ਖੇਤੀ ਕਾਨੂੰਨ ਵਿਰੋਧ : ਰੇਲਵੇ ਟ੍ਰੈਕ ਖੋਲ੍ਹਣ ਦੇ ਬਾਵਜੂਦ ਵੀ ਨਹੀਂ ਹੋਇਆ ਕੋਈ ਫੈਸਲਾ

10/11/2020 3:14:43 PM

ਚੰਡੀਗੜ੍ਹ (ਰਮਨਜੀਤ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਸੂਬੇ ਵਿਚ ਵੱਖ-ਵੱਖ ਥਾਈਂ ਲੱਗੇ ਧਰਨਿਆਂ-ਮੋਰਚਿਆਂ ’ਤੇ ਕਿਸਾਨ ਆਪਣਾ ਵਿਰੋਧ ਜ਼ਾਹਰ ਕਰ ਰਹੇ ਹਨ। ਧਰਨਿਆਂ ਵਿਚ ਨੌਜਵਾਨਾਂ ਦੀ ਵਧੀ ਹੋਈ ਸ਼ਮੂਲੀਅਤ ਨੂੰ ਹੋਰ ਜੋਸ਼ੀਲਾ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ 13 ਜ਼ਿਲਿਆਂ ਵਿਚ ਅਣਮਿਥੇ ਸਮੇਂ ਲਈ 51 ਥਾਵਾਂ ’ਤੇ ਧਰਨੇ ਲਾਏ ਗਏ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 3 ਜਗ੍ਹਾ ਰੇਲ ਜਾਮ, 3 ਭਾਜਪਾ ਆਗੂਆਂ ਦੇ ਘਰਾਂ ਅੱਗੇ, 9 ਟੋਲ ਪਲਾਜ਼ਿਆਂ, 3 ਸ਼ਾਪਿੰਗ ਮਾਲਜ਼, 2 ਅਡਾਨੀ ਸਾਈਲੋਜ ਗੋਦਾਮ, 23 ਰਿਲਾਇੰਸ ਪੰਪਾਂ, 7 ਐੱਸ.ਆਰ. ਪੰਪਾਂ ਅਤੇ 1 ਪ੍ਰਾਈਵੇਟ ਥਰਮਲ ਪਲਾਂਟ ਵਿਖੇ ਧਰਨੇ ਦਿਨ ਰਾਤ ਜਾਰੀ ਹਨ। 

ਪੰਜਾਬ ਵਿਚ ਕਿਸਾਨ ਸੰਗਠਨਾਂ ਦਾ ਰੇਲ ਰੋਕੋ ਅੰਦੋਲਨ ਫਿਲਹਾਲ ਜਾਰੀ ਰਹੇਗਾ, ਕਿਉਂਕਿ ਰੇਲਵੇ ਟ੍ਰੈਕ ਖੋਲ੍ਹਣ ਦੇ ਬਾਵਜੂਦ ਕਿਸਾਨ ਸੰਗਠਨਾਂ ਦੀ ਹੋਈ ਬੈਠਕ ਅਜੇ ਤਕ ਕੋਈ ਫੈਸਲਾ ਨਹੀਂ ਲਿਆ । ਪੰਜਾਬ ਵਿਚ ਬੰਦ ਕਾਰਣ 30 ਵਿੱਚੋਂ 7 ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਬੈਠਕ ਵਿਚ ਨਹੀਂ ਪੁੱਜੇ, ਜਿਸ ਕਾਰਣ ਕੋਈ ਵੱਡਾ ਫੈਸਲਾ ਨਹੀਂ ਲਿਆ ਗਿਆ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਕਾਰਣ ਰੇਲ ਆਵਾਜਾਈ ਜਾਮ ਹੋਣ ਨਾਲ ਪੰਜਾਬ ਵਿਚ ਪੈਦਾ ਹੋ ਰਹੇ ਖਾਦ, ਕੋਲਾ ਅਤੇ ਮਾਲ ਦੀ ਢੁਆਈ ਸਬੰਧੀ ਸੰਕਟ ’ਤੇ ਚਰਚਾ ਲਈ ਕਿਸਾਨ ਜਥੇਬੰਦੀਆਂ ਵਲੋਂ ਸ਼ਨੀਵਾਰ ਨੂੰ ਬੈਠਕ ਸੱਦੀ ਗਈ ਸੀ, ਜੋ ਨਹੀਂ ਹੋ ਸਕੀ।

ਪੰਜਾਬ ਸਰਕਾਰ ਵਲੋਂ ਕਿਸਾਨ ਸੰਗਠਨਾਂ ਨੂੰ ਕੀਤੀ ਗਈ ਮਾਲਗੱਡੀਆਂ ਦੀ ਆਵਾਜਾਈ ਖੋਲ੍ਹਣ ਦੀ ਅਪੀਲ ’ਤੇ ਸੰਗਠਨਾਂ ਵਲੋਂ 13 ਅਕਤੂਬਰ ਨੂੰ ਜਲੰਧਰ ਵਿਚ ਹੋਣ ਵਾਲੀ ਬੈਠਕ ਵਿੱਚ ਚਰਚਾ ਕੀਤੀ ਜਾਵੇਗੀ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 13 ਦੀ ਬੈਠਕ ਵਿਚ ਸਰਕਾਰ ਵਲੋਂ ਕੀਤੀ ਗਈ ਅਪੀਲ ਸਬੰਧੀ ਕਿਸਾਨ ਨੇਤਾ ਸਥਿਤੀ ਦਾ ਮੁਲਾਂਕਣ ਕਰਨਗੇ, ਜਿਸ ਵਿਚ ਸੂਬੇ ’ਚ ਮੌਜੂਦਾ ਪਏ ਡੀ. ਏ. ਪੀ. ਅਤੇ ਕੋਲੇ ਦੇ ਸਟਾਕ, ਅਨਾਜ ਅਤੇ ਹੋਰ ਵਸਤੂਆਂ ਦੀ ਢੁਆਈ ਸਬੰਧੀ ਜ਼ਰੂਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਇਸ ਤੋਂ ਬਾਅਦ 15 ਅਕਤੂਬਰ ਦੀ ਬੈਠਕ ਵਿਚ ਅਗਲੀ ਰਣਨੀਤੀ ’ਤੇ ਚਰਚਾ ਹੋਵੇਗੀ।

PunjabKesari

ਅੰਬਾਨੀ-ਅੰਡਾਨੀ ਦੇਸ਼ ਦੇ ਲੋਕਤੰਤਰ ਨੂੰ ਲੱਗੀ ਸਿਉਂਕ : ਮੇਧਾ ਪਾਟੇਕਰ
ਦੇਸ਼ ਦੀਆਂ 250 ਕਿਸਾਨ ਜਥੇਬੰਦੀਆਂ ਕਿਸਾਨੀ ਕਰਜ਼ਾ ਮੁਆਫੀ ਤੇ ਫਸਲਾਂ ਦਾ ਸਮਰਥਨ ਮੁੱਲ ਲੈਣ ਲਈ ਸ਼ੰਘਰਸ਼ਸ਼ੀਲ ਹਨ ਪਰ ਮੋਦੀ ਸਰਕਾਰ ਕਿਸਾਨੀ ਮੰਗਾਂ ਪ੍ਰਵਾਨ ਕਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਨੀਅਤ ਨਾਲ ਖੇਤੀ ਮਾਰੂ ਕਾਨੂੰਨ ਗੈਰ-ਕਾਨੂੰਨੀ ਢੰਗ ਨਾਲ ਪਾਸ ਕਰ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਮਾਨਸਾ ਵਿਖੇ ਰੇਲਵੇ ਲਾਈਨਾਂ ’ਤੇ ਲਾਏ ਰੋਸ ਧਰਨੇ ਦੇ 10ਵੇਂ ਦਿਨ ‘ਨਰਮਦਾ ਬਚਾਓ’ ਅੰਦੋਲਨ ਦੀ ਮੁੱਖੀ ਮੇਧਾ ਪਾਟੇਕਰ ਪਹੁੰਚੀ। ਉਨ੍ਹਾਂ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਬਾਨੀ-ਅੰਡਾਨੀ ਦੇਸ਼ ਦੇ ਲੋਕਤੰਤਰ ਨੂੰ ਸਿਉਂਕ ਵਾਂਗ ਲੱਗ ਗਏ ਹਨ, ਕਿਉਂਕਿ ਕਿਸਾਨ ਡੇਢ ਗੁਣਾ ਫਸਲ ਕੀਮਤ ਮੰਗ ਰਹੇ ਹਨ ਪਰ ਅੰਬਾਨੀ ਅੰਡਾਨੀ ਸੌ ਗੁਣਾ ਕਮਾਈ ਕਰ ਰਹੇ ਹਨ। 
ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨਾਂ ਨੂੰ ਢਾਹ ਲਾਉਣ ਲਈ ਬਹੁਤ ਥੋੜੀ ਐੱਮ. ਐੱਸ. ਪੀ. ਐਲਾਨੀ ਹੈ ਉਹ ਵੀ ਨਹੀਂ ਮਿਲ ਰਹੀ। ਜਿਸ ਦਾ ਸਿੱਧਾ ਮਤਲਬ ਹੈ ਕਿ ਕਿਸਾਨਾਂ ਦੀ ਜ਼ਮੀਨ ਖੋਹੀ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਸਲਾਮ ਕੀਤੀ ਤੇ ਕਿਹਾ ਕਿ ਜੇਕਰ ਜਨਤੰਤਰ ਦੀ ਮਜ਼ਬੂਤੀ ਹੋਵੇਗੀ ਤਾਂ ਲੋਕਤੰਤਰ ਬਚੇਗਾ। ਉਨ੍ਹਾਂ ਕਿਹਾ ਜੇਕਰ ਖੇਤੀ ਹੀ ਨਹੀਂ ਬਚੇਗੀ ਤਾਂ ਦੇਸ਼ ਖਾਵੇਗਾ ਕੀ। ਅਖੀਰ ’ਚ ਉਨ੍ਹਾਂ ਨੇ ਕਿਸਾਨਾਂ ਦੀਆਂ ਆਤਮਹੱਤਿਆਵਾਂ ਨੂੰ ਸਿਆਸੀ ਹੱਤਿਆਵਾਂ ਐਲਾਨਿਆ। ਇਸ ਮੌਕੇ ਰੋਸ ਧਰਨੇ ਨੂੰ ਜਲੌਰ ਸਿੰਘ ਦੂਲੋਵਾਲ, ਮਨਜੀਤ ਸਿੰਘ ਉਲਕ, ਗੁਰਨਾਮ ਸਿੰਘ ਭੀਖੀ, ਸਾਧੂ ਸਿੰਘ ਕਲਾਣਾ, ਮੇਜਰ ਸਿੰਘ ਦੂਲੋਵਾਲ ਆਦਿ ਨੇ ਸੰਬੋਧਨ ਕਰ ਕੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਜ਼ਬਰਦਸਤ ਵਿਰੋਧ ਕੀਤਾ।


rajwinder kaur

Content Editor

Related News