ਅਹਿਮ ਖਬਰ : ਖੇਤੀਬਾੜੀ ਦਾ ਸੰਕਟ ਕੋਰੋਨਾ ਸੰਕਟ ਤੋਂ ਵੀ ਪਹਿਲਾਂ ਦਾ

Wednesday, Apr 22, 2020 - 10:26 AM (IST)

ਅਹਿਮ ਖਬਰ : ਖੇਤੀਬਾੜੀ ਦਾ ਸੰਕਟ ਕੋਰੋਨਾ ਸੰਕਟ ਤੋਂ ਵੀ ਪਹਿਲਾਂ ਦਾ

ਲੁਧਿਆਣਾ (ਹਰਪ੍ਰੀਤ ਸਿੰਘ ਕਾਹਲੋਂ ਅਤੇ ਸਰਬਜੀਤ ਸਿੰਘ ਸਿੱਧੂ) - ਪਹਿਲਾਂ ਸਾਡਾ ਨਾਇਕ ਖੇਤਾਂ ਦਾ ਪੁੱਤ ਕਿਸਾਨ ਸੀ। ਸਾਡੀਆਂ ਫ਼ਿਲਮਾਂ ਦਾ ਨਾਇਕ ਵੀ ਖੇਤਾਂ ਦਾ ਪੁੱਤ ਕਿਸਾਨ ਸੀ। ਹੁਣ ਖੇਤਾਂ ਦਾ ਪੁੱਤ ਕਿਸਾਨ ਨਾਂ ਫ਼ਿਲਮਾਂ ਦਾ ਨਾਇਕ ਹੈ ਨਾ ਅਸਲ ਜ਼ਿੰਦਗੀ ਦਾ ਨਾਇਕ ਰਿਹਾ। 1947 ਭਾਰਤ ਦੀ ਆਜ਼ਾਦੀ ਤੋਂ ਬਾਅਦ 1969 ਹਰੀ ਕ੍ਰਾਂਤੀ ਤੱਕ ਅਤੇ ਹਰੀ ਕ੍ਰਾਂਤੀ ਤੋਂ ਬਾਅਦ 2020 ਤੱਕ ਪੇਂਡੂ ਜ਼ਿੰਦਗੀ ਅਤੇ ਖੇਤੀਬਾੜੀ ਦੀ ਤਸਵੀਰ ਜਿੰਨੀ ਬਦਲੀ ਹੈ ਉਨੀ ਸ਼ਾਇਦ ਕਿਸੇ ਹੋਰ ਧੰਦੇ ਦੀ ਨਹੀਂ ਬਦਲੀ। ਇਸ ਵੱਡੀ ਤਸਵੀਰ ਵਿਚ ਪਾਣੀ ਹੋਰ ਡੂੰਘੇ ਹੁੰਦੇ ਗਏ। ਕਿਸਾਨ ਖ਼ੁਦਕੁਸ਼ੀਆਂ ਵਧਦੀਆਂ ਗਈਆਂ। ਜ਼ਮੀਨਾਂ ਘਟਦੀਆਂ ਗਈਆਂ। ਪੇਂਡੂ ਜ਼ਿੰਦਗੀ ਬੀਮਾਰੀਆਂ ਨਾਲ ਘਿਰੀ ਹੋਈ ਹੈ। ਪ੍ਰਦੂਸ਼ਿਤ ਆਬੋ ਹਵਾ,ਪਾਣੀਆਂ ਦਾ ਬੇਤਰਤੀਬਾ ਪ੍ਰਬੰਧ, ਫ਼ਸਲੀ ਚੱਕਰ ਅਤੇ ਕਰਜ਼ਾਈ ਖੇਤੀਬਾੜੀ ਨੇ ਵੱਡਾ ਸੰਕਟ ਖਡ਼੍ਹਾ ਕੀਤਾ ਹੈ। ਇਹ ਸੰਕਟ ਇਸ ਦੌਰ ਦੇ ਕਰੋਨਾ ਸੰਕਟ ਤੋਂ ਵੀ ਪਹਿਲਾਂ ਦਾ ਹੈ। ਆਲਮੀ ਧਰਤ ਦਿਹਾੜੇ ਤੇ ਪੰਜਾਬ ਦੀ ਖੇਤੀਬਾੜੀ ਆਬੋ ਹਵਾ ਅਤੇ ਜ਼ਿੰਦਗੀ ਨੂੰ ਸਮਝਣ ਦਾ ਤਹੱਈਆ ਹੈ।

ਖੇਤੀਬਾੜੀ ਪੰਜਾਬ ਰਾਜ ਦਾ ਪ੍ਰਮੁੱਖ ਕਿੱਤਾ ਹੈ । ਭਾਰਤ ਦੇ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਨੇ ਖੇਤੀਬਾੜੀ ਵਿਕਾਸ ਵਿੱਚ ਮਾਣ ਵਾਲੀ ਜਗ੍ਹਾ ਹਾਸਲ ਕੀਤੀ ਹੈ। ਹਰੀ ਕ੍ਰਾਂਤੀ ਦੇ ਸਮੇਂ ਖੇਤੀਬਾੜੀ ਦੀ ਸਭ ਤੋਂ ਵੱਧ ਉਪਜ ਇਸ ਦੀ ਗਵਾਹ ਹੈ। ਖੇਤੀ ਆਰਥਿਕਤਾ, ਜ਼ਮੀਨਾਂ ਦਾ ਸਹੀ ਵਟਾਂਦਰਾ ਅਤੇ ਮੁੜ ਸਥਾਪਤੀ, ਸਿੰਚਾਈ ਦਾ ਵਿਕਾਸ, ਵਧੇਰੇ ਪੈਦਾਵਾਰ ਵਾਲੇ ਕਈ ਕਿਸਮਾਂ ਦੇ ਬੀਜ, ਰਸਾਇਣਕ ਖਾਦਾਂ, ਕੀਟਨਾਸ਼ਕਾਂ ਆਦਿ ਕਾਰਨ ਪੰਜਾਬ ਦੀ ਖੇਤੀ ਨੂੰ ਤੇਜ਼ੀ ਨਾਲ ਅੱਗੇ ਵਧਣ ਵਿਚ ਸਹਾਇਤਾ ਮਿਲੀ ।

ਭਾਰਤ ਦੇ ਕੁੱਲ ਭੂਗੋਲਿਕ ਖੇਤਰ ਵਿਚੋਂ ਪੰਜਾਬ ਤੁਲਣਾਤਮਕ ਤੌਰ ’ਤੇ 1.54 ਫੀਸਦੀ ਹੈ ਤੇ ਪੰਜਾਬ ਭਾਰਤ ਦੇ ਕੁੱਲ ਅਨਾਜ ਉਤਪਾਦਨ ’ਚੋਂ 13 ਤੋਂ 14 ਫੀਸਦੀ ਤੱਕ ਹਿੱਸਾ ਪਾਉਂਦਾ ਹੈ। ਪੰਜਾਬ ਦਾ ਕੇਂਦਰੀ ਭੰਡਾਰ ਵਿਚ ਕਣਕ ਅਤੇ ਚਾਵਲ ਦਾ ਯੋਗਦਾਨ ਕਰਮਵਾਰ 35.46 ਅਤੇ 25.53 ਫੀਸਦੀ ਹੈ।

ਹਰੀ ਕ੍ਰਾਂਤੀ ਤੋਂ ਬਾਅਦ ਕੀਟਨਾਸ਼ਕ, ਨਦੀਨ ਨਾਸ਼ਕ, ਰਸਾਇਣਕ ਖਾਦਾਂ, ਨਹਿਰੀ ਅਤੇ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰਨ ਨਾਲ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਤਾਂ ਭਰ ਦਿੱਤੇ ਹਨ ਪਰ ਖੁਦ ਕੁਦਰਤੀ ਤੌਰ ਤੇ ਖੋਖਲਾ ਹੋ ਗਿਆ ਹੈ ।

ਕੀਟਨਾਸ਼ਕ ਅਤੇ ਨਦੀਨਨਾਸ਼ਕ
ਸਪਰੇਹਾਂ ਦੀ ਗੱਲ ਕਰੀਏ ਤਾਂ 1980 ਤੋਂ ਲੈ ਕੇ ਲਗਾਤਾਰ ਇਸ ਦੀ ਮਾਤਰਾ ਵਧਦੀ ਗਈ । 2010 ਤੱਕ ਇਸ ਨੂੰ ਥੋੜ੍ਹੀ ਠੱਲ੍ਹ ਪਈ ਕਿਉਂਕਿ ਬੀਟੀ ਨਰਮੇ ਦੀਆਂ ਕਿਸਮਾਂ ਹੋਂਦ ਵਿਚ ਆਈਆਂ। ਜਿਨ੍ਹਾਂ ਉੱਤੇ ਸਪਰੇਅ ਕਰਨ ਦੀ ਲੋੜ ਨਹੀਂ ਸੀ ਪੈਂਦੀ । ਇਸ ਤੋਂ ਬਾਅਦ ਫੇਰ ਕੀਟ ਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਖਪਤ ਵਧਣੀ ਸ਼ੁਰੂ ਹੋ ਗਈ ।

PunjabKesari

ਰਸਾਇਣਕ ਖਾਦਾਂ
ਰਸਾਇਣਕ ਖਾਦਾਂ ਦੀ ਵਰਤੋਂ ਵੀ 1980 ਵਿਚ 762 ਹਜ਼ਾਰ  ਨਟਿਰੀਐਂਟਸ ਟਨ ਤੋਂ ਲਗਾਤਾਰ ਬੰਦੀ ਹੋਈ ਦੋ ਹਜ਼ਾਰ ਦਸ ਤੱਕ 1911 ਹਜ਼ਾਰ  ਨਟਿਰੀਐਂਟਸ ਟਨ ਹੋ ਗਈ । ਇਸ ਤੋਂ ਬਾਅਦ ਨੀਮ ਯੂਰੀਆ ਦੀ ਵਰਤੋਂ ਹੋਣੀ ਸ਼ੁਰੂ ਹੋਈ ਜਿਸ ਕਰਕੇ ਰਸਾਇਣਕ ਖਾਦਾਂ ਦੀ ਖਪਤ ਨੂੰ ਠੱਲ੍ਹ ਪਈ ।

PunjabKesari

ਝੋਨੇ ਅਧੀਨ ਰਕਬਾ
ਪੰਜਾਬ ਵਿੱਚ ਵੰਡ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫ਼ਸਲਾਂ ਦੀ ਉਪਜ ਹੀ ਕੀਤੀ ਜਾਂਦੀ ਸੀ । ਨਰਮੇ ਅਤੇ ਝੋਨੇ ਦੀ ਤੁਲਨਾ ਕਰੀਏ ਤਾਂ ਸਾਲ 1960 ਵਿੱਚ 446 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮਾ ਅਤੇ 227 ਹਜ਼ਾਰ ਹੈਕਟੇਅਰ ਰਕਬਾ ਝੋਨੇ ਦੀ ਫ਼ਸਲ ਅਧੀਨ ਸੀ । ਸਨ 1970 ਵਿੱਚ ਨਰਮੇ ਅਤੇ ਝੋਨੇ ਦਾ ਰਕਬਾ ਲੱਗਭਗ  ਬਰਾਬਰ ਕਰਮਵਾਰ 397 ਹਜ਼ਾਰ ਹੈਕਟੇਅਰ ਅਤੇ  390 ਹਜ਼ਾਰ ਹੈਕਟੇਅਰ ਸੀ ਪਰ ਇਸ ਤੋਂ ਬਾਅਦ ਪੰਜਾਬ ਵਿਚ ਝੋਨੇ ਅਧੀਨ ਰਕਬਾ ਬੜੀ ਤੇਜ਼ੀ ਨਾਲ ਵਧਦਾ ਹੋਇਆ 2018-19 ਵਿਚ 3103 ਹਜ਼ਾਰ ਹੈਕਟੇਅਰ ਹੋ ਗਿਆ ਅਤੇ ਨਰਮੇ ਅਧੀਨ ਰਕਬਾ ਘੱਟ ਕੇ 268 ਹਜ਼ਾਰ ਹੈਕਟੇਅਰ ਹੀ ਰਹਿ ਗਿਆ ।

PunjabKesari

ਸਿੰਚਾਈ
ਨਹਿਰੀ ਪਾਣੀ ਉੱਤੇ ਪੰਜਾਬ ਦੀ ਪੁਰਾਤਨ ਨਿਰਭਰਤਾ ਰਹੀ ਹੈ । ਪਰ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਨਹਿਰੀ ਸਿੰਚਾਈ ਹੇਠ ਰਕਬਾ 1970-71 ਵਿਚ 44.53 ਪ੍ਰਤੀਸ਼ਤ ਤੋਂ ਘੱਟ ਕੇ 1980-81 ਵਿਚ 42.28 ਪ੍ਰਤੀਸ਼ਤ ਹੋ ਗਿਆ । ਹੁਣ ਨਹਿਰੀ ਸਿੰਚਾਈ ਹੇਠਲਾ ਰਕਬਾ ਪਿਛਲੇ ਕਈ ਸਾਲਾਂ ਤੋਂ 27 ਤੋਂ 28 ਪ੍ਰਤੀਸ਼ਤ ਤੇ ਹੀ ਸਥਿਰ ਹੈ । ਟਿਊਬਵੈੱਲ ਰਾਹੀਂ ਸਿੰਚਾਈ ਦੀ ਗੱਲ ਕਰੀਏ ਤਾਂ 90 ਦੇ ਦਹਾਕੇ ਤੋਂ  ਟਿਊਬਵੈੱਲ ਰਾਹੀਂ ਸਿੰਚਾਈ ਦੇ ਰਕਬੇ ਵਿਚ ਬੜੀ ਤੇਜ਼ੀ ਨਾਲ ਵਾਧਾ ਹੋਇਆ। ਅੱਜ ਦੇ ਸਮੇਂ ਟਿਊਬਵੈਲਾਂ ਰਾਹੀਂ ਸਿੰਚਾਈ ਦਾ ਰਕਬਾ 70 ਪ੍ਰਤੀਸ਼ਤ ਤੋਂ ਵੀ ਵੱਧ ਹੈ। ਨਹਿਰੀ ਸਿੰਚਾਈ ਇਸ ਕਾਰਨ ਵੀ ਘਟੀ ਕਿਉਂਕਿ ਫੈਕਟਰੀਆਂ ਦਾ ਗੰਧਲਾ ਪਾਣੀ ਨਾਲਿਆਂ ਰਾਹੀਂ ਨਹਿਰਾਂ ਵਿੱਚ ਸ਼ਾਮਿਲ ਹੁੰਦਾ ਗਿਆ । ਜਿਸ ਨਾਲ ਬਹੁਤਾ ਪਾਣੀ ਪ੍ਰਦੂਸ਼ਿਤ ਹੋ ਗਿਆ ਜੋ ਕਿ ਸਿੰਚਾਈ ਕਰਨ ਯੋਗ ਨਹੀਂ ਹੈ ।

PunjabKesari

1970 ਤੱਕ ਪੰਜਾਬ ਵਿੱਚ ਟਿਊਬਵੈਲਾਂ ਦੀ ਗਿਣਤੀ 1.92 ਲੱਖ ਸੀ ਪਰ ਇਸ ਤੋਂ ਬਾਅਦ ਇੱਕ ਦਮ ਵਧ ਕੇ 6 ਲੱਖ ਹੋ ਗਈ । ਇਸ ਤੋਂ ਬਾਅਦ ਟਿਊਬਵੈਲਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਅਤੇ 2018-19 ਵਿੱਚ 14.76 ਲੱਖ ਹੋ ਗਈ ।31 ਮਈ 1974 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮਲੇਰਕੋਟਲਾ ਵਿਖੇ ਪੰਜਾਬ ਵਿੱਚ ਬਿਜਲੀ ਦਾ ਉਦਘਾਟਨ ਕੀਤਾ ਸੀ। ਇਸ ਕਰਕੇ 70 ਦੇ ਦਹਾਕੇ ਵਿੱਚ ਟਿਊਬਵੈਲਾਂ ਦੀ ਗਿਣਤੀ ਅਤੇ ਝੋਨੇ ਹੇਠਲਾ ਰਕਬਾ ਬੜੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ।

ਪਾਣੀ ਦਾ ਪੱਧਰ
ਪਾਣੀ ਦੇ ਪੱਧਰ ਵਿੱਚ ਵੀ ਟਿਊਬਵੈਲਾਂ ਦੀ ਗਿਣਤੀ ਵਧਣ ਤੋਂ ਬਾਅਦ 80 ਦੇ ਦਹਾਕੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ।  ਬਿਜਲੀ ਸਸਤੀ ਅਤੇ ਝੋਨੇ ਦਾ ਰਕਬਾ ਵਧਣ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਜੋ ਕਿ ਸਾਲ ਦਰ ਸਾਲ ਨੀਵਾਂ ਹੁੰਦਾ ਗਿਆ । ਪਹਿਲਾਂ ਪਾਣੀ ਦੀ ਵਰਤੋਂ ਲਈ ਲੱਗਭਗ ਹਰੇਕ ਘਰ ਵਿੱਚ ਨਲਕਾ ਲੱਗਿਆ ਹੁੰਦਾ ਸੀ । ਪਰ ਹੁਣ ਪਾਣੀ ਦਾ ਪੱਧਰ ਇੰਨਾ ਥੱਲੇ ਚੱਲਿਆ ਗਿਆ ਕਿ ਨਲਕੇ ਦਾ ਤਾਂ ਨਾਮੋ ਨਿਸ਼ਾਨ ਵੀ ਨਹੀਂ ਰਿਹਾ ਬਲਕਿ ਸਮਰਸੀਬਲ ਮੋਟਰਾਂ ਵੀ ਲੱਗਭੱਗ 400 ਫੁੱਟ ਤੇ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

PunjabKesari

ਪਿੰਡਾਂ ਦੇ ਟੋਭੇ
ਪੰਜਾਬ ਦੇ ਲਗਭਗ ਹਰੇਕ ਪਿੰਡ ਵਿੱਚ ਇੱਕ ਜਾਂ ਇੱਕ ਤੋਂ ਵੱਧ ਟੋਭੇ ਹਨ । ਜੋ ਕਿ ਪਾਣੀ ਨੂੰ ਇਕੱਠਾ ਕਰਨ ਲਈ ਇੱਕ ਕੁਦਰਤੀ ਸੋਮਾ ਹਨ। ਜਿਸ ਵਿੱਚ ਪਿੰਡ ਦੇ ਪਸ਼ੂ ਪਾਣੀ ਪੀਂਦੇ ਅਤੇ ਨਹਾਉਂਦੇ ਸਨ । ਪਰ ਸਮਾਂ ਬਦਲਣ ਨਾਲ ਪਿੰਡਾਂ ਨੂੰ ਸ਼ਹਿਰਾਂ ਦੀ ਪੁੱਠ ਚੜ੍ਹ ਗਈ ਅਤੇ ਸੀਵਰੇਜ ਦੀ ਜਗ੍ਹਾ ਪਿੰਡ ਦਾ ਸਾਰਾ ਮਲ ਮੂਤਰ ਨਾਲੀਆਂ ਰਾਹੀਂ ਟੋਭਿਆਂ ਵਿੱਚ ਪੈਣ ਲੱਗ ਪਿਆ । ਜਿਸ ਨਾਲ ਟੋਭਿਆਂ ਦਾ ਪਾਣੀ ਵੀ ਗੰਧਲਾ ਹੋ ਗਿਆ । ਪੰਜਾਬ ਵਿੱਚ ਇਹ ਤਸਵੀਰ ਵੀ ਚਿੰਤਾ ਦਾ ਵੱਡਾ ਵਿਸ਼ਾ ਹੋਣੀ  ਚਾਹੀਦੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਪੰਜਾਬ ਦੇ ਅਜਿਹੇ ਕਈ ਪਿੰਡ ਹਨ ਜਿੱਥੇ ਟੋਭਿਆਂ ਦੀ ਥਾਂ ਨੂੰ ਪੂਰ ਕੇ ਲੋਕਾਂ ਨੇ ਆਪਣਾ ਰਹਿਣ ਬਸੇਰਾ ਬਣਾ ਲਿਆ ਹੈ। ਸੁਪਰੀਮ ਕੋਰਟ ਮੁਤਾਬਕ ਇਨ੍ਹਾਂ ਟੋਭਿਆਂ ਨੂੰ ਮੁੜ ਬਹਾਲ ਕਰਨ ਦੀ ਲੋੜ ਹੈ। ਪਿੰਡਾਂ ਵਿੱਚ ਵੱਡੇ ਵੱਡੇ ਟੋਭੇ ਹੁਣ ਆਪਣੇ ਰਕਬੇ ਚੋਂ ਲਗਾਤਾਰ ਘੱਟਦੇ ਜਾ ਰਹੇ ਹਨ। ਪਿੰਡਾਂ ਦੀ ਸਮੁੱਚੀ ਜਲਵਾਯੂ ਦੇ ਬੇਹਤਰ ਹੋਣ ਲਈ ਟੋਭਿਆਂ ਦਾ ਖਾਸ ਮਹੱਤਵ ਹੈ।

ਉਮੀਦ ਵੀ ਹੈ
ਭੂਮੀ ਰੱਖਿਆ ਮਹਿਕਮਾ ਪੰਜਾਬ ਸਰਕਾਰ ਦੀ ਰਿਪੋਰਟ ਹੈ ਕਿ ਪੰਜਾਬ ਦੇ 138 ਬਲਾਕਾਂ ਵਿੱਚੋਂ ਬਹੁਤੇ ਬਲੈਕ ਜ਼ੋਨ ‘ਚ ਹਨ ਜਿੰਨ੍ਹਾਂ ਦਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ।ਇਹਨਾਂ ‘ਚੋਂ ਸੁਲਤਾਨਪੁਰ ਲੋਧੀ ਦਾ ਬਲਾਕ ਅਜਿਹਾ ਹੈ ਜਿੱਥੇ 2.5 ਮੀਟਰ ਦੇ ਹਿਸਾਬ ਨਾਲ 2005 ਤੋਂ 2014 ਤੱਕ ਉੱਪਰ ਆਇਆ ਹੈ।

ਬਿਆਸ ਦੀ ਸਹਾਇਕ ਨਦੀ ਕਾਲੀ ਵੇਈਂ ਨੂੰ ਬਹਾਲ ਕਰਨ ਦਾ ਨਤੀਜਾ ਹੈ ਕਿ ਇਸ ਦੇ ਆਲੇ ਦੁਆਲੇ ਸੇਮ ਘਟੀ ਹੈ। ਜਲਚਰ ਜੀਵ ਵਧੇ ਹਨ ਅਤੇ ਖੇਤੀਬਾੜੀ ਖੁਸ਼ਹਾਲ ਹੋਈ ਹੈ। ਇੰਜ ਹੀ ਵਾਤਾਵਰਨ ਮਾਹਰ ਇਹ ਸੁਝਾਅ ਦਿੰਦੇ ਹਨ ਕਿ ਸਤਲੁਜ ਦੀ ਸਹਾਇਕ ਨਦੀ ਚਿੱਟੀ ਵੇਈਂ ਵੀ ਮੁੜ ਸੁਰਜੀਤ ਕਰਨ ਦੀ ਲੋੜ ਹੈ। ਇਸ ਨਦੀ ਦੇ ਕੰਢੇ ਪਿੰਡਾਂ ਵਿੱਚ ਪ੍ਰਦੂਸ਼ਿਤ ਪਾਣੀ ਕਾਲਾ ਪੀਲੀਆ ਅਤੇ ਕੈਂਸਰ ਦੀ ਮਾਰ ਹੈ। ਜੇ ਡਾਇੰਗ ਇੰਡਸਟਰੀ ਅਤੇ ਚਮੜਾ ਸਨਅਤ ਦੀਆਂ ਫੈਕਟਰੀਆਂ ਤੇ ਲਗਾਮ ਕੱਸੀ ਜਾਵੇ ਅਤੇ ਇਸ ਵਿੱਚ ਕੁਦਰਤੀ ਪਾਣੀ ਦੇ ਵਹਾਅ ਨੂੰ ਯਕੀਨੀ ਬਣਾਇਆ ਜਾਵੇ ਤਾਂ ਇਸ ਖਿੱਤੇ ਦੇ ਹਾਲਾਤ ਵੀ ਕਾਲੀ ਵੇਈਂ ਦੇ ਖਿੱਤੇ ਵਰਗੇ ਬਿਹਤਰ ਹੋ ਜਾਣਗੇ।  ਪੰਜਾਬ ਵਿੱਚ ਵੱਧਦੇ ਟਿਊਬਵੈਲ ਅਤੇ ਜ਼ਮੀਨੀ ਪਾਣੀ ਦੀ ਜ਼ਿਆਦਾ ਵਰਤੋਂ ਨੇ ਸਾਡੇ ਸਾਹਮਣੇ ਹਾਲਾਤ ਆਉਣ ਵਾਲੇ ਸਮੇਂ ਲਈ ਸੁਖਾਵੇਂ ਨਹੀਂ ਰਹਿਣ ਦਿੱਤੇ। ਦਿਹਾਤੀ ਅਰਥਚਾਰਾ ਅਤੇ ਖੇਤੀਬਾੜੀ ਆਰਥਿਕਤਾ ਨੂੰ ਪ੍ਰਫੁੱਲਿਤ ਕਰਨ ਲਈ ਸਾਨੂੰ ਜ਼ਮੀਨੀ ਪਾਣੀ ਦੀ ਵਰਤੋਂ ਘਟਾ ਕੇ ਨਹਿਰੀ ਸਿੰਚਾਈ ਦਾ ਜਾਲ ਵਧਾਉਣ ਦੀ ਲੋੜ ਹੈ।

PunjabKesari

ਕੁਦਰਤ ਅਤੇ ਲੋਕ ਹਿੱਤ ਖੇਤੀਬਾੜੀ ਲਈ ਸੁਝਾਅ

1. ਪਾਣੀ ਦੀ ਘੱਟ ਵਰਤੋਂ ਵਾਲੀਆਂ ਫਸਲਾਂ ਉਗਾਓ
2. ਵੱਟਾਂ ਜਾਂ ਸਿੱਧੀ  ਬਿਜਾਈ ਵਾਲਾ ਝੋਨਾ ਬੀਜੋ
3. ਝੋਨੇ ਦੇ ਪਰਾਲ ਨੂੰ ਨਾ ਸਾੜੋ
4. ਹੈਪੀ ਸੀਡਰ ਦੀ ਵਰਤੋਂ ਕਰੋ
5. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਿਸ਼ ਮੁਤਾਬਕ ਸਪਰੇਹਾਂ ਅਤੇ ਖਾਦਾਂ ਦੀ ਵਰਤੋਂ ਕਰੋ
6. ਲੋੜ ਮੁਤਾਬਕ ਸਬਜ਼ੀਆਂ ਅਤੇ ਦਾਲਾਂ ਘਰ ਵਿਚ ਹੀ ਉਗਾਓ
7. ਖੇਤੀ ਵਿਭਿੰਨਤਾ ਨੂੰ ਅਪਣਾਓ
8. ਮੀਹਾਂ ਦੇ ਪਾਣੀ ਦਾ ਭੰਡਾਰਨ ਕਰੋ
9. ਪਸ਼ੂਆਂ ਦੇ ਗੋਬਰ ਦੀ ਵਰਤੋਂ ਖਾਦਾਂ ਦੇ ਰੂਪ ਵਿਚ ਕਰੋ
10. ਜੈਵਿਕ ਖੇਤੀ ਅਪਣਾਓ 
 


author

rajwinder kaur

Content Editor

Related News