ਯਾਰਾਂ-ਦੋਸਤਾਂ ਨਾਲ ਪਾਰਟੀ ਤੋਂ ਬਾਅਦ ਬੈਂਕ ਮੈਨੇਜਰ ਸੀ ਲਾਪਤਾ, 2 ਦਿਨ ਬਾਅਦ ਲਾਸ਼ ਬਰਾਮਦ
Saturday, Oct 19, 2024 - 05:10 AM (IST)
ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) - ਬੁੱਧਵਾਰ ਨੂੰ ਆਪਣੇ ਯਾਰਾਂ-ਦੋਸਤਾਂ ਨਾਲ ਇਕ ਬੈਂਕ ਮੈਨੇਜਰ ਪਾਰਟੀ ਕਰਨ ਲਈ ਗਿਆ ਸੀ ਅਤੇ ਬਾਅਦ ’ਚ ਆਪਣੀ ਕਾਰ ਸਮੇਤ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ ਸੀ, ਜਿਸ ਦੀ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੱਧਰ ’ਤੇ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਸ ਪ੍ਰਸ਼ਾਸਨ ਦਾ ਸਹਾਰਾ ਲੈਂਦੇ ਹੋਏ ਐੱਨ. ਡੀ. ਆਰ. ਐੱਫ. ਟੀਮਾਂ ਦੀ ਸਹਾਇਤਾ ਨਾਲ ਪਿੰਡ ਭੁੱਲਰ ਦੇ ਕੋਲੋਂ ਲੰਘਦੀਆਂ ਜੁੜਵਾ ਨਹਿਰਾਂ ’ਚ ਤਲਾਸ਼ ਸ਼ੁਰੂ ਕੀਤੀ ਗਈ। 2 ਦਿਨ ਚੱਲੀ ਇਸ ਭਾਲ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਗੋਤਾਖੋਰਾਂ ਅਤੇ ਐੱਨ. ਡੀ. ਆਰ. ਐੱਫ. ਟੀਮਾਂ ਨੇ ਨਹਿਰਾਂ ’ਚੋਂ ਕਾਰ ਅਤੇ ਬੈਂਕ ਮੈਨੇਜਰ ਦੀ ਲਾਸ਼ ਬਰਾਮਦ ਕਰ ਲਈ ਹੈ। ਕਾਰ ਅਤੇ ਲਾਸ਼ ਨੂੰ ਕਰੇਨ ਰਾਹੀਂ ਨਹਿਰ ’ਚੋਂ ਬਾਹਰ ਕੱਢਿਆ ਗਿਆ।
ਇਸ ਦੌਰਾਨ ਮੌਕੇ ’ਤੇ ਐੱਸ. ਐੱਸ. ਪੀ. ਮੁਕਤਸਰ ਤੁਸ਼ਾਰ ਗੁਪਤਾ, ਡੀ. ਐੱਸ. ਪੀ. ਸਤਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਜੂਦ ਸੀ। ਦੱਸਣਯੋਗ ਹੈ ਕਿ ਲਾਪਤਾ ਨੌਜਵਾਨ ਸਿਮਰਨਦੀਪ ਸਿੰਘ ਬਰਾੜ ਪੁੱਤਰ ਦਰਸ਼ਨ ਸਿੰਘ ਬਰਾੜ ਸੈਂਟਰਲ ਬੈਂਕ ਆਫ ਇੰਡੀਆ ਲੱਖੇਵਾਲੀ ਵਿਖੇ ਬੈਂਕ ਮੈਨੇਜਰ ਲੱਗਾ ਸੀ ਤੇ ਗੁਰੂ ਅੰਗਦ ਦੇਵ ਨਗਰ ਕੋਟਕਪੂਰਾ ਰੋਡ ਮੁਕਤਸਰ ਦਾ ਰਹਿਣ ਵਾਲਾ ਹੈ। ਪਿਤਾ ਦਰਸ਼ਨ ਸਿੰਘ ਅਨੁਸਾਰ ਸਿਮਰਨਦੀਪ ਸਿੰਘ ਬਰਾੜ ਬੁੱਧਵਾਰ ਰਾਤ ਮੁਕਤਸਰ ਦੇ ਇਕ ਹਸਪਤਾਲ ਦੀ ਓਪਨਿੰਗ ਪਾਰਟੀ ’ਚ ਗਿਆ ਹੋਇਆ ਸੀ। ਰਾਤ ਨੂੰ ਉਸ ਦੇ ਡਾਕਟਰ ਦੋਸਤਾਂ ਨੇ ਨਹਿਰ ਵੱਲ ਜਾਣ ਦੀ ਯੋਜਨਾ ਬਣਾਈ। ਉਸ ਦਾ ਬੇਟਾ ਆਪਣੀ ਕਾਰ ’ਚ ਇਕੱਲਾ ਸੀ। ਰਾਤ 10 ਵਜੇ ਸਿਮਰਨਦੀਪ ਦੀ ਪਤਨੀ ਨੇ ਉਸ ਨਾਲ ਫੋਨ ’ਤੇ ਗੱਲ ਕੀਤੀ ਤੇ ਪੁੱਛਿਆ ਕਿ ਉਹ ਘਰ ਕਦੋਂ ਆਵੇਗਾ।
ਉਸ ਦੌਰਾਨ ਸਿਮਰਨਦੀਪ ਨੇ ਕਿਹਾ ਕਿ ਉਸ ਨੂੰ ਘਰ ਆਉਣ ’ਚ ਕੁਝ ਸਮਾਂ ਲੱਗੇਗਾ। ਇਸ ਤੋਂ ਬਾਅਦ ਸਿਮਰਦੀਪ ਰਾਤ 2 ਵਜੇ ਤਕ ਵੀ ਘਰ ਨਹੀਂ ਆਇਆ, ਜਿਸ ਕਾਰਨ ਜਦੋਂ ਉਸ ਦੀ ਪਤਨੀ ਨੇ 2.15 ਵਜੇ ਉਸ ਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਜਦੋਂ ਉਸ ਦੇ ਦੋਸਤ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਸਿਮਰਨਦੀਪ ਕਾਫੀ ਸਮਾਂ ਪਹਿਲਾਂ ਦਾ ਘਰ ਚਲਾ ਗਿਆ ਹੈ, ਜਦੋਂਕਿ ਉਹ ਘਰ ਨਹੀਂ ਪਹੁੰਚਿਆ। ਇਸ ਮੌਕੇ ਘਟਨਾ ਸਥਾਨ ’ਤੇ ਪਹੁੰਚੇ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਸੂਚਨਾ ਮਿਲੀ ਸੀ ਕਿ ਸਿਮਰਨ ਨਾਮ ਦਾ ਲੜਕਾ ਲਾਪਤਾ ਹੈ। ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਉਕਤ ਨੌਜਵਾਨ ਆਪਣੇ ਦੋਸਤਾਂ ਨਾਲ ਭੁੱਲਰ ਨਹਿਰ ’ਤੇ ਆਇਆ ਸੀ ਅਤੇ ਇਹ ਸਾਰੇ ਦੋਸਤ ਇਕੱਠੇ ਹੋ ਕੇ ਕਾਫੀ ਦੇਰ ਇੱਥੇ ਬੈਠੇ ਸੀ।
ਉਸ ਤੋਂ ਬਾਅਦ ਇਹ ਸਾਰੇ ਉੱਥੋਂ ਚੱਲ ਪਏ ਤੇ ਸਿਮਰਨ ਸਿੰਘ ਨੇ ਵੀ ਕਿਹਾ ਕਿ ਉਹ ਘਰ ਚੱਲਾ ਹੈ ਪਰ ਉਹ ਘਰ ਨਹੀਂ ਪਹੁੰਚਿਆ। ਅਗਲੇ ਦਿਨ ਤੱਕ ਜਦੋਂ ਪਤੀ ਘਰ ਨਾ ਪਹੁੰਚਿਆ ਤਾਂ ਪਤਨੀ ਵੱਲੋਂ ਉਸ ਦੇ ਦੋਸਤਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਿਮਰਨ ਨੇ ਕਿਹਾ ਸੀ ਕਿ ਉਹ ਘਰ ਚੱਲਿਆ ਹੈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਸ ਨਾਲ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਵੱਲੋਂ ਮ੍ਰਿਤਕ ਦੇ ਸਾਰੇ ਦੋਸਤਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ। ਉਪਰੰਤ ਪੁਲਸ ਵੱਲੋਂ ਨਹਿਰ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਤਾਂ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਮਿਲੇ, ਜਿਸ ਤੋਂ ਬਾਅਦ ਗੱਡੀ ਨਹਿਰ ’ਚ ਡਿੱਗਣ ਦਾ ਸ਼ੱਕ ਹੋਇਆ ਤਾਂ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਐੱਨ. ਡੀ. ਆਰ. ਐੱਫ. ਟੀਮ ਬੁਲਾਈ ਗਈ ਅਤੇ ਨਾਲ ਹੀ ਪ੍ਰਾਈਵੇਟ ਗੋਤਾਖੋਰਾਂ ਦੀ ਮਦਦ ਲਈ ਗਈ।
ਸ਼ੁੱਕਰਵਾਰ ਸਵੇਰ ਤੋਂ ਹੀ ਟੀਮਾਂ ਵੱਲੋਂ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਤਾਂ ਸ਼ਾਮ 6 ਵਜੇ ਗੱਡੀ ਅਤੇ ਲਾਸ਼ ਬਰਾਮਦ ਹੋ ਗਈ, ਜਿਸ ਨੂੰ ਨਹਿਰ ’ਚੋਂ ਕੱਢ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਪੂਰੀ ਜਾਣਕਾਰੀ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਇਹ ਹਾਦਸਾ ਸੀ ਜਾਂ ਸਾਜ਼ਿਸ਼। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।