੇਸਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਅੱਜ ਸ਼ਹਿਰ ਦੇ ਕਿਸੇ ਵੀ ਘਰ 'ਚ ਅਜਿਹਾ ਕੋਈ ਮੈਂਬਰ ਨਹੀਂ ਹੈ, ਜਿਸ ਨੂੰ ਜ਼ੁਕਾਮ, ਨਜ਼ਲਾ, ਖਾਂਸੀ, ਸਿਰਦਰਦ ਅਤੇ ਸਰੀਰ ਦਰਦ ਨਾਲ ਜੁੜੀ ਸਿਹਤ ਸਮੱਸਿਆ ਨਾ ਹੋਵੇ। ਬੀਤੇ 48 ਘੰਟਿਆਂ 'ਚ ਹਵਾ ਪ੍ਰਦੂਸ਼ਣ ਬਦ ਤੋਂ ਬਦਤਰ ਹੋ ਗਿਆ ਹੈ, ਜਿਸ ਦਾ ਕਾਰਨ ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਹੈ। ਨਗਰ ਦੇ ਵਕੀਲ ਨੇ ਹਾਲਾਂਕਿ ਸਿਰਫ ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਨੂੰ ਹੀ ਹਵਾ ਦੇ ਗੰਧਲਾ ਹੋਣ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ, ਸਗੋਂ ਉਨ੍ਹਾਂ ਨੇ ਲੁਧਿਆਣਾ 'ਚ ਲੱਗੀਆਂ ਵੱਖ-ਵੱਖ ਉਦਯੋਗਿਕ ਇਕਾਈਆਂ ਅਤੇ ਵਾਹਨਾਂ ਤੋਂ ਨਿਕਲ ਰਹੇ ਜ਼ਹਿਰੀਲੇ ਧੂੰਏਂ ਨੂੰ ਵੀ ਇਸ ਦਾ ਜ਼ਿੰਮੇਵਾਰ ਮੰਨਿਆ ਹੈ।

* ਨਗਰ ਦੇ ਹਰ ਜ਼ਿੰਮੇਵਾਰ ਨਾਗਰਿਕ ਨੂੰ ਹਵਾ ਪ੍ਰਦੂਸ਼ਣ ਸਬੰਧੀ ਗੰਭੀਰ ਹੋਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੱਧਰ 'ਤੇ ਇਸ ਨੂੰ ਰੋਕਣ ਲਈ ਆਪਣਾ ਸਹਿਯੋਗ ਦੇਵੇ। ਨਾਲ ਹੀ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਰਾਲੀ ਨੂੰ ਸਾੜਨ ਦੀ ਬਜਾਏ ਹੋਰਨਾਂ ਤਰੀਕਿਆਂ ਨਾਲ ਇਸ ਦਾ ਪ੍ਰਬੰਧ ਕਰਨ।- ਹਰੀਸ਼ ਰਾਏ ਢਾਂਡਾ, ਮੈਂਬਰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ

* ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜੋ ਕਦਮ ਚੁੱਕੇ ਗਏ ਹਨ, ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਜ਼ਰੂਰੀ ਹੈ ਕਿ ਹਵਾ ਪ੍ਰਦੂਸ਼ਣ ਨੂੰ ਤਤਕਾਲ ਕੰਟਰੋਲ ਕੀਤਾ ਜਾਵੇ।- ਰਵਿੰਦਰ ਕੁਮਾਰ ਅਬਰੋਲ, ਜ਼ਿਲਾ ਅਟਾਰਨੀ ਲੁਧਿਆਣਾ

*ਹਵਾ ਪ੍ਰਦੂਸ਼ਣ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਉਨ੍ਹਾਂ ਨੂੰ ਗੰਭੀਰਤਾ ਨਾਲ ਜਾਗਰੂਕ ਕਰਨਾ ਚਾਹੀਦਾ ਹੈ। ਨਾਲ ਹੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਵੀ ਹੁਣ ਤੋਂ ਇਸ ਸਬੰਧੀ ਸਿੱਖਿਅਤ ਕਰਨ ਤਾਂ ਕਿ ਉਹ ਘਰ ਜਾ ਕੇ ਆਪਣੇ ਕਿਸਾਨ ਪਰਿਵਾਰਾਂ ਨੂੰ ਜਾਗਰੂਕ ਕਰ ਸਕਣ।- ਨਿਤਿਨ ਕਪਿਲਾ, ਐਡਵੋਕੇਟ

ਵਧ ਰਹੇ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਪ੍ਰਦੂਸ਼ਣ ਬੋਰਡ ਦੀ ਅਣਦੇਖੀ ਹੈ। ਵਿਭਾਗ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਨਿਭਾਈ ਜਾਣ ਵਾਲੀ ਜ਼ਿੰਮੇਵਾਰੀ ਨੂੰ ਲੈ ਕੇ ਪੂਰੀ ਤਰ੍ਹਾਂ ਅਸਫਲ ਰਿਹਾ ਹੈ।- ਕੇ. ਆਰ. ਸਿਕਰੀ, ਸੀਨੀਅਰ ਐਡਵੋਕੇਟ

ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਸਥਿਤੀ 'ਚ ਪੁੱਜ ਗਿਆ ਹੈ, ਜੋ ਕਿ ਹਰ ਸਾਲ ਵਧ ਰਿਹਾ ਹੈ, ਜਿਸ ਦਾ ਆਉਣ ਵਾਲੀਆਂ ਪੀੜ੍ਹੀਆਂ 'ਤੇ ਅਸਰ ਪੈਣਾ ਤੈਅ ਹੈ। ਸਰਕਾਰ ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਮਿਲ-ਜੁਲ ਕੇ ਇਕ ਚੇਨ ਬਣਾਉਂਦੇ ਹੋਏ ਇਸ ਨੂੰ ਖਤਮ ਕਰਨ ਲਈ ਕਿਸਾਨਾਂ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ।- ਚੇਤਨ ਵਰਮਾ, ਮੈਂਬਰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ

ਪਰਾਲੀ ਦੇ ਧੂੰਏਂ ਕਾਰਣ ਅੱਜ ਹਾਲਾਤ ਬਦ ਤੋਂ ਬਦਤਰ ਹਨ। ਸਰਕਾਰ ਵੱਲੋਂ ਇਸ ਨੂੰ ਲੈ ਕੇ ਜਾਗਰੂਕਤਾ ਅਤੇ ਦੰਡ ਦੋਵੇਂ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਬਾਹਰ ਕੱਢਣ ਲਈ ਮਦਦ ਕਰਨ।- ਹਰਪ੍ਰੀਤ ਸਿੰਘ ਸੰਧੂ, ਸਾਬਕਾ ਵਧੀਕ ਐਡਵੋਕੇਟ ਜਨਰਲ


Anuradha

Content Editor

Related News