ਲਾਵਾਰਿਸ ਲਾਸ਼ਾਂ ਦਾ ਮਸੀਹਾ : ਉਮਰ 71 ਸਾਲ, ਹੁਣ ਤੱਕ 2920 ਲਾਸ਼ਾਂ ਦਾ ਕੀਤਾ ਸਸਕਾਰ

Saturday, Feb 03, 2024 - 04:30 PM (IST)

ਚੰਡੀਗੜ੍ਹ (ਭਗਵਤ ਸਿੰਘ) : ਸਮਾਜ ਸੇਵਾ ਕਿਸੇ ਵੀ ਰੂਪ ’ਚ ਕੀਤੀ ਜਾ ਸਕਦੀ ਹੈ ਅਤੇ ਜੇਕਰ ਸੇਵਾ ਜਨੂੰਨ ਬਣ ਜਾਵੇ ਤਾਂ ਇਹ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਹੋ ਨਿਬੜਦੀ ਹੈ। ਕੁਝ ਇਹੋ ਜਿਹੀ ਵੱਖਰੀ ਸੇਵਾ ਨਾਲ ਪਿਛਲੇ 26 ਸਾਲ ਤੋਂ ਜੁੜੇ ਹੋਏ ਹਨ ਸਮਾਜ ਸੇਵੀ ਮਦਨ ਲਾਲ ਵਸ਼ਿਸ਼ਟ, ਜੋ ਲਾਵਾਰਿਸ ਲਾਸ਼ਾਂ ਦੇ ਸਸਕਾਰ ਨੂੰ ਪੂਰੀ ਤਨਦੇਹੀ ਅਤੇ ਬਿਨ੍ਹਾਂ ਕਿਸੇ ਸਵਾਰਥ ਦੇ ਨਿਭਾਅ ਰਹੇ ਹਨ। ਮਦਨ ਲਾਲ ਵਸ਼ਿਸ਼ਟ ਨਾਲ ‘ਜਗ ਬਾਣੀ’, ਪੰਜਾਬ ਕੇਸਰੀ ਅਤੇ ਨਵੋਦਿਆ ਟੀਮ ਨੇ ਗੱਲਬਾਤ ਕੀਤੀ ਤਾਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸਾਹਮਣੇ ਆਈਆਂ। ਗੱਲਬਾਤ ਦੌਰਾਨ ਮਦਨ ਲਾਲ ਵਸ਼ਿਸ਼ਟ ਨੇ ਕਿਹਾ ਕਿ ਉਨ੍ਹਾਂ ਦੀ ਉਮਰ 71 ਵਰ੍ਹੇ ਹੈ ਅਤੇ ਉਹ 26 ਸਾਲਾਂ ਤੋਂ ਲਾਵਾਰਿਸ ਲਾਸ਼ਾਂ ਦੇ ਅੰਤਿਮ ਸੰਸਕਾਰ ਦੀ ਸੇਵਾ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਆਲ ਇੰਡੀਆ ਸੇਵਾ ਸੋਸਾਇਟੀ ਨਾਂ ਦੀ ਸੰਸਥਾ ਪਹਿਲਾਂ ਤੋਂ ਹੀ ਇਸ ਕਾਰਜ ’ਚ ਲੱਗੀ ਹੋਈ ਸੀ। ਇਸ ਸੇਵਾ ’ਚ ਪਹਿਲਾਂ ਦੋ ਸੇਵਾਦਾਰ ਕੰਮ ਕਰ ਰਹੇ ਸਨ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਦੂਜਾ ਸਾਥੀ ਸੇਵਾਮੁਕਤ ਹੋ ਚੁੱਕਾ ਹੈ। ਮਦਨ ਲਾਲ ਨੇ ਦੱਸਿਆ ਕਿ ਹੁਣ ਹੋਰ ਸਾਥੀ ਇਸ ਸੇਵਾ ’ਚ ਨਿਰੰਤਰ ਕਾਰਜਸ਼ੀਲ ਹਨ।

ਇਹ ਵੀ ਪੜ੍ਹੋ : ‘ਪੰਜਾਬ ਬਚਾਓ ਯਾਤਰਾ’ ਦਾ ਨਾਂ ਬਦਲ ਕੇ ‘ਅਕਾਲੀ ਦਲ ਬਚਾਓ ਯਾਤਰਾ’ ਰੱਖਿਆ ਜਾਵੇ : ਰਾਜਾ ਵੜਿੰਗ

ਹੁਣ ਤਕ ਤਿੰਨ ਹਜ਼ਾਰ ਲਾਸ਼ਾਂ ਦਾ ਸਸਕਾਰ ਕੀਤਾ
ਮਦਨ ਲਾਲ ਵਸ਼ਿਸ਼ਟ ਨੇ ਦੱਸਿਆ ਕਿ ਹੁਣ ਤਕ 26 ਸਾਲਾਂ ਦੇ ਵਕਫ਼ੇ ਦੌਰਾਨ ਲਾਵਾਰਿਸ਼ ਲਾਸ਼ਾਂ ਮਿਲਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਵਲੋਂ 2920 ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਚੁੱਕਾ ਹੈ। ਸਸਕਾਰ ਤੋਂ ਬਾਅਦ ਫੁੱਲ ਤਾਰਨ ਦੀ ਰਸਮ ਹਰਿਦੁਆਰ ਜਾ ਕੇ ਕੀਤੀ ਜਾਂਦੀ ਹੈ। ਮਦਨ ਲਾਲ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਸਾਥੀ ਇਸ ਕਾਰਜ ’ਚ ਉਨ੍ਹਾਂ ਦੇ ਨਾਲ ਸਹਿਯੋਗ ਰੂਪ ’ਚ ਜੁੜਨਾ ਚਾਹੁੰਦਾ ਹੈ ਤਾਂ ਆ ਸਕਦਾ ਹੈ।

ਇਹ ਵੀ ਪੜ੍ਹੋ : ਤਨਖ਼ਾਹ ਲੈ ਕੇ ਘਰ ਜਾ ਰਹੇ ਦਰਜੀ ’ਤੇ ਚਾਕੂ ਨਾਲ ਹਮਲਾ, ਤਿੰਨੋਂ ਮੁਲਜ਼ਮ ਗ੍ਰਿਫ਼ਤਾਰ

ਢਾਈ ਦਹਾਕੇ ਦੀ ਸੇਵਾ ਦਾ ਲੰਬਾ ਸਫ਼ਰ
ਮਦਨ ਲਾਲ ਨੇ ਦੱਸਿਆ ਕਿ ਲਾਸ਼ਾਂ ਦੇ ਸਸਕਾਰ ਦੀ ਸੇਵਾ 1997 ਤੋਂ ਲਗਾਤਾਰ ਜਾਰੀ ਹੈ। ਇਸ ਕੰਮ ’ਚ ਉਨ੍ਹਾਂ ਦੀ ਇਕ ਪੁਰਾਣੀ ਸੰਸਥਾ ਦਾ ਬਹੁਤ ਯੋਗਦਾਨ ਹੈ ਅਤੇ ਉਸੇ ਨੂੰ ਉਨ੍ਹਾਂ ਦੇ ਸਾਥੀ ਜਾਰੀ ਰੱਖ ਰਹੇ ਹਨ। 1997 ’ਚ ਮਦਨ ਲਾਲ ਵਲੋਂ ਪਹਿਲੀ ਲਾਵਾਰਿਸ ਲਾਸ਼ ਦਾ ਸਸਕਾਰ ਕੀਤਾ ਗਿਆ ਸੀ ਅਤੇ ਫਿਰ ਇਹ ਕਾਰਜ ਜਨੂੰਨ ਬਣ ਗਿਆ। ਮਦਨ ਲਾਲ ਵਸ਼ਿਸ਼ਟ ਨੇ ਦੱਸਿਆ ਕਿ ਇਸ ਸੇਵਾ ’ਚ ਉਨ੍ਹਾਂ ਨਾਲ ਇਕ ਮਹਿਲਾ ਪੁਲਸ ਮੁਲਾਜ਼ਮ ਵੀ ਜੁੜੀ ਹੋਈ ਹੈ, ਜੋ ਕਈ ਵਾਰ ਸਮੇਂ ਦੀ ਕਮੀ ਕਰ ਕੇ ਸੈਕਟਰ-32 ਦੀਆਂ ਲਾਵਾਰਿਸ ਲਾਸ਼ਾਂ ਉਨ੍ਹਾਂ ਦੇ ਸਪੁਰਦ ਕਰ ਦਿੰਦੀ ਹੈ।

ਤਿੰਨ ਸਾਲ ਕੀਤੀ ਗੁਪਤ ਸੇਵਾ
ਮਦਨ ਲਾਲ ਵਸ਼ਿਸ਼ਟ ਨੇ ਦੱਸਿਆ ਕਿ ਜਦੋਂ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਤਾਂ 3 ਸਾਲ ਤਕ ਇਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਪਰ ਉਹ ਸੇਵਾ ਕਰਦੇ ਰਹੇ ਅਤੇ ਨਾ ਹੀ ਉਨ੍ਹਾਂ ਇਸਦੀ ਕੋਈ ਮਸ਼ਹੂਰੀ ਕੀਤੀ। ਸਸਕਾਰ ਲਈ ਗੱਡੀ ਅਤੇ ਕੱਪੜੇ ਦਾ ਜੋ ਵੀ ਬਿੱਲ ਆਉਂਦਾ ਹੈ, ਉਹ ਸਾਰਾ ਨਗਰ ਨਿਗਮ ਵਲੋਂ ਦਿੱਤਾ ਜਾਂਦਾ ਹੈ ਪਰ ਹਰਿਦੁਆਰ ਵਿਖੇ ਕੀਤੀ ਜਾਣ ਵਾਲੀ ਸੇਵਾ ਦਾ ਖ਼ਰਚਾ ਉਹ ਆਪ ਕਰਦੇ ਹਨ। ਕਈ ਵਾਰ ਸਮਾਜ ਸੇਵੀਆਂ ਤੋਂ ਦਾਨ ਵੀ ਲੈ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੰਘੇ ਸਾਲ 2023 ਦੇ ਦਸੰਬਰ ਮਹੀਨੇ ’ਚ ਸਭ ਤੋਂ ਵੱਧ 21 ਲਾਸ਼ਾਂ ਦਾ ਸਸਕਾਰ ਕੀਤਾ ਗਿਆ। ਇਸ ਤੋਂ ਬਾਅਦ 2024 ਦੇ ਪਹਿਲੇ ਮਹੀਨੇ ਜਨਵਰੀ ’ਚ 6 ਲਾਸ਼ਾ ਦਾ ਸਸਕਾਰ ਕੀਤਾ। ਮਦਨ ਲਾਲ ਵਸ਼ਿਸ਼ਟ ਨੇ ਕਿਹਾ ਕਿ ਇਹ ਸੇਵਾ ਨਿਰੰਤਰ ਜਾਰੀ ਹੈ ਅਤੇ ਲੋਕਾਂ ਨੂੰ ਬਿਨ੍ਹਾਂ ਕਿਸੇ ਸਵਾਰਥ ਦੇ ਇਸ ਕਾਰਜ ਨਾਲ ਜੁੜਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਬਲਕਾਰ ਸਿੰਘ ਨੇ ਵਿਧਾਇਕਾਂ ਨਾਲ ਪ੍ਰਾਜੈਕਟਾਂ ਸਬੰਧੀ ਕੀਤੀ ਜਾਇਜ਼ਾ ਮੀਟਿੰਗ, ਦਿੱਤੇ ਇਹ ਨਿਰਦੇਸ਼

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 


Anuradha

Content Editor

Related News