ਔਰਤਾਂ ਤੋਂ ਬਾਅਦ ਹੁਣ ਮਰਦ ਦੇ ਕੱਟੇ ਵਾਲ

Friday, Aug 11, 2017 - 07:10 AM (IST)

ਔਰਤਾਂ ਤੋਂ ਬਾਅਦ ਹੁਣ ਮਰਦ ਦੇ ਕੱਟੇ ਵਾਲ

ਜਲੰਧਰ, (ਮਹੇਸ਼)— ਪਿਛਲੇ 2-3 ਦਿਨਾਂ ਤੋਂ ਸ਼ਹਿਰ 'ਚ ਔਰਤਾਂ ਦੀਆਂ ਕੱਟੀਆਂ ਜਾ ਰਹੀਆਂ ਗੁੱਤਾਂ ਤੋਂ ਬਾਅਦ ਹੁਣ ਵੀਰਵਾਰ ਨੂੰ ਇਕ ਮਰਦ ਦੇ ਦਿਨ-ਦਿਹਾੜੇ ਵਾਲ ਕੱਟੇ ਜਾਣ ਦੀ ਸੂਚਨਾ ਹੈ। ਦਕੋਹਾ ਵਾਸੀ ਦਿਨੇਸ਼ ਕੁਮਾਰ ਪੁੱਤਰ ਭੋਲੇ ਨਾਥ ਨੇ ਦਕੋਹਾ ਪੁਲਸ ਚੌਕੀ ਨੂੰ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੇ ਘਰ 'ਚ ਬੈਠਾ ਸੀ। ਅਚਾਨਕ ਉਸ ਦੇ ਸਿਰ 'ਚ ਦਰਦ ਹੋਇਆ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਸਿਰ ਦੇ ਵਾਲ ਕੱਟ ਕੇ ਜ਼ਮੀਨ 'ਤੇ ਡਿੱਗੇ ਪਏ ਸਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਨੇੜੇ-ਤੇੜੇ ਰਹਿੰਦੇ ਲੋਕ ਇੱਕਠੇ ਹੋ ਗਏ। ਉਹ ਕਾਫੀ ਸਹਿਮੇ ਹੋਏ ਸਨ। 5 ਔਰਤਾਂ ਦੀਆਂ ਗੁੱਤਾਂ ਕੱਟੇ ਜਾਣ ਨਾਲ ਸ਼ਹਿਰ ਵਾਸੀ ਪਹਿਲਾਂ ਹੀ ਦਹਿਸ਼ਤ 'ਚ ਹਨ। ਅੱਜ ਇਕ ਵਿਅਕਤੀ ਦੇ ਵਾਲ ਕੱਟੇ ਜਾਣ ਨਾਲ ਦਹਿਸ਼ਤ ਹੋਰ ਵੀ ਵਧ ਗਈ ਹੈ। ਦਕੋਹਾ ਚੌਕੀ ਇੰਚਾਰਜ ਮੇਜਰ ਸਿੰਘ ਨੇ ਇਸ ਸਬੰਧ 'ਚ ਕਿਹਾ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸੇ ਤਰ੍ਹਾਂ ਰਾਮਾ ਮੰਡੀ ਇਲਾਕੇ 'ਚ ਇਕ ਹੋਰ ਬੱਚੇ ਦੇ ਵਾਲ ਕੱਟੇ ਜਾਣ ਦੀ ਸੂਚਨਾ ਹੈ ਪਰ ਖਬਰ ਲਿਖੇ ਜਾਣ ਤਕ ਬੱਚੇ ਦੇ ਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਸੀ। 


Related News