ਏਅਰ ਫੋਰਸ ਦੀ ਭਰਤੀ ਰੈਲੀ ''ਤੇ ਪ੍ਰਸ਼ਾਸਨ ਰੱਖ ਰਿਹੈ ਪੂਰੀ ''ਅੱਖ''
Thursday, Aug 08, 2019 - 11:49 AM (IST)
ਜਲੰਧਰ (ਪੁਨੀਤ)— ਕੰਧ ਡਿੱਗਣ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਏਅਰ ਫੋਰਸ ਦੀ ਭਰਤੀ ਰੈਲੀ 'ਤੇ ਨਜ਼ਰ ਗੱਡੀ ਬੈਠਾ ਹੈ। ਇਸ ਸਿਲਸਿਲੇ 'ਚ ਸੁਰੱਖਿਆ ਇੰਤਜ਼ਾਮ ਪੁਖਤਾ ਕੀਤੇ ਗਏ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਏ. ਡੀ. ਸੀ. ਕੁਲਵੰਤ ਸਿੰਘ ਨੇ ਸਵੇਰੇ ਭਰਤੀ ਪ੍ਰਕਿਰਿਆ ਦੌਰਾਨ ਮੌਜੂਦ ਰਹਿ ਕੇ ਦੌੜ ਪ੍ਰਕਿਰਿਆ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।
ਕੁਲਵੰਤ ਸਿੰਘ ਨੇ ਏਅਰ ਫੋਰਸ 'ਚ ਦੇਸ਼ ਦੇ ਨੌਜਵਾਨਾਂ ਦੇ ਸੁਨਿਹਰੇ ਭਵਿੱਖ ਬਾਰੇ ਦੱਸਦਿਆਂ ਕਿਹਾ ਕਿ ਏਅਰ ਫੋਰਸ 'ਚ ਸ਼ਾਮਲ ਹੋਣ ਲਈ ਸਾਰੇ ਜ਼ਰੂਰੀ ਟੈਸਟਾਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਈਮਾਨਦਾਰੀ ਤੇ ਸਨਮਾਨ ਨਾਲ ਕਰਨ। ਪੀ. ਏ. ਪੀ. ਗਰਾਊਂਡ ਵਿਚ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਵਰਦੀ ਪਾ ਕੇ ਦੇਸ਼ ਦੀ ਸੇਵਾ ਕਰਨਾ ਹਰੇਕ ਵਿਅਕਤੀ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਫੌਜ ਨੂੰ ਹਮੇਸ਼ਾ ਵੀਰ ਸੈਨਿਕ ਦਿੱਤੇ ਹਨ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕੀਤਾ।