ਰਾਜਾਸਾਂਸੀ: ਏਅਰ ਕੰਪਨੀ ''ਚ ਕੰਮ ਕਰਦੇ ਕਾਮਿਆਂ ਵੱਲੋਂ ਤਨਖਾਹਾਂ ਨਾ ਮਿਲਣ ਕਾਰਨ ਕੀਤਾ ਰੋਸ ਪ੍ਰਦਰਸ਼ਨ
Friday, May 01, 2020 - 04:38 PM (IST)
ਰਾਜਾਸਾਂਸੀ (ਰਾਜਵਿੰਦਰ): ਪੂਰੇ ਭਾਰਤ 'ਚ ਚੱਲ ਰਹੇ ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਹਰੇਕ ਮਿਹਨਤ ਕਸ਼ ਅਤੇ ਮੱਧ ਵਰਗੀ ਲੋਕਾਂ ਦਾ ਜਨ ਜੀਵਨ ਬੜੀ ਮਸ਼ੁਕਲ ਨਾਲ ਚੱਲ ਰਿਹਾ ਹੈ। ਅੱਜ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇੰਡੋਥਾਈ ਏਅਰ ਕੰਪਨੀ 'ਚ ਕੰਟਰੈਕਟ ਤੇ ਕੰਮ ਕਰ ਰਹੇ ਕਾਮਿਆਂ ਵਲੋਂ ਕੰਪਨੀ ਵਲੋਂ 2 ਮਹੀਨਿਆਂ ਤੋਂ ਤਨਖਾਹਾਂ ਨਾ ਦੇਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਸੰਬੋਧਨ ਦੌਰਾਨ ਸਤਿਨਾਮ ਸਿੰਘ,ਜਗਦੇਵ ਸਿੰਘ,ਪ੍ਰਦੇਸ਼ੀ,ਸੇਵਾ ਸਿੰਘ,ਹੀਰਾ ਸਿੰਘ,ਮੰਗਲ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਉਨ੍ਹਾਂ 'ਚੋਂ ਜਿਆਦਾ ਲੋਕ ਲਾਕਡਾਊਨ ਦੇ ਚੱਲਦਿਆਂ ਵੀ ਡਿਊਟੀ ਨਿਭਾ ਰਹੇ ਹਨ ਪਰ ਉਨ੍ਹਾਂ ਨੂੰ ਕਰੀਬ ਦੋ ਮਹੀਨਿਆਂ ਤੋਂ ਤਨਖਾਹਾਂ ਨਹੀ ਮਿਲੀਆਂ।
ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਦੀ ਤਰਜ 'ਤੇ ਇਸ ਮਹਾਮਾਰੀ ਦੌਰਾਨ ਆਪਣੀ ਜਾਨ ਜੋਖਮ 'ਚ ਪਾ ਕਿ ਡਿਊਟੀ ਕਰਨ ਵਾਲੇ ਕਰਮਚਾਰੀਆਂ ਦਾ ਬੀਮਾ ਕੀਤਾ ਜਾਵੇ। ਮਾਸਕ,ਸੈਨੇਟਾਈਜ਼ਰ ਆਦਿ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਸਾਡੀ ਡਿਊਟੀ ਦੌਰਾਨ ਵਰਦੀ ਵੀ ਅੱਧੀ ਬਾਂਹ ਦੀ ਹੈ,ਜੇਕਰ ਕੋਈ ਕਰਮਚਾਰੀ ਆਪਣੀ ਸੇਫਟੀ ਲਈ ਪੂਰੀ ਬਾਂਹ ਦੀ ਵਰਦੀ ਪਾਉਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਕੱਢਣ ਲਈ ਕਿਹਾ ਜਾਂਦਾ ਹੈ, ਕਿਉਂਕਿ ਇਸ ਮਹਾਮਾਰੀ ਦੌਰਾਨ ਬਚਾਅ ਰੱਖਣਾ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹੀਨਾਵਾਰ ਤਨਖਾਹ ਤੇ ਡਿਊਟੀ ਕਰਦੇ ਹਾਂ ਪਰ ਸੀਨੀਅਰ ਅਧਿਕਾਰੀ ਸਾਨੂੰ ਕਹਿ ਰਹੇ ਹਨ ਕਿ ਜਿੰਨੀਆਂ ਦਿਹਾੜੀਆਂ ਲੱਗਣਗੀਆਂ ਉਸ ਦੇ ਹਿਸਾਬ ਨਾਲ ਪੈਸੇ ਮਿਲਣਗੇ, ਜੋ ਕਿ ਸਰਾਸਰ ਗਲਤ ਹੈ। ਕਾਮਿਆਂ ਵਲੋਂ ਕੇਂਦਰ ਸਰਕਾਰ ਅਤੇ ਇੰਡੋਥਾਈ ਕੰਪਨੀ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਕਈ ਸਾਲਾ ਤੋਂ ਇਸ ਕੰਪਨੀ ਨਾਲ ਕੰਮ ਕਰ ਰਹੇ ਹਨ ਅਤੇ ਹਰੇਕ ਔਖੀ ਘੜੀ 'ਚ ਕੰਪਨੀ ਨਾਲ ਖੜੇ ਰਹੇ ਹਨਅਤੇ 200 ਪਰਿਵਰਾਂ ਦਾ ਗੁਜਾਰਾ ਇਸੇ ਕੰਮ ਨਾਲ ਜੁੜਿਆ ਹੈ।