ਖੇਤੀ ਆਰਡੀਨੈਂਸ ਖਿਲਾਫ ਵੋਟ ਕਰਨ ਤੋਂ ਬਾਅਦ ਸੁਖਬੀਰ ਬਾਦਲ ਦਾ ਭਗਵੰਤ ''ਤੇ ਨਿਸ਼ਾਨਾ

Tuesday, Sep 15, 2020 - 10:33 PM (IST)

ਜਲੰਧਰ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਆਰਡੀਨੈਂਸ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੋਣ ਦੇ ਨਾਤੇ ਅੰਨਦਾਤਾ ਦੇ ਹਿੱਤ ਖਿਲਾਫ਼ ਜਾਣ ਵਾਲੀ ਕਿਸੇ ਵੀ ਚੀਜ਼ ਦੀ ਹਮਾਇਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖਾਸਤੌਰ 'ਤੇ ਕਿਸਾਨਾਂ ਦਾ ਹੀ ਸੰਗਠਨ ਹੈ, ਹਰ ਅਕਾਲੀ ਇਕ ਕਿਸਾਨ ਹੈ ਤੇ ਹਰ ਕਿਸਾਨ ਦਿਲੋਂ ਅਕਾਲੀ ਹੈ। ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਤੇ ਕਾਂਗਰਸ ਪਾਰਟੀ 'ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦ ਆਰਡੀਨੈਂਸ ਖਿਲਾਫ ਵੋਟਿੰਗ ਕਰਨ ਦਾ ਸਮਾਂ ਆਇਆ ਤਾਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਉਥੋਂ ਚਲੇ ਗਏ ਸਨ। ਉਸ ਸਮੇਂ ਉਥੇ ਕਾਂਗਰਸੀਆਂ ਤੇ ਭਗਵੰਤ ਮਾਨ 'ਚੋਂ ਕੋਈ ਵੀ ਮੌਜੂਦ ਨਹੀਂ ਸੀ ਅਤੇ ਉਨ੍ਹਾ ਨੇ ਵੋਟ ਇਸ ਆਰਡੀਨੈਂਸ ਖਿਲਾਫ ਨਹੀਂ ਦਿੱਤੀ, ਸਗੋਂ ਆਰਡੀਨੈਂਸ ਖਿਲਾਫ ਬਿਨ੍ਹਾਂ ਵੋਟਿੰਗ ਕੀਤੇ ਹੀ ਉਹ ਉਥੋਂ ਚਲੇ ਗਏ।  
ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਇਨ੍ਹਾਂ ਆਰਡੀਨੈਂਸਾਂ ਬਾਰੇ ਮੰਤਰੀ ਮੰਡਲ ਵਿਚ ਚਰਚਾ ਹੋਈ ਸੀ ਤਾਂ ਪਾਰਟੀ ਦੇ ਪ੍ਰਤੀਨਿਧ ਹਰਸਿਮਰਤ ਬਾਦਲ ਨੇ ਇਸ 'ਤੇ ਇਤਰਾਜ਼ ਉਠਾਏ ਸਨ ਤੇ ਕਿਸਾਨਾਂ ਦੀਆਂ ਚਿੰਤਾਵਾਂ ਦੀ ਗੱਲ ਕੀਤੀ ਸੀ ਤੇ ਬੇਨਤੀ ਕੀਤੀ ਸੀ ਕਿ ਆਰਡੀਨੈਂਸ ਰੋਕ ਲਏ ਜਾਣ ਪਰ ਫੇਰ ਵੀ ਆਰਡੀਨੈਂਸ ਜਾਰੀ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਾਨੂੰ ਆਸ ਸੀ ਕਿ ਸਰਕਾਰ ਇਸ ਬਿਲ ਨੂੰ ਪੇਸ਼ ਕਰਨ ਸਮੇਂ ਆਪਣੀ ਗਲਤੀ ਸੁਧਾਰੇਗੀ ਪਰ ਅਜਿਹਾ ਨਹੀਂ ਹੋਇਆ।


Deepak Kumar

Content Editor

Related News