ਏਅਰ ਫੋਰਸ ਦੇ ਏਅਰਮੈਨ ਨੇ ਲਿਆ ਫਾਹਾ, ਮੌਤ

Sunday, Apr 08, 2018 - 01:29 PM (IST)

ਏਅਰ ਫੋਰਸ ਦੇ ਏਅਰਮੈਨ ਨੇ ਲਿਆ ਫਾਹਾ, ਮੌਤ

ਚੰਡੀਗੜ੍ਹ (ਸੁਸ਼ੀਲ)-ਏਅਰ ਫੋਰਸ ਦੇ ਏਅਰਮੈਨ ਨੇ ਸੈਕਟਰ-47 ਦੇ ਮਕਾਨ ਵਿਚ ਸ਼ੁੱਕਰਵਾਰ ਰਾਤ ਪੱਖੇ ਨਾਲ ਫਾਹਾ ਲਾ ਲਿਆ। ਸ਼ਨੀਵਾਰ ਸਵੇਰੇ ਏਅਰਮੈਨ ਜਦੋਂ ਡਿਊਟੀ 'ਤੇ ਨਹੀਂ ਪੁੱਜਾ ਤਾਂ ਸਟਾਫ ਮੈਂਬਰ ਉਸ ਦੇ ਘਰ ਪੁੱਜੇ। ਉਨ੍ਹਾਂ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਨਾ ਖੁੱਲ੍ਹਾ। ਉਨ੍ਹਾਂ ਮਾਮਲੇ ਦੀ ਸੂਚਨਾ ਸੀਨੀਅਰ ਅਫਸਰਾਂ ਤੇ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਵੇਖਿਆ ਤਾਂ ਜਵਾਨ ਪੱਖੇ ਨਾਲ ਲਟਕ ਰਿਹਾ ਸੀ। ਪੁਲਸ ਵਲੋਂ ਏਅਰਮੈਨ ਨੂੰ ਫਾਹੇ ਤੋਂ ਉਤਾਰ ਕੇ ਜੀ. ਐੱਮ. ਸੀ. ਐੱਚ.-32 'ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਏਅਰਮੈਨ 28 ਸਾਲਾ ਸੰਜੇ ਕੁਮਾਰ ਵਜੋਂ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਮੁੱਢਲੀ ਜਾਂਚ 'ਚ ਪਤਾ ਲੱਗਾ ਕਿ ਸੰਜੇ ਕਾਫੀ ਦਿਨਾਂ ਤੋਂ ਬੀਮਾਰੀ ਕਾਰਨ ਡਿਪ੍ਰੈਸ਼ਨ 'ਚ ਸੀ। ਸੈਕਟਰ-31 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੈਕਟਰ-31 ਥਾਣਾ ਪੁਲਸ ਨੇ ਦੱਸਿਆ ਕਿ ਏਅਰ ਫੋਰਸ ਦਾ ਏਅਰਮੈਨ ਸੰਜੇ ਸੈਕਟਰ-47 ਦੇ ਮਕਾਨ ਨੰਬਰ 140 ਏ 'ਚ ਪਤਨੀ ਤੇ ਪੁੱਤਰ ਨਾਲ ਰਹਿੰਦਾ ਸੀ। ਸੰਜੇ ਦੀ ਪਤਨੀ ਤੇ ਪੁੱਤਰ ਆਪਣੇ ਘਰ ਝਾਰਖੰਡ ਗਏ ਹੋਏ ਸਨ। ਸ਼ੁੱਕਰਵਾਰ ਨੂੰ ਸੰਜੇ ਸਿੰਘ ਘਰ 'ਚ ਇਕੱਲਾ ਸੀ। ਪੁਲਸ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਸੰਜੇ ਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਆਖਿਰ ਸੰਜੇ ਨੇ ਸੁਸਾਈਡ ਕਿਉਂ ਕੀਤੀ ਹੈ। ਪੁਲਸ ਹਰ ਪੱਖੋਂ ਜਾਂਚ ਕਰਨ 'ਚ ਲੱਗੀ ਹੈ।


Related News