ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦੇ ਹੋਏ ਕਤਲ ਮਗਰੋਂ ਸ਼ਹਿਰ ਪੁਲਸ ਛਾਉਣੀ 'ਚ ਤਬਦੀਲ

Wednesday, Mar 08, 2023 - 05:21 PM (IST)

ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦੇ ਹੋਏ ਕਤਲ ਮਗਰੋਂ ਸ਼ਹਿਰ ਪੁਲਸ ਛਾਉਣੀ 'ਚ ਤਬਦੀਲ

ਸ੍ਰੀ ਅਨੰਦਪੁਰ ਸਾਹਿਬ (ਸੰਧੂ)-ਖ਼ਾਲਸਾ ਪੰਥ ਦੀ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਤਿਉਹਾਰ ਹੋਲਾ ਮਹੱਲਾ ਦੌਰਾਨ ਸੋਮਵਾਰ ਦੀ ਰਾਤ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਕੈਨੇਡਾ ਦੇ ਪੱਕੇ ਵਾਸੀ ਸਿੱਖ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਦਾ ਇਕ ਨੂਰਪੁਰਬੇਦੀ ਦੇ ਨੌਜਵਾਨ ਵੱਲੋਂ ਪਿੰਡ-ਬਢਲ ਲਾਗੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਵੱਲੋਂ ਕਿਸੇ ਗੈਂਗਵਾਰ ਦੀ ਹੋਰ ਸੰਭਾਵੀ ਵਾਰਦਾਤ ਨੂੰ ਭਾਂਪਦਿਆਂ ਸਮੁੱਚਾ ਹੋਲਾ-ਮਹੱਲਾ ਖੇਤਰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ।

PunjabKesari

ਜ਼ਿਕਰਯੋਗ ਹੈ ਕਿ ਹੋਲੇ-ਮਹੱਲੇ ਦੌਰਾਨ ਕਤਲ ਕੀਤੇ ਗਏ ਪ੍ਰਦੀਪ ਸਿੰਘ ਬਿਨਾਂ ਸਾਇਲੈਂਸਰਾਂ ਤੋਂ ਘੁੰਮ ਰਹੇ ਮੋਟਰਸਾਈਕਲਾਂ ਅਤੇ ਵੱਡੇ-ਵੱਡੇ ਸਪੀਕਰ ਲਗਾ ਕੇ ਰੇਸਾਂ ਲਗਾ ਰਹੇ ਟ੍ਰੈਕਟਰਾਂ ਵਾਲਿਆਂ ਨੂੰ ਅਜਿਹੀ ਹੁੱਲੜਬਾਜ਼ੀ ਕਰਨ ਤੋਂ ਰੋਕ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨਾਂ ਦੀ ਪ੍ਰਦੀਪ ਸਿੰਘ ਨਾਲ ਬਹਿਸ ਹੋ ਗਈ ਅਤੇ ਲੜਾਈ ਝਗੜਾ ਸ਼ੁਰੂ ਹੋ ਗਿਆ, ਜਿਸ ਵਿਚ ਪ੍ਰਦੀਪ ਸਿੰਘ ਦੀ ਕੋਈ ਨੁਕੀਲੀ ਚੀਜ਼ ਵੱਜਣ ਨਾਲ ਮੌਤ ਹੋ ਗਈ। ਮ੍ਰਿਤਕ ਪ੍ਰਦੀਪ ਸਿੰਘ ਕੈਨੇਡਾ ਦਾ ਪੱਕਾ ਵਾਸੀ ਸੀ ਅਤੇ ਹੋਲਾ-ਮਹੱਲਾ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਆਇਆ ਹੋਇਆ ਸੀ। ਪ੍ਰਦੀਪ ਸਿੰਘ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀ ਦੀ ਪਛਾਣ ਨਿਰੰਜਣ ਸਿੰਘ (ਨੂਰਪੁਰ ਬੇਦੀ) ਵਜੋਂ ਹੋ ਗਈ ਹੈ ਅਤੇ ਕਥਿਤ ਦੋਸ਼ੀ ਦੀ ਜੀਪ ਪੁਲਸ ਨੇ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ : ਜਲੰਧਰ ਪ੍ਰਸ਼ਾਸਨ ਵੱਲੋਂ ਕਰੀਬ 270 ਇਮੀਗਰੇਸ਼ਨ ਕੰਸਲਟੈਂਸੀ ਤੇ IELTS ਸੈਂਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ, ਜਾਣੋ ਵਜ੍ਹਾ

ਜਾਣਕਾਰੀ ਦਿੰਦੇ ਹੋਏ ਵਿਵੇਕਸ਼ੀਲ ਸੋਨੀ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਨੇ ਦੱਸਿਆ ਕਿ ਦੋਸ਼ੀ ਪੀ. ਜੀ. ਆਈ. ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈ, ਜਿੱਥੇ ਗਾਰਦ ਤਾਇਨਾਤ ਕਰ ਦਿੱਤੀ ਹੈ। ਇਸ ਸਬੰਧ ’ਚ ਐੱਫ਼. ਆਈ. ਆਰ. ਨੰਬਰ 37 ਮਿਤੀ 6-3-2023 ਧਾਰਾ 302,34 ਦਰਜ ਕਰ ਲਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਗਾਜੀਕੋਟ ਥਾਣਾ ਪੁਰਾਣਾਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ, ਜੋ ਬੀਤੀ ਸੋਮਵਾਰ ਦੇਰ ਸ਼ਾਮ ਝਗੜੇ ਦੌਰਾਨ ਜ਼ਖ਼ਮੀ ਹੋ ਗਿਆ ਸੀ, ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਸ. ਪੀ. ਨੇ ਮੀਡੀਆ ਰਾਹੀ ਹੋਲੇ ਮਹੱਲੇ ਮੌਕੇ ਵਿਖੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਬਚਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News