ਨਸ਼ਾ ਸਮੱਗਲਰ ਲੱਲੀ ਤੋਂ ਬਾਅਦ ਉਸਦਾ ਪੁੱਤਰ ਨਸ਼ੀਲੇ ਪਦਾਰਥਾਂ ਸਣੇ ਕਾਬੂ
Friday, Feb 09, 2018 - 05:03 AM (IST)

ਜਲੰਧਰ, (ਰਾਜੇਸ਼)— ਡਬਲ ਮਰਡਰ ਕੇਸ ਵਿਚ ਬਰੀ ਹੋਏ ਸਾਬਕਾ ਕਾਂਗਰਸੀ ਆਗੂ ਰਘੁਵੀਰ ਲੱਲੀ ਦਾ ਪੁੱਤਰ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਸ ਨੇ ਰਘੁਵੀਰ ਲੱਲੀ ਨੂੰ 310 ਗ੍ਰਾਮ ਨਸ਼ੇ ਵਾਲੇ ਪਦਾਰਥ ਅਤੇ ਹਥਿਆਰ ਨਾਲ ਗ੍ਰਿਫਤਾਰ ਕੀਤਾ ਸੀ। ਹੁਣ ਲੱਲੀ ਪੁਲਸ ਰਿਮਾਂਡ 'ਤੇ ਸੀ ਕਿ ਅੱਜ ਪੁਲਸ ਨੇ ਉਸਦੇ ਪੁੱਤਰ ਨੂੰ ਵੀ ਨਸ਼ੇ ਵਾਲੇ ਪਦਾਰਥ ਸਮੇਤ ਕਾਬੂ ਕਰ ਲਿਆ, ਜਿਸ ਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ।
ਥਾਣਾ ਨੰਬਰ 5 ਦੀ ਪੁਲਸ ਨੇ ਕੁਝ ਸਮਾਂ ਪਹਿਲਾਂ ਰਘੁਵੀਰ ਲੱਲੀ ਦੇ ਘਰ ਛਾਪੇਮਾਰੀ ਕਰ ਕੇ ਉਥੋਂ ਹਥਿਆਰ ਤੇ ਨਸ਼ੇ ਵਾਲਾ ਪਦਾਰਥ ਬਰਾਮਦ ਕੀਤਾ ਸੀ, ਜਿਸ ਤੋਂ ਬਾਅਦ ਲੱਲੀ ਪੁਲਸ ਦੇ ਹੱਥ ਨਹੀਂ ਲੱਗਾ ਸੀ। ਹੁਣ ਪੁਲਸ ਨੇ ਲੱਲੀ ਨੂੰ ਦੋ ਦਿਨ ਪਹਿਲਾਂ ਉਸਦੀ ਈਸ਼ਵਰ ਨਗਰ ਸਥਿਤ ਕੋਠੀ ਤੋਂ ਕਾਬੂ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਨਾਕਾਬੰਦੀ ਦੌਰਾਨ ਅੰਕੁਸ਼ ਤੇਜ਼ ਮੋਹਨ ਨਗਰ ਨੂੰ ਕਾਬੂ ਕੀਤਾ, ਜਿਸ ਕੋਲੋਂ ਨਸ਼ੇ ਵਾਲਾ ਪਦਾਰਥ ਬਰਾਮਦ ਕੀਤਾ ਗਿਆ। ਪੁਲਸ ਅੰਕੁਸ਼ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਇਹ ਨਸ਼ੇ ਵਾਲਾ ਪਦਾਰਥ ਕਿੱਥੋਂ ਲਿਆਉਂਦਾ ਸੀ। ਉਸ ਨੂੰ ਸਵੇਰੇ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਰਿਮਾਂਡ ਵਿਚ ਅੰਕੁਸ਼ ਦੇ ਪਿਤਾ ਰਘੁਵੀਰ ਲੱਲੀ ਤੋਂ ਨਸ਼ਾ ਸਮੱਗਲਰਾਂ ਨਾਲ ਸਬੰਧਾਂ ਬਾਰੇ ਪੁਲਸ ਪੁੱਛਗਿੱਛ ਕਰ ਰਹੀ ਹੈ। ਲੱਲੀ 'ਤੇ ਥਾਣਾ 5 ਤੋਂ ਇਲਾਵਾ ਕਈ ਥਾਣਿਆਂ ਵਿਚ ਦਰਜਨਾਂ ਮਾਮਲੇ ਦਰਜ ਹਨ। ਇਸ ਤਰ੍ਹਾਂ ਥਾਣਾ ਨੰਬਰ 5 ਦੇ ਏ. ਐੱਸ. ਆਈ. ਗੁਲਸ਼ਨ ਕੁਮਾਰ ਨੇ ਦੱਸਿਆ ਕਿ ਬਬਰੀਕ ਚੌਕ 'ਤੇ ਨਾਕਾਬੰਦੀ ਦੌਰਾਨ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਉਸਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਦੀ ਪਛਾਣ ਕਰਨ ਕੁਮਾਰ ਉਰਫ ਭੋਲਾ ਪੁੱਤਰ ਰਾਜ ਕੁਮਾਰ ਵਾਸੀ ਤੇਜ ਮੋਹਨ ਨਗਰ ਦੇ ਤੌਰ 'ਤੇ ਹੋਈ ਹੈ।