ਖੇਤੀਬਾੜੀ ਅਧਿਕਾਰੀ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਖੇਤਾਂ ''ਚ ਲਾਈ ਅੱਗ
Tuesday, Nov 14, 2017 - 12:40 PM (IST)

ਮੱਲ੍ਹੀਆਂ ਕਲਾਂ (ਟੁੱਟ)—ਖੇਤੀਬਾੜੀ ਵਿਭਾਗ ਵੱਲੋਂ ਸਾਫ ਵਾਤਾਵਰਣ ਲਈ ਕਿਸਾਨਾਂ ਨੂੰ ਖੇਤਾਂ ਅੰਦਰ ਝੋਨੇ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਪਾਬੰਦੀ ਦੇ ਨਿਰਦੇਸ਼ ਜਾਰੀ ਹੋਣ ਦੇ ਬਾਵਜੂਦ ਖੇਤੀਬਾੜੀ ਅਧਿਕਾਰੀ ਡਾ. ਹਰਪਾਲ ਸਿੰਘ ਪਿੰਡ ਉੱਗੀ ਵਲੋਂ ਆਪਣੇ ਖੇਤ ਵਿਚ ਪਰਾਲੀ ਨੂੰ ਅੱਗ ਲਗਾਉਣ ਦਾ ਸਮਾਚਾਰ ਮਿਲਿਆ ਹੈ।
ਇਸ ਮਾਮਲੇ ਨੂੰ ਦੇਖਦਿਆਂ ਤੁਰੰਤ ਜ਼ਿਲਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਨੇ ਹਰਕਤ ਵਿਚ ਆਉਂਦਿਆਂ ਪਿੰਡ ਉੱਗੀ ਦੇ ਪਟਵਾਰੀ ਨੂੰ ਮੌਕਾ ਵੇਖਣ ਲਈ ਭੇਜਿਆ, ਜਿਸ ਦੀ ਰਿਪੋਰਟ ਤਹਿਸੀਲਦਾਰ ਨਕੋਦਰ ਨੂੰ ਭੇਜ ਦਿੱਤੀ ਗਈ ਹੈ। ਇਸ ਸਬੰਧੀ ਤਹਿਸੀਲਦਾਰ ਭੁਪਿੰਦਰ ਸਿੰਘ ਨੇ ਆਖਿਆ ਕਿ ਇਸ ਬਾਰੇ ਰਿਪੋਰਟ ਬਣਾ ਕੇ ਓ. ਸੀ. ਸਾਹਿਬ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਗਈ ਹੈ। ਡਾ. ਹਰਪਾਲ ਸਿੰਘ ਨੇ ਆਪਣਾ ਰੱਖਦਿਆਂ ਦੱਸਿਆ ਕਿ ਅਸੀਂ ਆਪਣੀ ਜ਼ਮੀਨ ਠੇਕੇ 'ਤੇ ਪਿੰਡ ਰਹੀਮਪੁਰ ਦੇ ਕਿਸਾਨ ਜਗਤਾਰ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਦਿੱਤੀ ਹੋਈ ਹੈ। ਝੋਨੇ ਦੀ ਪਰਾਲੀ ਨੂੰ ਖੇਤਾਂ ਅੰਦਰ ਹੀ ਨਸ਼ਟ ਕਰਨ ਲਈ ਖੇਤਾਂ ਨੂੰ ਪਾਣੀ ਲਾਇਆ ਹੋਇਆ ਸੀ ਪਰ ਕਿਸੇ ਸ਼ਰਾਰਤੀ ਅਨਸਰ ਨੇ ਖੇਤ ਦੇ ਇਕ ਸਾਈਡ ਪਈ ਪਰਾਲੀ ਨੂੰ ਅੱਗ ਲਗਾ ਦਿੱਤੀ।