ਖੇਤੀ ਸੰਕਟ ''ਚੋਂ ਲੰਘ ਰਹੇ ਪੰਜਾਬ ਨੂੰ ਖੇਤੀਬਾੜੀ ਮੰਤਰੀ ਦੀ ਲੋੜ : ਬੀਰ ਦਵਿੰਦਰ ਸਿੰਘ

07/18/2019 3:13:33 PM

ਮੋਹਾਲੀ (ਨਿਆਮੀਆਂ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ (ਟਕਸਾਲੀ) ਦੀ ਕੋਰ ਕਮੇਟੀ ਦੇ ਮੈਂਬਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਇਕ ਗੰਭੀਰ ਖੇਤੀ ਸੰਕਟ 'ਚੋਂ ਗੁਜ਼ਰ ਰਿਹਾ ਹੈ ਅਤੇ ਇਸ ਨਾਲ ਨਜਿੱਠਣ ਲਈ ਪੰਜਾਬ ਨੂੰ ਇਕ ਸੁਤੰਤਰ ਕੁੱਲ-ਵਕਤੀ ਖੇਤੀਬਾੜੀ ਮੰਤਰੀ ਦੀ ਤੁਰੰਤ ਲੋੜ ਹੈ ਜੋ ਆਪਣਾ ਪੂਰਾ ਸਮਾਂ ਦੇ ਕੇ ਇਸ ਮਹਿਕਮੇ ਦੀ ਅਗਵਾਈ ਕਰ ਸਕੇ ਅਤੇ ਪੰਜਾਬ ਦੇ ਗੰਭੀਰ ਖੇਤੀ ਸੰਕਟ ਨੂੰ ਨਜਿੱਠਣ ਲਈ ਯੋਗ ਉਪਰਾਲੇ ਕਰ ਸਕੇ।

ਇੱਥੇ ਜਾਰੀ ਇਕ ਬਿਆਨ 'ਚ ਉਨ੍ਹਾਂ ਕਿਹਾ ਹੈ ਕਿ ਪੰਜਾਬ 'ਚ ਸਾਲ 2015-16 'ਚ 14 ਲੱਖ 19 ਹਜ਼ਾਰ ਟਿਊਬਵੈੱਲ ਸਨ ਜਿਨ੍ਹਾਂ ਦੀ ਗਿਣਤੀ 2019 ਵਿਚ 14,50,000 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਟਿਊਬਵੈੱਲ ਝੋਨੇ ਦੀ ਫਸਲ ਪਾਲਣ ਲਈ, ਦਿਨ ਰਾਤ ਜ਼ਮੀਨੀ ਪਾਣੀ ਕੱਢੀ ਜਾ ਰਹੇ ਹਨ, ਜਿਸ ਨਾਲ ਜ਼ਮੀਨੀ ਪਾਣੀ ਖਤਮ ਹੋਣ ਦੇ ਕਿਨਾਰੇ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਅੰਨ੍ਹੇਵਾਹ ਖੇਤੀ ਕਾਰਨ ਪੰਜਾਬ ਵਿਚ ਪਾਣੀ ਦਾ ਸੰਕਟ ਗੰਭੀਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ ਅਤੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਝੋਨੇ ਦੀ ਖੇਤੀ ਬੰਦ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਇਹ ਕੰਮ ਪਹਿਲਾਂ ਹੀ ਪੜਾਅਵਾਰ ਢੰਗ ਨਾਲ ਆਰੰਭ ਕਰਨ ਦੀ ਲੋੜ ਸੀ ਅਤੇ ਇਸ ਸਬੰਧ ਵਿਚ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਨੇ ਖੇਤੀਬਾੜੀ ਵਿਭਾਗ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ ਖੇਤੀਬਾੜੀ ਮੰਤਰੀ, ਪੰਜਾਬ ਦੇ ਖੇਤੀ ਸੰਕਟ ਦੀ ਦ੍ਰਿਸ਼ਟੀ ਵਿਚ, ਆਪਣੀ ਕਾਰਗੁਜ਼ਾਰੀ ਦੀ ਸਵੈ-ਸਮੀਖਿਆ ਕਰਨੀ ਚਾਹੀਦੀ ਹੈ ਅਤੇ ਪੰਜਾਬ ਨੂੰ ਇਕ ਸੁਤੰਤਰ ਅਤੇ ਪੂਰੇ ਸਮੇਂ ਦਾ ਖੇਤੀਬਾੜੀ ਮੰਤਰੀ ਤੁਰੰਤ ਮਿਲਣਾ ਚਾਹੀਦਾ ਹੈ।
.


Anuradha

Content Editor

Related News