ਖੇਤੀਬਾੜੀ ਦਾ ਨਵਾਂ ਰੂਪ ਨਵੀਂ ਸੋਚ
Saturday, Apr 27, 2019 - 06:18 PM (IST)
ਜਲੰਧਰ—''ਜਿਸ ਨੂੰ ਕੰਮ ਕਰਨ ਦਾ ਆ ਗਿਆ ਤਰੀਕਾ, ਉਸ ਦਾ ਇੱਥੇ ਹੀ ਅਮਰੀਕਾ'', ਜੀ ਹਾਂ ਕਾਸ਼ਤਕਾਰੀ ਦੇ ਖੇਤਰ 'ਚ ਨਿਵੇਕਲਾਪਣ ਸਾਡੇ ਮੌਜੂਦਾ ਖੇਤੀ ਰੰਗ ਰੂਪ ਨੂੰ ਨਿਖਾਰਨ ਅਤੇ ਸੁਵਾਰਨ ਲਈ ਬੇਹੱਦ ਮਹੱਤਵਪੂਰਨ ਹੈ। ਫਸਲੀ ਚੱਕਰ ਨੂੰ ਨਵਿਉਣ ਲਈ ਜਿਥੇ ਅਗਾਹਵਧੂ ਸੋਚ ਦਾ ਹੋਣਾ ਜਰੂਰੀ ਹੈ, ਉਥੇ ਹੀ ਇਸ ਸੋਚ ਤੇ ਪਹਿਰਾ ਦੇਣ ਲਈ ਭਰਪੂਰ ਤਕਨੀਕੀ ਗਿਆਨ ਅਤੇ ਕਾਸ਼ਤ ਹੇਠ ਲਿਆਈਆ ਜਾਣ ਵਾਲਿਆ ਨਵੀਆ ਫਸਲਾਂ ਦੀ ਮੰਡੀਕਾਰੀ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਸਾਡੇ ਸੂਬੇ ਪੰਜਾਬ 'ਚ ਮੌਜ਼ੂਦਾ ਫਸਲੀ ਚੱਕਰ ਨੂੰ ਨਵਿਉਣ ਲਈ ਬਹੁਤ ਸਾਰੇ ਉਪਲਬਧ ਵਸੀਲਿਆ 'ਚੋਂ ਦਵਾਈਆ ਅਤੇ ਖੁਸ਼ਬੂ ਵਾਲਿਆਂ ਫਸਲਾਂ ਦੀ ਕਾਸ਼ਤਕਾਰੀ ਵੱਲ ਵੀ ਕਿਸਾਨਾਂ ਨੇ ਅਪਣਾ ਰੁਝਾਨ ਦਰਸਾਇਆ ਹੈ ਤੇ ਜਿਹੜੇ ਕਿਸਾਨਾਂ ਨੇ ਪੰਜਾਬ 'ਚ ਮੁਕੰਮਲ ਤਕਨੀਕੀ ਅਤੇ ਵਿਹਾਰੀ ਗਿਆਨ ਤੋ ਬਾਅਦ ਇਨਾਂ ਫਸਲਾਂ ਦੀ ਕਾਸ਼ਤਕਾਰੀ ਅਪਣਾਈ ਹੈ। ਉਨ੍ਹਾ ਨੇ ਖਾਸੀ ਕਮਾਈ ਨਾਲ ਨਾਲ ਕੁਦਰਤੀ ਤਾਣੇ-ਬਾਣੇ ਨੂੰ ਵੀ ਮਜ਼ਬੂਤ ਕੀਤਾ ਹੈ। ਅਜਿਹੇ ਕਿਸਾਨਾਂ ਲਈ ਸਾਡਾ ਪੰਜਾਬ ਹੀ ਫੋਰਨ ਵਰਗਾ ਹੈ। ਸਾਡੇ ਸੂਬੇ 'ਚ ਖੇਤੀ ਦੇ ਨਵੇਂ ਰੰਗ ਰੂਪ ਅਨੁਸਾਰ ਦਵਾਇਆ ਅਤੇ ਖੁਸ਼ਬੂ ਵਾਲਿਆ ਫਸਲਾਂ ਦੀ ਕਾਸਤਕਾਰੀ ਕਰਨ ਦੀ ਨਿਮਨਲਿਖਤ ਸਿਫਾਰਸ਼ ਕੀਤੀ ਗਈ ਹੈ|
1)ਐਲੋਵੀਰਾ: -ਐਲੋਵੀਰਾ ਜਾ ਕੁਵਾਰ ਗੰਧਲ ਇਹ ਪੌਦਾ ਅਕਸਰ ਘਰਾਂ 'ਚ ਜਾ ਘਰੇਲੂ ਬਗੀਚੀ 'ਚ ਸੁਆਣੀਆ ਲਗਾਉਂਦੀਆ ਹਨ ਤੇ ਇਸ ਪੌਦੇ ਨੂੰ ਹਰ ਬਿਮਾਰੀ ਦੇ ਇਲਾਜ ਦਾ ਰਾਮ ਬਾਨ ਵੀ ਕਿਹਾ ਜਾਂਦਾ ਹੈ। ਵਪਾਰਕ ਪੱਧਰ ਤੇ ਇਸ ਦੀ ਦਵਾਈ ਵਾਲੀ ਫਸਲ ਦੇ ਨਾਤੇ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਨੂੰ ਖੇਤਾ 'ਚ ਲਗਾਉਣ ਲਈ ਕਵਾਰ ਗੰਧਲ ਦੇ ਸਕਰ ਭਾਵ ਪੌਦੇ ਲਗਾਏ ਜਾਂਦੇ ਹਨ। ਭਰ ਸਰਦੀ ਨੂੰ ਛੱਡ ਕੇ ਇਸ ਨੂੰ ਕਿਸੇ ਵੀ ਮੌਸਮ ਵਿੱਚ ਲਗਾਇਆ ਜਾ ਸਕਦਾ ਹੈ।|ਗਰਮ ਪੌਣ-ਪਾਣੀ ਅਤੇ ਚੰਗੇ ਜਲ ਵਿਕਾਸ ਵਾਲੀ ਭੌ 'ਚ 400-500 ਪੌਦੇ ਪ੍ਰਤੀ ਏਕੜ ਖੇਲਾ 'ਚ 1x1 ਮੀਟਰ ਦੀ ਵਿਥ ਤੇ ਬੂਟੇ ਲਗਏ ਜਾ ਸਕਦੇ ਹਨ।ਬਾਰਬੇਡੈਨਸਿਮ ਮਿਲਰ ਨਾਮ ਦੀ ਕਿਸਮ ਦੇ ਸਕਰ ਪੌਦੇ ਜੋ ਕਿ 15 ਤੋ 20 ਸੈਟੀਮੀਟਰ ਉਚੇ ਹੋਣ, ਲਵਾਈ ਲਈ ਸਹੀ ਦੱਸੇ ਜਾਂਦੇ ਹਨ।|ਇਸ ਦੇ ਸਹੀ ਵਾਧੇ ਲਈ ਪੂਰੇ ਸਾਲ ਦੌਰਾਨ ਤਕਰੀਬਨ 10-12 ਪਾਣੀਆ ਦੀ ਲੋੜ ਪੈਂਦੀ ਹੈ। ਪੌਦਿਆਂ ਦੇ ਪੈਰਾ 'ਚ ਪਾਣੀ ਖੜਨ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਲਈ ਵੱਟਾਂ 'ਤੇ ਬਿਜਾਈ ਕਰਨੀ ਲਾਹੇਵੰਦੀ ਹੈ| ਪਾਣੀ ਦੀ ਘੱਟ ਲੋੜ ਨੂੰ ਧਿਆਨ 'ਚ ਰੱਖਦੇ ਹੋਏ ਇਸ ਗੱਲ ਦੀ ਸਿਫਾਰਸ ਕੀਤੀ ਗਈ ਹੈ ਕਿ ਇਹ ਫਸਲ ਪੰਜਾਬ ਦੇ ਕੰਢੀ ਵਾਲੇ ਅਤੇ ਬਰਾਨੀ ਇਲਾਕਿਆਂ ਲਈ ਕਾਫੀ ਢੁਕਵੀ ਹੈ। ਸਾਲ 'ਚ ਪ੍ਰਤੀ ਪੌਦਾ 3 ਤੋ 5 ਕਿਲੋ ਪੱਤੇ ਉਪਲਬਧ ਹੋ ਸਕਦੇ ਹਨ। ਇਹ ਫਸਲ ਰੂੜੀ ਦੀ ਖਾਦ ਜਾ ਜੈਵਿਕ ਢੰਗ ਨਾਲ ਪਾਲਣੀ ਜਿਆਦਾ ਫਾਈਦੇਮੰਦ ਹੁੰਦੀ ਹੈ। ਰੂੜੀ ਦੀ ਖਾਦ ਜੈਵਿਕ ਢੰਗ ਨਾਲ ਤਿਆਰ ਕੀਤੇ ਐਲੋਵੀਰਾ ਦੇ ਪੱਤੇ ਮੁਕਾਬਲਤਨ ਜਿਆਦਾ ਭਾਅ ਦੇ ਸਕਦੇ ਹਨ।ਐਲੋਵੀਰਾ ਦੇ ਪੱਤਿਆ ਤੋ ਸਰੀਰ ਤੇ ਲਾਉਣ ਵਾਸਤੇ ਕਰੀਮਾਂ, ਲੋਸ਼ਨ ਅਤੇ ਪੀਣ ਵਾਲੇ ਪੋਸ਼ਟਿਕ ਟੋਨਕ ਬਣਦੇ ਹਨ ਅਤੇ ਰਾਸ਼ਟਰੀ ਮੰਡੀ 'ਚ ਵੀ ਹੁਣ ਐਲੋਵੀਰਾ ਦੇ ਪੱਤਿਆ ਦੀ ਕਾਫੀ ਮੰਗ ਵੱਧ ਰਹੀ ਹੈ। ਇਸ ਮੰਗ ਸੰਬੰਧੀ ਅਗਾਉ ਮੰਡੀਕਾਰੀ ਦੇ ਪੁਖਤਾ ਇੰਤਜ਼ਾਮ ਕਰਨ ਉਪਰੰਤ ਇਸ ਫਸਲ ਦੀ ਕਾਸ਼ਤਕਾਰੀ ਤੋਂ ਅਸੀਂ ਭਰਵਾਂ ਫਾਇਦਾ ਉਠਾ ਸਕਦੇ ਹਾਂ। ਮਾਹਿਰਾਂ ਅਨੁਸਾਰ ਸਾਲ 'ਚ 2-3 ਕਟਾਈਆਂ ਸਹਿਜੇ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।|ਇਸ ਫਸਲ ਦੀ ਕਾਸ਼ਤਕਾਰੀ ਖੇਤੀ ਖਰਚਿਆ ਦੇ ਬਚਾਅ ਦੇ ਨਾਲ-ਨਾਲ ਵਾਤਾਵਰਨ ਹਿੱਤਕਾਰੀ ਵੀ ਦੱਸੀ ਜਾ ਰਹੀ ਹੈ ਭਾਵ ਕਿ ਘੱਟ ਪਾਣੀ ਦੀ ਵਰਤੋ ਅਤੇ ਘੱਟ ਰਸਾਇਣਾ ਦਾ ਇਸਤੇਮਾਲ ਫਸਲ ਦੀ ਸਫਲਤਾ ਦੀ ਕੁੰਜੀ ਹੈ|
2)ਹਲਦੀ:-ਹਲਦੀ ਦੀ ਫਸਲ ਦੀ ਖੇਤੀ ਵੀ ਕਾਫੀ ਪ੍ਰਚਲਤ ਹੋ ਰਹੀ ਹੈ। ਇਸ ਫਸਲ ਨੂੰ ਘਰ ਖਾਣ ਵਾਸਤੇ ਤਾਂ ਕਾਫੀ ਕਿਸਾਨ ਬੀਜਦੇ ਹਨ ਪਰ ਬਹੁਤ ਸਾਰੇ ਕਿਸਾਨ ਇਸ ਦੀ ਖੇਤੀ ਵਿਉਪਾਰਕ ਪੱਧਰ ਤੇ ਵੀ ਕਰਦੇ ਹਨ। ਇਸ ਫਸਲ ਦੀ ਬੀਜਾਈ ਲਈ ਅਪ੍ਰੈਲ ਮਹੀਨਾ ਢੁਕਵਾ ਸਮਾਂ ਦੱਸਿਆ ਜਾਂਦਾ ਹੈ| ਚੰਗੇ ਜਲ ਵਿਕਾਸ ਵਾਲਿਆ ਰੇਤਲੀਆਂ ਤੇ ਮੈਰਾ ਜਮੀਨਾਂ ਅਨੁਕੂਲ ਹਨ। ਇਸ ਫਸਲ ਲਈ 6-8 ਕੁਇੰਟਲ ਹਲਦੀ ਦਾ ਬੀਜ ਬੀਜਣ ਨਾਲ 60-80 ਕੁਇੰਟਲ ਤੱਕ ਝਾੜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ| ਹਲਦੀ ਦੀ ਫਸਲ ਨੂੰ ਉਬਾਲਣ ਉਪਰੰਤ ਸੁਕਾਉਣ ਅਤੇ ਪਾਊਡਰ ਬਣਾ ਕੇ ਵੇਚਣ ਨਾਲ ਕਾਫੀ ਕਿਸਾਨ ਚੰਗਾ ਮੁਨਾਫਾ ਕਮਾ ਰਹੇ ਹਨ। ਹਲਦੀ ਦੀ ਹਰ ਘਰ 'ਚ ਜਰੂਰਤ ਹੁੰਦੀ ਹੈ ਇਸ ਨੂੰ ਬਤੌਰ ਮਸਾਲੇ, ਦਵਾਈਆਂ ਅਤੇ ਕਰੀਮਾਂ ਆਦਿ 'ਚ ਵਰਤਿਆ ਜਾਂਦਾ ਹੈ। ਹਲਦੀ ਦੀ ਕਾਸਤਕਾਰੀ 'ਚ ਸਫਲਤਾ ਦੀ ਕੁੰਜੀ ਵੀ ਦੂਜਿਆਂ ਨਿਵੇਕਲਿਆ ਫਸਲਾਂ ਵਾਂਗੂ ਮੰਡੀਕਾਰੀ ਲਈ ਅਗਾਂਉ ਇੰਤਜਾਮ ਜਾਂ ਫਿਰ ਪਾਊਡਰ ਹਲਦੀ ਦੀ ਸਿੱਧੀ ਖਪਤਕਾਰਾਂ ਨੂੰ ਪੈਕਿੰਗ ਉਪਰੰਤ ਵਿਕਰੀ ਵੀ ਕਾਫੀ ਮਾਲੀ ਫਾਇਦਾ ਦੇ ਸਕਦੀ ਹੈ|
3) ਕਰਨੋਲੀ:-ਇਸ ਫਸਲ ਦੇ ਬੀਜ ਦੀ ਬਾਹਰਲੇ ਮੁਲਕਾਂ 'ਚ ਕਾਫੀ ਮੰਗ ਦੱਸੀ ਜਾਂਦੀ ਹੈ। ਇਸ ਫਸਲ ਦੇ ਵਾਧੇ ਲਈ ਦਰਮਿਆਨਾ ਠੰਡਾ ਵਾਤਾਵਰਨ ਲੋੜੀਦਾ ਹੈ, ਬਿਜਾਈ ਲਈ 15 ਸੰਤਬਰ ਤੋ 15 ਅਕਤੂਬਰ ਤੱਕ ਦਾ ਢੁਕਵਾਂ ਸਮਾਂ ਹੁੰਦਾ ਹੈ। ਅਮ੍ਰਿਤਸਰ ਅਤੇ ਗੁਰਦਾਸਪੁਰ ਦੇ ਬਹੁਤ ਸਾਰੇ ਕਾਸ਼ਤਕਾਰ ਇਸ ਫਸਲ ਦੀ ਬਿਜਾਈ ਤੋ ਲਾਭ ਪ੍ਰਾਪਤ ਕਰ ਰਿਹੇ ਹਨ। 400 ਗ੍ਰਾਮ ਬੀਜ ਨੂੰ ਪਨੀਰੀ ਦੇ ਤੌਰ ਤੇ ਬੀਜਣ ਨਾਲ 60 ਤੋ 70 ਇਨਾ ਦੀ ਪਨੀਰੀ ਨੂੰ ਇਕ ਏਕੜ 'ਚ 45 ਸੈਟੀਮੀਟਰ ਦੀਆਂ ਲਾਈਨਾ ਵਿਚਕਾਰ ਬੀਜੀਆ ਜਾ ਸਕਦਾ ਹੈ। ਇਹ ਫਸਲ ਪੱਕਣ ਲਈ 160 ਤੋ 170 ਦਿਨਾਂ ਦਾ ਸਮਾਂ ਲੈਂਦੀ ਹੈ। ਕਰਨੋਲੀ ਦੇ ਬੀਜਾਂ ਨੂੰ ਦਵਾਇਆ ਦੇ ਤੌਰ ਤੇ ਵਰਤਿਆ ਜਾਂਦਾ ਹੈ|
4) ਰਤਨਜੋਤ:-ਇਸ ਨੂੰ ਜਟਰੋਫਾ ਜਾ ਬਾਇਉਡੀਜਲ ਵੀ ਆਖਿਆ ਜਾਂਦਾ ਹੈ। ਇਸ ਤੋ ਡੀਜ਼ਲ ਤੇਲ ਬਣਦਾ ਹੈ, ਜੋ ਕਿ ਸਾਬਣ, ਗਰੀਸ, ਮੋਮਬਤਿਆ ਆਦਿ ਦੇ ਕਾਰਖਾਨਿਆਂ 'ਚ ਵਰਤਿਆ ਜਾਂਦਾ ਹੈ। ਇਸ ਬਾਇਉਡੀਜ਼ਲ ਤੇਲ ਨੂੰ ਦਵਾਇਆ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ। ਇਸ ਦੇ ਪੌਦਿਆਂ ਦੀ ਲਵਾਈ ਜੁਲਾਈ ਜਾ ਫਿਰ ਫਰਵਰੀ 'ਚ ਕੀਤੀ ਜਾ ਸਕਦੀ ਹੈ। ਸਾਰਾ ਸਾਲ ਹਰਾ ਰਹਿਣ ਵਾਲੇ ਜਟਰੋਫਾ ਦੇ ਪੌਦੇ ਰੋੜਿਆ, ਰੇਤਲੀਆਂ, ਖਾਰੀਆਂ ਜ਼ਮੀਨਾਂ 'ਚ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ ਇਸ ਨੂੰ ਖੇਤਾ ਦੇ ਵੱਟਾਂ, ਰੋਡ ਜਾ ਰੇਲਵੇ ਲਾਇਨਾਂ ਦੇ ਲਾਗੇ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਲਵਾਈ ਦੇ ਪਹਿਲੇ ਸਾਲ ਇਕ ਏਕੜ ਜਟਰੋਫਾ ਤੋ ਤਕਰੀਬਨ 10 ਕੁਇੰਟਲ ਬੀਜ ਪ੍ਰਾਪਤ ਕੀਤਾ ਜਾ ਸਕਦੇ ਹੈ ਜੋ ਕਿ 4-5 ਸਾਲਾਂ ਬਾਅਦ ਤਕਰੀਬਨ 25ਕੁ ਤੱਕ ਬੀਜ ਪ੍ਰਾਪਤ ਕੀਤਾ ਜਾ ਸਕਦਾ ਹੈ| ਇਸ ਪੌਦੇ ਦੀ ਪਾਣੀ ਦੀ ਘੱਟ ਲੋੜ ਅਤੇ ਬਗੈਰ ਕਿਸੇ ਖਾਸ ਜਦੋ ਜਹਿਦ ਨਾਲ ਪੈਦਾਵਾਰ ਦੇ ਸਕਣ ਕਰਕੇ ਖਾਸੀ ਮਹੱਤਤਾਂ ਰੱਖਦਾ ਹੈ|
5) ਸਟੀਵੀਆ:-ਇਹ ਦਵਾਈ ਵਾਲੀ ਜੜੀ ਬੂਟੀ ਵੱਜੋ ਜਾਣੀ ਜਾਂਦੀ ਹੈ। ਇਸ ਪੌਦੇ ਦੇ ਵਾਧੇ ਲਈ ਅਰਧ ਖੁਸ਼ਕ ਜਲਵਾਯੁ ਅਨੁਕੂਲ ਹੈ। ਗਰਮ ਮੌਸਮ 'ਚ ਇਸ ਪੌਦੇ ਦਾ ਵਾਧਾ ਜਿਆਦਾ ਤੇਜ਼ੀ ਨਾਲ ਹੁੰਦਾ ਹੈ। ਇਸ ਸਖਤ ਜੜ੍ਹੀ ਬੂਟੀ ਵਾਲੀ ਬੂਟੀ ਨੂੰ ਅਖੀਰ ਫਰਵਰੀ ਤੋ ਮਾਰਚ ਦੌਰਾਨ ਬੀਜਣ ਦੀ ਸਿਫਾਰਸ਼ ਕੀਤੀ ਗਈ ਹੈ। ਕਈ ਵਰ੍ਹਿਆ ਤੱਕ ਚੱਲ ਸਕਣ ਵਾਲੇ ਇਸ ਸਟੀਵੀਆ ਦੇ ਬੁਟੇ 'ਚ ਮਿਠਾਸ ਦੀ ਮਾਤਰਾ ਖੰਡ ਤੋ 250 ਤੋ 350 ਗੁਣਾ ਜਿਆਦਾ ਹੁੰਦੀ ਹੈ ਅਤੇ ਇਸ ਦੀ ਮਿਠਾਸ 'ਚ 5 ਤੋ 12% ਤੱਕ ਸੂਗਰ ਹੁੰਦੀ ਹੈ। ਇਸ ਕਰਕੇ ਇਹ ਬੂਟੇ ਦੇ ਪੱਤੇ ਸ਼ੂਗਰ ਦੇ ਮਰੀਜਾਂ ਲਈ ਵਰਦਾਨ ਬੂਟੀ ਵੱਜੋ ਜਾਣਿਆ ਜਾਂਦਾ ਹੈ। ਇਸ ਪੌਦੇ ਨੂੰ ਪਹਿਲਾ ਪਨੀਰੀ ਦੇ ਤੌਰ ਤੇ ਉਗਾਇਆ ਜਾਂਦਾ ਹੈ ਤੇ ਇਕ ਏਕੜ 'ਚ 1ਫੁੱਟ x ਪੋਣੀ ਫੁੱਟ ਦੀ ਵਿੱਥ ਤੇ 30000 ਪੌਦੇ ਲਗਾਏ ਜਾ ਸਕਦੇ ਹਨ। ਇਸ ਦੀ ਪਹਿਲੀ ਕਟਾਈ ਪਨੀਰੀ ਲਾਉਣ ਤੋ ਤਕਰੀਬਨ 4 ਮਹੀਨੇ ਬਾਅਦ ਹੁੰਦੀ ਹ। ਸਾਲ 'ਚ 4 ਕਟਾਇਆ ਤੱਕ ਕੀਤੀਆ ਜਾ ਸਕਦੀਆਂ ਹਨ। ਸਟੀਵੀਆ ਦੇ ਇਸ ਪੌਦੇ ਦੇ ਵਾਧੇ ਲਈ ਜੈਵਿਕ ਖਾਦਾਂ ਦੀ ਵਰਤੋ ਹੀ ਕੀਤੀ ਜਾਂਦੀ ਹੈ। ਇਸ ਤਰਾਂ ਨਾਲ ਕਰਨ ਨਾਲ ਘੱਟ ਖਰਚਿਆ ਨਾਲ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ|
6) ਲੈਮਨ ਗਰਾਸ:-ਭਾਰਤ ਦੇ ਜੰਮ ਪਲ ਇਸ ਪੌਦੇ ਦਾ ਵੀ ਸਾਡੇ ਸੂਬੇ 'ਚ ਭਵਿੱਖ ਉਜਵਲ ਕੀਤਾ ਜਾ ਸਕਦਾ ਹੈ। ਇਸ ਦੇ ਤੇਲ ਤੌਂ ਸਾਬਣ, ਅਗਰਬਤੀ, ਮੱਛਰਮਾਰ ਮੈਟ ਅਤੇ ਹੋਰ ਚਮੜੀ ਦੀਆਂ ਦਵਾਈਆਂ ਤਿਆਰ ਹੁੰਦੀਆ ਹਨ। ਇਹ ਫਸਲ ਇਕ ਵਾਰੀ ਬੀਜਣ ਨਾਲ 6-7 ਸਾਲ ਤੱਕ ਉਤਪਾਦਨ ਦੇਣ ਦੇ ਸਮਰੱਥ ਹੈ। ਜੂਨ ਜੂਲਈ ਦੇ ਮਹੀਨਿਆਂ 'ਚ ਬੀਜੀ ਜਾ ਸਕਣ ਵਾਲੀ ਇਸ ਫਸਲ ਦੀਆਂ ਵੀ ਹਰੇਕ ਸਾਲ 4 ਤੋ 5 ਕਟਾਇਆ ਕੀਤੀਆ ਜਾ ਸਕਦੀਆਂ ਹਨ। ਇਹ ਫਸਲ ਵੀ ਸਖਤ ਫਸਲ ਹੋਣ ਕਾਰਨ ਕੀੜੀਆ-ਮਕੌੜਿਆ ਅਤੇ ਜਾਨਵਰਾਂ ਤੋ ਕੁਦਰਤੀ ਹੀ ਬਚੀ ਰਹਿੰਦੀ ਹ। ਪੰਜਾਬ ਦੇ ਕੰਢੀ ਦੇ ਇਲਾਕਿਆਂ ਵਾਸਤੇ ਇਸ ਫਸਲ ਦੀ ਕਾਸ਼ਤ ਕਰਕੇ ਲਾਭ ਕਮਾਇਆ ਜਾ ਸਕਦਾ ਹੈ ਲੈਮਨ ਗਰਾਸ ਬੂਟੀ ਨੂੰ ਚਾਹ, ਸੂਪ ਆਦਿ ਲਈ ਵੀ ਵਰਤਿਆ ਜਾਂਦਾ ਹੈ, ਜੋ ਕਿ ਖਾਂਸੀ ਜੁਕਾਮ ਲਈ ਫਾਈਦੇਮੰਦ ਦੱਸੀ ਜਾਂਦੀ ਹੈ|
ਉਪਰੋਕਤ ਤੋ ਇਲਾਵਾ ਸੋਂਫ, ਮੈਥਾਂ ਆਦਿ ਫਸਲਾਂ ਦੀ ਕਾਸ਼ਤ ਲਈ ਹੋਰ ਵਧੇਰੇ ਤਕਨੀਕੀ ਜਾਣਕਾਰੀ ਮਾਹਿਰਾਂ ਪਾਸੋ ਪ੍ਰਾਪਤ ਕਰਨ ਉਪਰੰਤ ਇਨ੍ਹਾ ਫਸਲਾ ਦੀ ਕਾਸ਼ਤ ਕੀਤੀ ਜਾ ਸਕਦੀ ਹੈ|ਪਰ ਸਭ ਤੋ ਮਹੱਤਵਪੂਰਣ ਗੱਲ ਸਾਡੀਆ ਹੋਰ ਰਵਾਇਤੀ ਫਸਲਾਂ ਦੀ ਮੰਡੀਕਾਰੀ ਦੇ ਮੁਕਾਬਲੇ ਇਨ੍ਹਾ ਫਸਲਾਂ ਦੀ ਮੰਡੀਕਾਰੀ ਲਈ ਸਾਨੂੰ ਬਿਜਾਈ ਤੋ ਪਹਿਲਾਂ ਹੀ ਇੰਤਜਾਮ ਕਰਨੇ ਜਰੂਰੀ ਹੁੰਦੇ ਹਨ ਪਰ ਇਸ ਗੱਲ 'ਚ ਵੀ ਕੋਈ ਦੋ ਰਾਏ ਨਹੀਂ ਹਨ ਕਿ ਇਹ ਫਸਲਾ ਜੇਕਰ ਪੂਰੇ ਯੋਜਨਾ ਬੰਦ ਤਰੀਕੇ ਨਾਲ ਬੀਜੀਆਂ ਜਾਣ ਤਾਂ ਖੇਤੀ ਖਰਚਿਆ ਦੇ ਘੱਟਣ, ਕੁਦਰਤੀ ਵਸੀਲੀਆਂ ਦੇ ਬਚਾਉਣ ਅਤੇ ਕਿਸਾਨ ਦੀ ਨਿਰੋਲ ਆਮਦਨ ਦੇ ਵਾਧੇ 'ਚ ਇਨ੍ਹਾ ਫਸਲਾ ਦੀ ਕਾਸ਼ਤਕਾਰੀ ਕਾਫੀ ਸਹਾਈ ਸਿੱਧ ਹੋ ਸਕਦੀ ਹੈ|
* ਡਾ. ਨਰੇਸ ਕੁਮਾਰ ਗੁਲਾਟੀ
* ਖੇਤੀਬਾੜੀ ਅਫਸਰ