ਮੀਂਹ ਤੋਂ ਬਾਅਦ ਨੰਗਲ ਡੈਮ ਦਾ ਪੁਲ ਧਾਰਨ ਕਰ ਲੈਂਦਾ ਹੈ ਤਲਾਬ ਦਾ ਰੂਪ
Wednesday, Jul 05, 2023 - 03:40 PM (IST)
ਨੰਗਲ (ਗੁਰਭਾਗ ਸਿੰਘ)-ਨੰਗਲ ਡੈਮ ਦੇ ਇਤਿਹਾਸਕ ਪੁਲ ਦੀ ਦੁਰਦਸ਼ਾ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਇਹ ਪੁਲ ਦਰਿਆ ਸਤਲੁਜ ’ਤੇ ਪੈਂਦਾ ਹੈ ਅਤੇ ਹਿਮਾਚਲ ਪੰਜਾਬ ਲਈ ਸੰਪਰਕ ਸੜਕ ਦਾ ਕੰਮ ਵੀ ਕਰਦਾ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦੀ ਉਸਾਰੀ ਤੋਂ ਬਾਅਦ ਇਹ ਪੁਲ ਸਾਲ 1957 ’ਚ ਬਣਾਇਆ ਗਿਆ ਸੀ ਜੋ ਸਤਲੁਜ ਦਰਿਆ ਦੇ ਪਾਣੀ ਨੂੰ ਸਟੋਰ ਕਰਕੇ ਅੱਗੇ ਬੀ. ਬੀ. ਐੱਮ. ਬੀ. ਹਾਈਡਲ ਚੈਨਲ ਨਹਿਰ ਅਤੇ ਦੂਜੀ ਸ੍ਰੀ ਅਨੰਦਪੁਰ ਹਾਈਡਲ ਚੈਨਲ ਨਹਿਰ ਰਾਹੀਂ ਬਾਕੀ ਸੂਬਿਆਂ ਨੂੰ ਪਾਣੀ ਦਿੰਦਾ ਹੈ। ਪੰਜਾਬ ਅਤੇ ਹਿਮਾਚਲ ਨੂੰ ਜਾਣ ਵਾਲੇ ਰਾਹਗੀਰਾਂ ਲਈ ਇਹ ਮੇਨ ਪੁਲ ਹੈ ਅਤੇ ਜੰਮੂ ਕਸ਼ਮੀਰ ਲਈ ਵੀ ਆਵਾਜਾਈ ਇਸੇ ਮਾਰਗ ਰਾਹੀਂ ਜਾਂਦੀ ਹੈ। ਲੰਘੇ 5 ਵਰਿਆਂ ਤੋਂ ਨੰਗਲ ਡੈਮ ਸਤਲੁਜ ਦਰਿਆ ’ਤੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਇਸ ਪੁਲ ’ਤੇ ਆਵਾਜਾਈ ਬਹੁਤ ਜ਼ਿਆਦਾ ਵਧੀ ਹੈ। ਆਵਾਜਾਈ ਵੱਧਣ ਨਾਲ ਭਾਖਡ਼ਾ ਬਿਆਸ ਪ੍ਰਬੰਧ ਬੋਰਡ ਕੋਲ ਇਸਦੀ ਮੁਰੰਮਤ ਕਰਨ ਦਾ ਢੁੱਕਵਾਂ ਸਮਾਂ ਨਹੀਂ ਹੈ ਜਿਸ ਕਾਰਨ ਨਾ ਸਿਰਫ ਪੁਲ ’ਤੇ ਵੱਡੇ ਵੱਡੇ ਖੱਡੇ ਪੈ ਗਏ ਹਨ, ਸਗੋਂ ਕਈ ਥਾਈਂ ਤਾਂ ਸਰੀਆਂ ਵੀ ਨਜ਼ਰ ਆ ਰਿਹਾ ਹੈ। ਵਿਭਾਗ ਕਿਸ ਵੱਡੀ ਘਟਨਾ ਦੀ ਉਡੀਕ ’ਚ ਬੈਠਾ ਹੈ, ਇਹ ਇਕ ਸਵਾਲੀਆ ਨਿਸ਼ਾਨ ਹੈ?
ਮੌਕੇ ’ਤੇ ਮੌਜੂਦ ਕਿਸਾਨ ਆਗੂ ਰੁਪਿੰਦਰ ਪੰਧੇਰ ਨੇ ਕਿਹਾ ਕਿ ਪਤਾ ਨਹੀਂ ਲੱਗਦਾ ਕਿ ਸਡ਼ਕ ’ਚ ਖੱਡੇ ਹਨ ਜਾਂ ਖੱਡਿਆਂ ’ਚ ਸੜਕ। ਹੁਣੇ ਹੀ ਪਿੱਛੇ ਇਕ ਦੋ ਪਹੀਆ ਵਾਹਨ ਚਾਲਕ ਡਿੱਗ ਗਿਆ ਸੀ, ਜਿਸਨੂੰ ਹੋਮਗਾਰਡ ਦੇ ਮੁਲਾਜ਼ਮਾਂ ਨੇ ਚੁੱਕਿਆ। ਮੌਜੂਦ ਵਾਹਨ ਚਾਲਕਾਂ ਨੇ ਵੀ ਨੰਗਲ ਡੈਂਮ ’ਤੇ ਖ਼ਸਤਾ ਹਾਲ ਹੋਈ ਸੜਕ ਨੂੰ ਲੈ ਕੇ ਸਬੰਧਤ ਵਿਭਾਗ ਨੂੰ ਕੋਸਿਆ। ਜਦੋਂ ਮੀਂਹ ਪੈਂਦਾ ਹੈ ਤਾਂ ਸੜਕ ਹਾਦਸੇ ਵੱਧ ਜਾਂਦੇ ਹਨ ਕਿਉਂਕਿ ਵਾਹਨ ਚਾਲਕਾਂ ਨੂੰ ਨੰਗਲ ਡੈਂਮ ’ਤੇ ਖੱਡੇ ਨਜ਼ਰ ਨਹੀਂ ਆਉਂਦੇ। ਪੁਲ ਦੇ ਹਾਲਾਤ ਅਜਿਹੇ ਹੁੰਦੇ ਹਨ ਕਿ ਨਿਕਾਸ ਨਾ ਹੋਣ ਕਾਰਨ ਪੁਲ ਤੇ ਵੀ ਇਕ ਤਲਾਬ ਬਣ ਜਾਂਦਾ ਹੈ। ਅੱਜ ਸਵੇਰੇ 15 ਕੁ ਮਿੰਟ ਪਏ ਮੀਂਹ ਨੇ ਪੁਲ ’ਤੇ ਫੁੱਟ-ਫੁੱਟ ਪਾਣੀ ਖੜ੍ਹਾ ਕਰ ਦਿੱਤਾ। ਚਾਲਕ ਪਰੇਸ਼ਾਨ ਹੁੰਦੇ ਆਮ ਨਜ਼ਰ ਆਏ। ਇੱਥੇ ਇਹ ਦੱਸਣਾ ਬਣਦਾ ਹੈ ਕਿ 7 ਰੇਲਵੇ ਫਾਟਕ ਵਾਲੇ ਨੰਗਲ ਸ਼ਹਿਰ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹਨ ਕਿਉਂਕਿ ਟ੍ਰੈਫਿਕ ਸਮੱਸਿਆ ਨਾਸੂਰ ਬਣ ਚੁੱਕੀ ਹੈ। ਭਾਖੜਾ ਬਿਆਸ ਪ੍ਰਬੰਧ ਬੋਰਡ ਕੋਲ ਵੱਡਾ ਬਜਟ ਹੈ ਅਤੇ ਨੰਗਲ ਨਗਰ ਕੌਂਸਲ ਵੀ ਬਹੁਤ ਅਮੀਰ ਹੈ ਪਰ ਸੰਪਰਕ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ।
ਇਹ ਵੀ ਪੜ੍ਹੋ- ਪਹਿਲਾਂ NRI ਮੁੰਡੇ ਨਾਲ ਕੀਤੀ ਮੰਗਣੀ, ਫਿਰ ਖ਼ਰਚਾਏ 28 ਲੱਖ, ਜਦ ਖੁੱਲ੍ਹਿਆ ਕੁੜੀ ਦਾ ਭੇਤ ਤਾਂ ਰਹਿ ਗਏ ਹੈਰਾਨ
ਰੇਲ ਟ੍ਰੈਫਿਕ ਵੱਧਣ ਕਾਰਨ ਰੇਲ ਫਾਟਕ ਬੰਦ ਰਹਿੰਦਾ ਹੈ ਇਸ ਕਾਰਨ ਲੰਬੇਂ ਲੰਬੇਂ ਜਾਮ ਲੱਗ ਜਾਂਦੇ ਹਨ। ਮਨੁੱਖਤਾ ਦਾ ਅਸਲ ਘਾਣ ਉਦੋਂ ਹੁੰਦਾ ਹੈ, ਜਦੋਂ ਐਂਬੂਲੈਂਸਾਂ ’ਚ ਮਰੀਜ਼ ਤੜਫਦੇ ਹਨ ਪਰ ਕੋਈ ਰਸਤਾ ਨਹੀਂ ਮਿਲਦਾ। ਸਕੂਲ ਸ਼ੁਰੂ ਹੋ ਚੁੱਕੇ ਹਨ ਅਤੇ ਸਕੂਲੀ ਬੱਸਾਂ ਵੀ ਇਨ੍ਹਾਂ ਜਾਮਾਂ ’ਚ ਫਸੀਆ ਆਮ ਵੇਖੀਆਂ ਜਾ ਸਕਦੀਆਂ ਹਨ। ਚਰਚਾ ਵਾਲੀ ਗੱਲ ਇਹ ਹੈ ਕਿ ਅੰਡਰਪਾਸ ਦਾ ਕੰਮ ਰੁਕ ਗਿਆ ਹੈ ਜਿਸ ਕਾਰਨ ਸ਼ਹਿਰ ਤਬਾਹੀ ਵੱਲ ਜਾ ਰਿਹਾ ਹੈ। ਲੋਕਾਂ ’ਚ ਚਰਚਾ ਆਮ ਹੈ ਕਿ ਇਸ ਕੰਮ ਨੂੰ ਇਕ ਰਾਜਸੀ ਆਗੂ ਨੇ ਆਪਣੇ ਵਪਾਰਕ ਲਾਭ ਕਾਰਨ ਰੁਕਵਾ ਦਿੱਤਾ ਹੈ। ਭਾਖੜਾ ਬਿਆਸ ਪ੍ਰਬੰਧਕ ਬੋਰਡ ਰੇਲ ਵਿਭਾਗ ਨੂੰ ਕਈ ਵਾਰ ਲਿਖ ਚੁੱਕਾ ਹੈ ਕਿ ਰੇਲ ਟ੍ਰੈਫਿਕ ਵੱਧਣ ਕਾਰਨ ਨਾ ਸਿਰਫ਼ ਨੰਗਲ ਡੈਮ ਨੂੰ ਖਤਰਾ ਹੈ, ਸਗੋਂ ਰੇਲ ਵਿਭਾਗ ਦੀਆਂ ਬਿਜਲਈ ਤਾਰਾਂ ਕਾਰਨ ਬਹੁਤ ਮਹਤਵਪੂਰਨ ਰਿਪੇਅਰ ਵਰਕ ਕਰਨ ’ਚ ਵੀ ਵੱਡੀ ਸਮੱਸਿਆ ਆ ਰਹੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਰੇਲ ਵਿਭਾਗ ਭਨੂਪਲੀ ’ਚ ਵੱਡਾ ਰੇਲਵੇ ਸਟੇਸ਼ਨ ਬਣਾ ਰਿਹਾ ਹੈ ਪਰ ਹਾਲੇ ਇਹ ਸਪਸ਼ਟ ਨਹੀਂ ਕਿ ਸਤਲੁਜ ’ਤੇ ਨਵਾਂ ਰੇਲ ਬ੍ਰਿਜ ਬਣੇਗਾ ਜਾਂ ਨਹੀਂ।
ਜੇਕਰ ਬੀ. ਬੀ. ਐੱਮ. ਬੀ. ਕੰਮ ’ਚ ਅੜਿੱਕਾ ਪਾਏਗੀ ਤਾਂ ਦਰਜ ਹੋਵੇਗੀ ਐੱਫ਼. ਆਈ. ਆਰ.: ਮੰਤਰੀ ਬੈਂਸ
ਬੀਤੇ ਦਿਨੀ ਜਦੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੰਗਲ ਆਈ.ਟੀ.ਆਈ. ’ਚ ਪੁੱਜੇ ਤਾਂ ਉਨ੍ਹਾਂ ਭਾਜਪਾ ਦੇ ਨਾਲ-ਨਾਲ ਭਾਖੜਾ ਬਿਆਸ ਮੈਨੇਜਮੈਂਟ ’ਤੇ ਵੀ ਨਿਸ਼ਾਨਾ ਸਾਧਿਆ ਸੀ ਅਤੇ ਸਟੇਜ ਤੋਂ ਸਪੱਸ਼ਟ ਕਿਹਾ ਸੀ ਕਿ ਜੇਕਰ ਬੀ. ਬੀ. ਐੱਮ. ਬੀ. ਹੁਣ ਇਲਾਕੇ ਦੇ ਲਕ ਭਲਾਈ ਦੇ ਕੰਮਾਂ ’ਚ ਅਡ਼ਿੱਕਾ ਪਾਏਗੀ ਤਾਂ ਵਿਭਾਗ ’ਤੇ ਐੱਫ਼. ਆਈ. ਆਰ. ਦਰਜ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕਾਂ ਦਾ ਟੈਂਡਰ ਹੋ ਚੁੱਕਿਆ ਹੈ। ਬਹੁਤ ਜਲਦ ਸੜਕਾਂ ਦੀ ਮਾੜੀ ਹਾਲਤ ਨੂੰ ਸੁਧਾਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।
ਚਰਚਾ ਆਮ ਹੁੰਦੀ ਹੈ ਕਿ ਬੀ. ਬੀ. ਐੱਮ. ਬੀ. ਕੇਂਦਰ ਦਾ ਅਦਾਰਾ ਹੋਣ ਦੇ ਚੱਲਦਿਆਂ ਮੌਜੂਦਾ ਸਰਕਾਰ ਦੇ ਕੰਮਾਂ ’ਚ ਜਾਣਬੁਝ ਕੇ ਪਰੇਸ਼ਾਨੀਆਂ ਖੜ੍ਹਾ ਕਰਦਾ ਹੈ। ਜੇਕਰ ਢੋਲਾ ਵਾਲਾ ਪੁਲ ਅੱਜ ਬਣਿਆ ਹੁੰਦਾ ਤਾਂ ਨੰਗਲ ਡੈਂਮ ਤੇ ਜਾਮ ਹੀ ਨਹੀਂ ਸੀ ਲੱਗਣਾ। ਮੰਤਰੀ ਬੈਂਸ ਨੇ ਕਿਹਾ ਕਿ ਫਲਾਈਓਵਰ ਦੀ ਇਕ ਸਾਈਟ ਚੱਲਣ ਨੂੰ ਹੁਣ ਮਹੀਨੇ ਨਹੀਂ ਬਲਕਿ ਕੁਝ ਦਿਨ ਦਾ ਸਮਾਂ ਬਾਕੀ ਹੈ। ਹਰ ਹਫਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਫਲਾਈਓਵਰ ਸਬੰਧੀ ਸਮੀਖਿਆ ਲਈ ਜਾ ਰਹੀ ਹੈ ਅਤੇ ਅਗਲੀ ਮੀਟਿੰਗ 10 ਜੁਲਾਈ ਨੂੰ ਨੰਗਲ ਫਲਾਈਓਵਰ ਕੋਲ ਹੀ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।
ਜਦੋਂ ਇਸ ਮਾਮਲੇ ਨੂੰ ਲੈ ਕੇ ਬੀ. ਬੀ. ਐੱਮ. ਬੀ. ਚੀਫ਼ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾਇਆ ਅਤੇ ਡਿਪਟੀ ਚੀਫ ਹੁਸਨ ਲਾਲ ਕੰਬੋਜ ਨੇ ਕਿਹਾ ਕਿ ਇਨ੍ਹਾਂ ਸੜਕਾਂ ਦਾ ਟੈਂਡਰ ਪਾਸ ਹੋ ਚੁੱਕਿਆ ਹੈ। ਇਕ ਦੋ ਦਿਨ ’ਚ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ’ਚ ਮੁਰਝਾਏ ਕਮਲ ਨੂੰ ਮੁੜ ਖਿੜਾਉਣ ਲਈ ਭਾਜਪਾ ਦਾ ‘ਜਾਖੜ ਪਲਾਨ’, ਚੁਣੌਤੀ-ਫਾਡੀ ਨੂੰ ਅੱਵਲ ਬਣਾਉਣਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani