ਸਰਕਾਰ ਬਣਨ ਦੇ ਬਾਅਦ ਵੀ ਧੜੇਬੰਦੀ ''ਚ ਵੰਡੀ ਕਾਂਗਰਸ

Sunday, Jul 02, 2017 - 07:33 AM (IST)

ਸਰਕਾਰ ਬਣਨ ਦੇ ਬਾਅਦ ਵੀ ਧੜੇਬੰਦੀ ''ਚ ਵੰਡੀ ਕਾਂਗਰਸ

ਜਲੰਧਰ, (ਰਵਿੰਦਰ ਸ਼ਰਮਾ)- ਸੂਬੇ ਵਿਚ ਸਰਕਾਰ ਬਣਨ ਦੇ ਬਾਅਦ ਵੀ ਕਾਂਗਰਸ ਦੇ ਅੰਦਰੂਨੀ ਹਾਲਾਤ ਸੁਧਰਦੇ ਹੋਏ ਨਜ਼ਰ ਨਹੀਂ ਆ ਰਹੇ। ਵਰਕਰਾਂ ਨੂੰ ਇਕਜੁਟ ਦੀ ਨਸੀਹਤ ਦੇਣ ਵਾਲੇ ਪਾਰਟੀ ਦੇ ਮੋਹਰੀ ਨੇਤਾ ਹੀ ਆਪਸੀ ਧੜੇਬੰਦੀ ਵਿਚ ਵੰਡੇ ਹੋਏ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਾਂਗਰਸ ਭਵਨ ਵਿਚ ਸਨਮਾਨ ਸਮਾਰੋਹ ਦੌਰਾਨ ਕਾਂਗਰਸ ਦੀ ਇਹ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਰਾਣਾ ਗੁਰਜੀਤ ਸਿੰਘ ਦੇ ਸਨਮਾਨ ਸਮਾਰੋਹ ਦਾ ਸ਼ਹਿਰ ਦੇ 3 ਵਿਧਾਇਕਾਂ ਨੇ ਬਾਈਕਾਟ ਕਰ ਕੇ ਜਨਤਾ ਨੂੰ ਇਹ ਦਿਖਾ ਦਿੱਤਾ ਹੈ ਕਿ ਉਹ 'ਇਹ ਤੇਰਾ ਗੁੱਟ, ਇਹ ਮੇਰਾ ਗੁੱਟ' ਤੋਂ ਉਪਰ ਨਹੀਂ ਉਠ ਰਹੇ। ਨਗਰ ਨਿਗਮ ਦੀਆਂ ਚੋਣਾਂ ਸਿਰ 'ਤੇ ਹਨ। ਅਜਿਹੇ ਵਿਚ ਕਾਂਗਰਸ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਹੁਣ ਸਾਰੀਆਂ ਨਿਗਮਾਂ 'ਤੇ ਵੀ ਕਬਜ਼ਾ ਕਰਨ ਦੀ ਤਿਆਰੀ ਕਰ ਰਹੀ ਹੈ। ਪਹਿਲਾਂ ਹੀ ਸੂਬਾ ਪੱਧਰ 'ਤੇ ਕਾਂਗਰਸ ਦੇ ਫੈਸਲੇ ਲੈਣ ਵਿਚ ਹੋ ਰਹੀ ਦੇਰੀ ਕਾਰਨ ਨਗਰ ਨਿਗਮ ਚੋਣਾਂ ਦੀ ਤਰੀਕ ਲਗਾਤਾਰ ਅੱਗੇ ਵਧ ਰਹੀ ਹੈ ਜਿਸ ਨਾਲ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਦੇ ਪੱਖ ਵਿਚ ਚਲੀ ਲਹਿਰ ਮਿੱਟੀ ਵਿਚ ਮਿਲਦੀ ਨਜ਼ਰ ਆ ਰਹੀ ਹੈ। ਹੁਣ ਕਾਂਗਰਸ ਦੀ ਜ਼ਿਲਾ ਪੱਧਰ 'ਤੇ ਧੜੇਬੰਦੀ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਪਾਰਟੀ ਲਈ ਭਾਰੀ ਪੈ ਸਕਦੀ ਹੈ। ਦਰਅਸਲ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਦਾ ਪਿਛਲੇ ਲੰਬੇ ਸਮੇਂ ਤੋਂ ਛੱਤੀ ਦਾ ਅੰਕੜਾ ਰਿਹਾ ਹੈ। ਦੋਵੇਂ ਨੇਤਾ ਇਕ-ਦੂਸਰੇ ਦੇ ਕੰਮਾਂ ਦਾ ਵਿਰੋਧ ਕਰਦੇ ਰਹੇ ਹਨ। ਪਿਛਲੀ ਕੈਪਟਨ ਸਰਕਾਰ ਵਿਚ ਮੰਤਰੀ ਹੋਣ ਕਾਰਨ ਜਿਥੇ ਅਵਤਾਰ ਹੈਨਰੀ ਸੂਬਾ ਪੱਧਰ 'ਤੇ ਮਜ਼ਬੂਤ ਨੇਤਾ ਸਨ, ਉਥੇ ਇਸ ਵਾਰ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਦਾ ਕੱਦ ਸੂਬੇ ਦੀ ਸਿਆਸਤ ਵਿਚ ਕੁਝ ਕਮਜ਼ੋਰ ਹੋਇਆ ਹੈ। ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਨਾ ਸਿਰਫ ਕੈਬਨਿਟ ਮੰਤਰੀ ਹਨ ਬਲਕਿ ਮੌਜੂਦਾ ਸਮੇਂ ਵਿਚ ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੰਗੇ ਸੰਬੰਧ ਵੀ ਹਨ। ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਪ੍ਰਧਾਨ ਬਣਨ ਤੋਂ ਬਾਅਦ ਪੂਰੇ ਕਾਂਗਰਸ ਭਵਨ ਨੂੰ ਰੈਨੋਵੇਸ਼ਨ ਨਾਲ ਨਵੀਂ ਪਛਾਣ ਦਿੱਤੀ ਹੈ ਅਤੇ ਇਸ ਨਵੇਂ ਬਣੇ ਕਾਂਗਰਸ ਭਵਨ ਦਾ ਉਦਘਾਟਨ ਕਰਨ ਲਈ ਰਾਣਾ ਗੁਰਜੀਤ ਸਿੰਘ ਨੂੰ ਬੁਲਾਇਆ ਗਿਆ ਸੀ। ਕੈਬਨਿਟ ਮੰਤਰੀ ਦੇ ਸਨਮਾਨ ਲਈ ਸ਼ਹਿਰ ਦੇ ਚਾਰੋਂ ਵਿਧਾਇਕਾਂ ਪਰਗਟ ਸਿੰਘ, ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ ਅਤੇ ਬਾਵਾ ਹੈਨਰੀ ਨੂੰ ਵੀ ਸੱਦਾ ਭੇਜਿਆ ਗਿਆ ਸੀ ਪਰ ਰਾਣਾ ਗੁਰਜੀਤ ਸਿੰਘ ਦਾ ਸਨਮਾਨ ਸਮਾਰੋਹ ਹੋਣ ਦੀ ਗੱਲ ਸਾਹਮਣੇ ਆਉਂਦੇ ਹੀ ਬਾਵਾ ਹੈਨਰੀ ਨੇ ਸਮਾਰੋਹ ਦਾ ਬਾਈਕਾਟ ਕਰ ਦਿੱਤਾ। ਹੈਨਰੀ ਦੇ ਨਜ਼ਦੀਕੀ ਰਹੇ ਬੇਰੀ ਨੇ ਵੀ ਉਨ੍ਹਾਂ ਦਾ ਸਾਥ ਨਿਭਾਇਆ। ਕੈਬਨਿਟ ਮੰਤਰੀ ਦੇ ਨਾਲ ਸਮਾਰੋਹ ਦੀ ਸ਼ਾਨ ਸਿਰਫ ਵਿਧਾਇਕ ਸੁਸ਼ੀਲ ਰਿੰਕੂ ਬਣੇ। ਇਸ ਸਨਮਾਨ ਸਮਾਰੋਹ ਵਿਚ ਜ਼ਿਲਾ ਕਾਂਗਰਸ ਕਮੇਟੀ ਦੇ ਸਾਰੇ ਅਹੁਦੇਦਾਰ ਤੇ ਸੂਬਾ ਕਾਂਗਰਸ ਦੇ ਕਈ ਅਹੁਦੇਦਾਰਾਂ ਨੇ ਸ਼ਮੂਲੀਅਤ ਕਰ ਕੇ ਪਾਰਟੀ ਵਿਚ ਇਕਜੁਟਤਾ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਪਰ ਅਹੁਦੇਦਾਰਾਂ ਤੇ ਵਰਕਰਾਂ ਦੀ ਇਸ ਇਕਜੁਟਤਾ ਨੂੰ ਵਿਧਾਇਕਾਂ ਦੇ ਬਾਈਕਾਟ ਨੇ ਤਾਰ-ਤਾਰ ਕਰ ਦਿੱਤਾ। ਵਿਧਾਇਕਾਂ ਦੀ ਆਪਸੀ ਧੜੇਬੰਦੀ ਅਤੇ ਦਿਨ-ਬ-ਦਿਨ ਵਧਦੀ ਜਾ ਰਹੀ ਰੰਜਿਸ਼ ਹੇਠਲੇ ਪੱਧਰ 'ਤੇ ਵਰਕਰਾਂ ਦਾ ਹੌਸਲਾ ਪਸਤ ਕਰ ਸਕਦੀ ਹੈ, ਜਿਸ ਦਾ ਖਮਿਆਜ਼ਾ ਪਾਰਟੀ ਨੂੰ ਨਾ ਸਿਰਫ ਨਗਰ ਨਿਗਮ ਚੋਣਾਂ ਵਿਚ ਬਲਕਿ ਆਉਣ ਵਾਲੀਆਂ 2019 ਦੀਆਂ ਸੰਸਦੀ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ।
ਕਾਂਗਰਸ ਦੀ ਧੜੇਬੰਦੀ ਦਾ ਅਕਾਲੀ-ਭਾਜਪਾ ਨੂੰ ਹੋ ਸਕਦੈ ਫਾਇਦਾ
ਸਭਾ ਵਿਚ ਸ਼ਹਿਰ ਦੀਆਂ ਚਾਰੋਂ ਸੀਟਾਂ ਗੁਆਉਣ ਦੇ ਬਾਅਦ ਹਾਸ਼ੀਏ 'ਤੇ ਚੱਲ ਰਹੀ ਅਕਾਲੀ-ਭਾਜਪਾ ਨੂੰ ਕਾਂਗਰਸ ਦੀ ਧੜੇਬੰਦੀ ਨਵੀਂ ਆਕਸੀਜਨ ਦੇ ਸਕਦੀ ਹੈ। ਸ਼ਹਿਰ ਦੇ ਰੁਕੇ ਵਿਕਾਸ ਕੰਮਾਂ ਦਾ ਠੀਕਰਾ ਭਾਜਪਾ ਪਹਿਲਾਂ ਹੀ ਕਾਂਗਰਸ 'ਤੇ ਭੰਨ ਕੇ ਦੁਬਾਰਾ ਪੈਰਾਂ 'ਤੇ ਖੜ੍ਹੇ ਹੋਣ ਦਾ ਯਤਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਧੜੇਬੰਦੀ ਅਕਾਲੀ-ਭਾਜਪਾ ਨੂੰ ਨਗਰ ਨਿਗਮ ਚੋਣਾਂ ਵਿਚ ਫਾਇਦਾ ਪਹੁੰਚਾਉਣ ਦਾ ਕੰਮ ਕਰ ਸਕਦੀ ਹੈ।
ਚੋਪੜਾ ਅਨੁਸਾਰ ਇਸ ਮੌਕੇ ਫੋਟੋ ਖਿਚਵਾਉਣ ਦੀ ਹੋੜ ਵਿਚ ਵਰਕਰ ਆਪਸ ਵਿਚ ਉਲਝਦੇ ਵੀ ਦਿਖਾਈ ਦਿੱਤੇ। ਰਾਣਾ ਗੁਰਜੀਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੈ. ਅਮਰਿੰਦਰ ਸਿੰਘ ਸਰਕਾਰ ਜਨਤਾ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਚੋਣ ਸਾਲ ਵਿਚ ਲੋਕਾਂ ਨੂੰ ਸਹੂਲਤਾਂ ਦੇਣ ਦੇ ਝੂਠੇ ਵਾਅਦੇ ਕੀਤੇ ਪਰ ਕੈ. ਅਮਰਿੰਦਰ ਸਰਕਾਰ ਨੇ ਆਪਣੇ ਪਹਿਲੇ ਹੀ ਬਜਟ ਵਿਚ ਕਿਸਾਨਾਂ ਦੇ ਕਰਜ਼ੇ ਮੁਆਫ, ਪੈਨਸ਼ਨ ਵਿਚ ਵਾਧਾ, ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਸਣੇ ਕਈ ਵਾਅਦੇ ਪੂਰੇ ਕੀਤੇ ਹਨ। ਜੇ ਇੰਡਸਟਰੀ ਖੁਸ਼ਹਾਲ ਹੋਵੇਗੀ ਤਾਂ ਟ੍ਰੇਡ ਵਧੇਗਾ ਜਿਸ ਨਾਲ ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਹੋਣਗੇ। 
ਸਰਕਾਰ ਨੂੰ ਬਣਿਆਂ ਅਜੇ 100 ਦਿਨ ਨਹੀਂ ਹੋਏ ਕਿ ਇੰਡਸਟਰੀ ਲਈ 5 ਰੁਪਏ ਯੂਨਿਟ ਬਿਜਲੀ ਦਾ ਵਾਅਦਾ ਪੂਰਾ ਕਰ ਦਿੱਤ ਗਿਆ।
ਰਾਣਾ ਗੁਰਜੀਤ ਨੇ ਕਿਹਾ ਕਿ ਪੰਜਾਬ ਦੇ ਆਰਥਿਕ ਹਾਲਾਤ ਬੇਹੱਦ ਨਾਜ਼ੁਕ ਸਥਿਤੀ ਵਿਚ ਹਨ ਫਿਰ ਵੀ ਅਸੀਂ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। 5 ਸਾਲਾਂ ਵਿਚ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ। ਕੈਪਟਨ ਸਰਕਾਰ ਜੰਗਲ ਰਾਜ ਨਹੀਂ ਚਾਹੁੰਦੀ, ਤੇ ਨਾ ਹੀ ਇਹ ਚਾਹੁੰਦੀ ਹੈ ਕਿ ਜਦੋਂ ਮਰਜ਼ੀ ਕਿਸੇ 'ਤੇ ਵੀ ਨੀਲਾ-ਚਿੱਟਾ ਪਾ ਕੇ ਉਸ ਨੂੰ ਜੇਲ ਭੇਜ ਦਿੱਤਾ ਜਾਵੇ। ਇਸ ਦੌਰਾਨ ਵਿਧਾਇਕ ਸੁਸ਼ੀਲ ਰਿੰਕੂ, ਜ਼ਿਲਾ ਕਾਂਗਰਸ ਸ਼ਹਿਰੀ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਆਹਲੂਵਾਲੀਆ, ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ, ਲਾਡੀ ਸ਼ੇਰੇਵਾਲੀਆ, ਅਰੁਣ ਵਾਲੀਆ, ਸਤਨਾਮ ਬਿੱਟਾ, ਕੁਲਜੀਤ ਬੱਬੀ, ਮਨਜਿੰਦਰ ਜੌਹਲ, ਅੰਮ੍ਰਿਤ ਖੋਸਲਾ, ਪ੍ਰਦੇਸ਼ ਸਕੱਤਰ ਅਸ਼ੋਕ ਗੁਪਤਾ, ਰਾਜੇਸ਼ ਪਦਮ, ਕਾਕੂ ਆਹਲੂਵਾਲੀਆ, ਕੌਂਸਲਰ ਹਰਸਿਮਰਨਜੀਤ ਬੰਟੀ, ਕੌਂਸਲਰ ਅਮਿਤ ਢੱਲ, ਮੇਜਰ ਸਿੰਘ, ਹਰਕ੍ਰਿਸ਼ਨ ਸਿੰਘ ਬਾਵਾ, ਜ਼ਿਲਾ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਵਾਈਸ ਚੇਅਰਮੈਨ ਨਾਸਿਰ ਹੁਸੈਨ ਸਲਮਾਨੀ, ਰਾਜ ਕੁਮਾਰ ਰਾਜੂ, ਹਰਜਿੰਦਰ ਲਾਡਾ, ਰਾਹੁਲ ਸ਼ਰਮਾ, ਅੰਗਦ ਦੱਤਾ, ਧਰਮਿੰਦਰ ਰਾਣਾ, ਸ਼ੈਟੀ ਗੋਰਾਇਆ, ਮਨੂ ਬਾਹਰੀ ਅਤੇ ਹੋਰ ਵੀ ਮੌਜੂਦ ਸਨ।


Related News