ਬੱਦਲਾਂ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼, Window panel ਨਿਕਲਿਆ (ਵੀਡੀਓ)
Sunday, Apr 22, 2018 - 02:54 PM (IST)
ਅੰਮ੍ਰਿਤਸਰ (ਅਵਧੇਸ਼, ਅਨਿਲ) : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਜ ਬਾਅਦ ਦੁਪਹਿਰ 3.45 'ਤੇ ਦਿੱਲੀ ਵਾਇਆ ਬਰਮਿੰਘਮ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਫਲਾਈਟ ਨੰ. ਏ-1462 ਉਡਾਣ ਭਰਨ ਮਗਰੋਂ 3 ਵਜੇ ਦੇ ਲਗਭਗ ਅਚਾਨਕ ਬੱਦਲਾਂ ਨਾਲ ਟਕਰਾਅ ਗਿਆ ਜਿਸ ਨਾਲ ਉਹ ਡਾਵਾਂਡੋਲ ਹੋ ਗਿਆ। ਜਹਾਜ਼ ਵਿਚ 250 ਦੇ ਲਗਭਗ ਮੁਸਾਫਰ ਸਵਾਰ ਸਨ। ਘਟਨਾ ਮਗਰੋਂ ਜਹਾਜ਼ ਲਗਭਗ 5000 ਫੁੱਟ ਹੇਠਾਂ ਆ ਗਿਆ। ਇਸ ਦੇ ਮਗਰੋਂ ਪਾਇਲਟ ਨੇ ਸਥਿਤੀ ਨੂੰ ਸੰਭਾਲਦਿਆਂ ਦੁਬਾਰਾ ਉਪਰ ਵੱਲ ਉਡਾਣ ਭਰੀ ਤਾਂ ਜਹਾਜ਼ ਫਿਰ 3.5 ਵਜੇ ਬੱਦਲਾਂ ਨਾਲ ਟਕਰਾਅ ਗਿਆ। ਜਹਾਜ਼ ਵਿਚ ਜਿਹੜੇ ਮੁਸਾਫਰਾਂ ਨੇ ਸੁਰੱਖਿਆ ਬੈਲਟ ਨਹੀਂ ਲਗਾਈ ਸੀ ਉਹ ਡਿਗ ਪਏ ਤੇ ਉਨ੍ਹਾਂ 'ਤੇ ਮੁਸਾਫਰਾਂ ਦਾ ਸਾਮਾਨ ਵੀ ਡਿਗ ਗਿਆ ਜਿਸ ਨਾਲ 50 ਮੁਸਾਫਰ ਜ਼ਖਮੀ ਹੋ ਗਏ। ਇਸ ਘਟਨਾ ਵਿਚ ਜ਼ਖਮੀ ਅੰਮ੍ਰਿਤਸਰ ਨਿਵਾਸੀ ਮਨੋਜ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਬੰਦਨਾ ਅਰੋੜਾ ਨੇ ਦੱਸਿਆ ਕਿ ਇਸ ਦੇ ਮਗਰੋਂ ਪਾਇਲਟ ਨੇ ਦਿੱਲੀ 'ਚ ਲੈਂਡਿੰਗ ਦੇ ਨਿਰਧਾਰਤ ਸਮੇਂ 3.50 ਵਜੇ ਤੋਂ ਪਹਿਲਾਂ ਭਾਵ 3.40 ਵਜੇ ਹੀ ਲੈਂਡਿੰਗ ਕਰਾ ਦਿੱਤੀ। ਜ਼ਖਮੀਆਂ ਨੇ ਉਥੇ ਤਾਇਨਾਤ ਕਰਮਚਾਰੀਆਂ ਨੂੰ ਐਂਬੂਲੈਂਸ ਮੁਹੱਈਆ ਕਰਾਉਣ ਲਈ ਕਿਹਾ ਪਰ ਉਨ੍ਹਾਂ ਨੇ ਕਿਸੇ ਵੀ ਕਿਸਮ ਦੀ ਮਦਦ ਨਾ ਕੀਤੀ। ਮਹਿਜ ਗੰਭੀਰ ਤੌਰ 'ਤੇ ਜ਼ਖਮੀ ਇਕ-ਦੋ ਮੁਸਾਫਰਾਂ ਨੂੰ ਹੀ ਦਿੱਲੀ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ। ਮਨੋਜ ਅਰੋੜਾ ਨੇ ਦਸਿਆ ਕਿ ਇਸ ਘਟਨਾ ਵਿਚ ਉਸ ਦੀਆਂ ਬਾਹਾਂ ਅਤੇ ਸਿਰ 'ਚ ਸੱਟ ਲੱਗੀ ਹੈ ਜਦ ਕਿ ਉਸ ਦੀ ਪਤਨੀ ਦੀ ਛਾਤੀ 'ਚ ਸੱਟ ਲੱਗੀ ਹੈ।