ਹੁੱਕਾ ਬਾਰਾਂ ’ਤੇ ਮੁਕੰਮਲ ਪਾਬੰਦੀ, ਉਲੰਘਣਾ ਕਰਨ 'ਤੇ ਹੋ ਸਕਦੀ 3 ਸਾਲ ਦੀ ਸਜ਼ਾ

Saturday, May 27, 2023 - 05:10 PM (IST)

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ’ਚ ਹੁੱਕਾ ਬਾਰ ’ਤੇ ਮੁਕੰਮਲ ਤੌਰ ’ਤੇ ਰੋਕ ਲਾ ਦਿੱਤੀ ਗਈ ਹੈ। ਕੇਂਦਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਹੁਕਮਾਂ ਅਨੁਸਾਰ ਹੁੱਕੇ ਦੀ ਵਰਤੋਂ ਅਤੇ ਸਰਵ ਕਰਨ ’ਤੇ ਕਿਸੇ ਵੀ ਬਾਰ ਅਤੇ ਹੋਰ ਜਗ੍ਹਾ ’ਤੇ ਮੁਕੰਮਲ ਪਾਬੰਦੀ ਰਹੇਗੀ। ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ। ਤੰਬਾਕੂ ਦੇ ਨਾਲ ਹੋਰ ਤਰ੍ਹਾਂ ਦੇ ਕੈਮੀਕਲ ਵੀ ਹੁੱਕੇ ਵਿਚ ਵਰਤੇ ਜਾਂਦੇ ਹਨ, ਜੋ ਕਿ ਸਰੀਰ ਲਈ ਬੇਹੱਦ ਨੁਕਸਾਨਦਾਇਕ ਹਨ। ਇਹੀ ਕਾਰਨ ਹੈ ਕਿ ਇਸ ’ਤੇ ਰੋਕ ਲਾਉਣ ਸਬੰਧੀ ਫੈਸਲਾ ਲਿਆ ਗਿਆ ਸੀ। ਇਸ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਸੀ. ਆਰ. ਪੀ. ਸੀ. ਦੀ ਧਾਰਾ-144 ਤਹਿਤ ਹੁੱਕਾ ਬਾਰ ’ਤੇ ਰੋਕ ਲਾਈ ਜਾਂਦੀ ਸੀ ਅਤੇ ਸਮੇਂ-ਸਮੇਂ ’ਤੇ ਇਸ ਰੋਕ ਦਾ ਵਿਸਥਾਰ ਕੀਤਾ ਜਾਂਦਾ ਸੀ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ’ਤੇ 3 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ। ਇਹ ਸਜ਼ਾ ਇਕ ਸਾਲ ਤੋਂ ਘੱਟ ਨਹੀਂ ਹੋਵੇਗੀ। ਨਾਲ ਹੀ ਜੁਰਮਾਨੇ ਦਾ ਵੀ ਨਿਯਮ ਹੈ, ਜੋ ਵੱਧ ਤੋਂ ਵੱਧ 50 ਹਜ਼ਾਰ ਤਕ ਵਧਾਇਆ ਜਾ ਸਕਦਾ ਹੈ ਪਰ 20 ਹਜ਼ਾਰ ਤੋਂ ਘੱਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਯੂ. ਟੀ. ਪ੍ਰਸ਼ਾਸਨ ਵਲੋਂ ਅਧਿਕਾਰਤ ਸਬ-ਇੰਸਪੈਕਟਰ ਰੈਂਕ ਤਕ ਦਾ ਅਧਿਕਾਰੀ ਹੁੱਕਾ ਬਾਰ ਨਾਲ ਸਬੰਧਤ ਮੈਟੀਰੀਅਲ ਅਤੇ ਸਮੱਗਰੀ ਜਬਤ ਕਰ ਸਕਦਾ ਹੈ। ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਚੰਡੀਗੜ੍ਹ ਵਿਚ ਕੋਈ ਵੀ ਹੁੱਕਾ ਬਾਰ ਨਾਲ ਸਬੰਧਤ ਗਤੀਵਿਧੀ ਵਿਚ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ (ਇਸ਼ਤਿਹਾਰ ਅਤੇ ਵਪਾਰ ਅਤੇ ਵਣਜ, ਉਤਪਾਦਨ, ਵਿਕਰੀ ਅਤੇ ਵੰਡ ਦੀ ਐਕਸਚੇਂਜ) (ਪੰਜਾਬ ਸੋਧ) ਬਿੱਲ 2018 ਨੂੰ ਚੰਡੀਗੜ੍ਹ ਵਿਚ ਲਾਗੂ ਕੀਤਾ ਹੈ। ਇਹ ਨੋਟੀਫਿਕੇਸ਼ਨ ਚੰਡੀਗੜ੍ਹ ਵਿਚ ਹੁੱਕਾ ਬਾਰ ’ਤੇ ਮੁਕੰਮਲ ਰੋਕ ਲਾਉਂਦਾ ਹੈ। ਇਸ ਤਰ੍ਹਾਂ ਹੁਣ ਕੋਈ ਵੀ ਕਿਸੇ ਵੀ ਜਗ੍ਹਾ ਅਤੇ ਈਟਿੰਗ ਹਾਊਸ ’ਤੇ ਖੁਦ ਅਤੇ ਕਿਸੇ ਵਲੋਂ ਹੁੱਕਾ ਬਾਰ ਖੋਲ੍ਹ ਅਤੇ ਚਲਾ ਨਹੀਂ ਸਕਦਾ ਹੈ ਅਤੇ ਨਾਲ ਹੀ ਹੁੱਕਾ ਸਰਵ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਬਗਾਵਤੀ ਮਾਹੌਲ

ਹੁੱਕੇ ’ਚ ਵਰਤੀ ਜਾਂਦੀ ਨਿਕੋਟਿਨ ਸਰੀਰ ਲਈ ਨੁਕਸਾਨਦਾਇਕ
ਹੁਕਮਾਂ ਅਨੁਸਾਰ ਹੁੱਕਾ ਬਾਰ ਖਾਸ ਕਰ ਕੇ ਨੌਜਵਾਨਾਂ ਨੂੰ ਸਮੋਕਿੰਗ ਲਈ ਉਤਸ਼ਾਹਿਤ ਕਰ ਰਹੇ ਹਨ। ਇਨ੍ਹਾਂ ਵਿਚ ਖਤਰਨਾਕ ਨਿਕੋਟਿਨ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਤੰਬਾਕੂ ਤੋਂ ਇਲਾਵਾ ਹੋਰ ਤਰ੍ਹਾਂ ਦੇ ਕੈਮੀਕਲ ਦੀ ਵੀ ਹੁੱਕੇ ਵਿਚ ਵਰਤੋਂ ਕੀਤੀ ਜਾ ਰਹੀ ਹੈ, ਜੋ ਸਰੀਰ ਲਈ ਬੇਹੱਦ ਨੁਕਸਾਨਦਾਇਕ ਹੈ। ਇਸ ਤੋਂ ਇਲਾਵਾ ਹੁੱਕੇ ਦੀ ਵਰਤੋਂ ਕਰਨ ਵਾਲਿਆਂ ਵਿਚ ਹੋਰ ਇਨਫੈਕਸ਼ਨ ਫੈਲਣ ਦਾ ਖਦਸ਼ਾ ਰਹਿੰਦਾ ਹੈ ਕਿਉਂਕਿ ਸੇਵਨ ਵਿਚ ਉਂਗਲੀਆਂ ਬੁੱਲ੍ਹਾਂ ਦੇ ਸੰਪਰਕ ਵਿਚ ਆਉਂਦੀਆਂ ਹਨ ਅਤੇ ਇਹ ਇਨਫੈਕਸ਼ਨ ਫੈਲਣ ਦਾ ਕਾਰਨ ਹੋ ਸਕਦਾ ਹੈ। ਹੁੱਕਾ ਪੀਣ ਵਾਲੇ ਫੇਫੜਿਆਂ ਨਾਲ ਸਬੰਧਤ ਰੋਗ ਦੇ ਸ਼ਿਕਾਰ ਹੋ ਸਕਦੇ ਹਨ। ਹੁੱਕੇ ਨਾਲ ਜੁੜੀ ਪਾਈਪ ਵਿਚ ਨਲੀ ਦੀ ਵਰਤੋਂ ਹੁੰਦੀ ਹੈ ਅਤੇ ਇਸ ਨੂੰ ਇਕ-ਦੂਜੇ ਨਾਲ ਸ਼ੇਅਰ ਕੀਤਾ ਜਾਂਦਾ ਹੈ, ਜੋ ਕਈ ਤਰ੍ਹਾਂ ਦੀ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਪਹਿਲਾਂ ਕੋਰੋਨਾ ਕਾਰਨ ਵੀ ਪ੍ਰਸ਼ਾਸਨ ਨੇ ਹੁੱਕੇ ਸਬੰਧੀ ਸਖ਼ਤੀ ਕੀਤੀ ਸੀ ਅਤੇ ਸਮੇਂ-ਸਮੇਂ ’ਤੇ ਕਈ ਬਾਰ ਅਤੇ ਕਲੱਬਾਂ ਖਿਲਾਫ਼ ਕਾਰਵਾਈ ਕੀਤੀ ਸੀ। ਇੱਥੋਂ ਤਕ ਕਿ ਕਈ ਕਲੱਬਾਂ ਖਿਲਾਫ਼ ਸੀਲਿੰਗ ਦੀ ਕਾਰਵਾਈ ਵੀ ਕੀਤੀ ਗਈ ਸੀ।

ਇਹ ਵੀ ਪੜ੍ਹੋ : 10ਵੀਂ ਜਮਾਤ ਦੇ ਨਤੀਜੇ ’ਚ ਪਠਾਨਕੋਟ ਜ਼ਿਲ੍ਹਾ ਅੱਵਲ, ਜ਼ਿਲ੍ਹਾ ਬਰਨਾਲਾ ਰਿਹਾ ਫਾਡੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
 


Anuradha

Content Editor

Related News