ਪੰਜਾਬ 'ਚ ਇਨਸਾਨਾਂ ਤੋਂ ਬਾਅਦ ਹੁਣ ਝੋਨੇ ਤੇ ਗੰਨੇ ਦੀ ਫ਼ਸਲ ’ਤੇ ਚੀਨੀ ਵਾਇਰਸ ਦਾ ਵੱਡਾ ਹਮਲਾ
Monday, Aug 29, 2022 - 12:22 PM (IST)
ਭੋਗਪੁਰ (ਸੂਰੀ)- ਦੋਆਬੇ ਦੇ ਹਲਕਿਆਂ ’ਚ ਚਾਇਨਾ ਵਾਇਰਸ ਨਾਂ ਦੀ ਘਾਤਕ ਬੀਮਾਰੀ ਝੋਨੇ ਅਤੇ ਕਮਾਦ ਦੀ ਫ਼ਸਲ ’ਚ ਲਗਾਤਾਰ ਫੈਲ ਰਹੀ ਹੈ। ਕਾਫ਼ੀ ਦਿਨਾਂ ਤੋਂ ਇਸ ਵਾਇਰਸ ਕਾਰਨ ਦਿਨ-ਬ-ਦਿਨ ਝੋਨੇ ਅਤੇ ਗੰਨੇ ਦੀ ਫ਼ਸਲ ਖ਼ਰਾਬ ਹੁੰਦੀ ਜਾ ਰਹੀ ਹੈ। ਕਿਸਾਨਾਂ ਨੇ ਸਰਕਾਰ ਅਤੇ ਖੇਤੀਬਾੜੀ ਮਹਿਕਮੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੱਸਿਆ ਹੈ ਕਿ ਖੇਤੀਬਾੜੀ ਮਹਿਕਮੇ ਦੀਆਂ ਡਾਕਟਰਾਂ ਦੀ ਕੋਈ ਵੀ ਟੀਮ ਸਾਡੀ ਸਾਰ ਲੈਣ ਨਹੀ ਆ ਰਹੀ ਹੈ ਅਤੇ ਹੁਣ ਤੱਕ ਨਾ ਹੀ ਖੇਤੀਬਾੜੀ ਡਾਕਟਰਾਂ ਨੂੰ ਇਸ ਵਾਇਰਸ ਦਾ ਕੋਈ ਤੋੜ ਲੱਭਿਆ ਹੈ।
ਇਕ ਮਹੀਨੇ ਬਾਅਦ ਮੰਡੀਆਂ ’ਚ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ ਪਰ ਇਸ ਬੀਮਾਰੀ ਕਾਰਨ ਝੋਨਾ ਬਿਲਕੁਲ ਖ਼ਰਾਬ ਹੋ ਚੁਕਾ ਹੈ ਅਤੇ ਝਾੜ ਵੀ ਬੁਹਤ ਘੱਟ ਆਉਣ ਦੀ ਉਮੀਦ ਹੈ। ਇਸ ਬੀਮਾਰੀ ਨਾਲ ਝੋਨੇ ਦਾ ਬੂਟਾ ਬਿਲਕੁਲ ਛੋਟਾ ਹੀ ਰਹਿ ਜਾਂਦਾ ਹੈ। ਕਿਸਾਨਾਂ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਇਸ ਚੀਨੀ ਵਾਇਰਸ ਬੀਮਾਰੀ ਕਾਰਨ ਝੋਨੇ ਅਤੇ ਗੰਨੇ ਦੀ ਫ਼ਸਲ ਦਾ ਜਿੰਨਾ ਵੀ ਨੁਕਸਾਨ ਹੋਈਆ ਹੈ, ਉਸ ਦੀ ਗਰਦਾਵਰੀ ਕਰਵਾ ਕੇ ਕਿਸਾਨਾਂ ਨੂ ਮੁਆਵਜ਼ੇ ਦਿੱਤੇ ਜਾਣ।
ਇਹ ਵੀ ਪੜ੍ਹੋ: ਅੱਜ ਜਲੰਧਰ 'ਚ 'ਖੇਡਾਂ ਵਤਨ ਪੰਜਾਬ ਦੀਆਂ' ਦਾ CM ਮਾਨ ਕਰਨਗੇ ਉਦਘਾਟਨ, ਇਹ ਰਸਤੇ ਰਹਿਣਗੇ ਬੰਦ
ਕੀ ਹੈ ਇਹ ਚੀਨੀ ਵਾਇਰਸ ਬੀਮਾਰੀ?
ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਦੇ ਕਈ ਹਿੱਸਿਆਂ ’ਚ ਝੋਨੇ ਦੇ ਬੂਟਿਆਂ ਦੇ ਵਿਕਾਸ ਰੁਕ ਜਾਣ ਲਈ ਸਾਊਦਰਨ ਰਾਈਸ ਬਲੈਕ ਸਟ੍ਰੀਕ ਡਰਵਾਈਫਰ ਵਾਇਰਸ ਨੂੰ ਜ਼ਿੰਮੇਵਾਰ ਪਾਇਆ ਹੈ। ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਪਹਿਲੀ ਵਾਰ ਇਸ ਵਾਇਰਸ ਦੇ ਪ੍ਰਕੋਪ ਦੇ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ 2001 ’ਚ ਚੀਨ ਦੇ ਦੱਖਣੀ ਹਿੱਸੇ ’ਚ ਇਹ ਵਾਇਰਸ ਵੇਖਣ ਨੂੰ ਮਿਲਿਆ ਸੀ, ਜਿਸ ਨਾਲ ਕਾਫ਼ੀ ਫ਼ਸਲਾਂ ਪ੍ਰਭਾਵਿਤ ਹੋਈਆਂ ਸਨ। ਲੁਧਿਆਣਾ ਯੂਨੀਵਰਸਿਟੀ ਦੇ ਕੁਲਪਤੀ ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਝੋਨੇ ਦੇ ਬੂਟਿਆਂ ਦੇ ਛੋਟੇ ਰਹਿ ਜਾਣ ਦੀ ਅਸਲੀ ਵਜ੍ਹਾ ਇਹ ਵਾਇਰਸ ਹੈ। ਸੂਬੇ ਦੇ ਸ੍ਰੀ ਫਤਹਿਗੜ੍ਹ ਸਾਹਿਬ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਐੱਸ. ਏ. ਐੱਸ. ਨਗਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਇਸ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਕਿ ਝੋਨੇ ਦੇ ਬੂਟੇ ਨਹੀਂ ਵਧ ਰਹੇ ਹਨ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਪ੍ਰਭਾਵਤ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ ਅਤੇ ਇਸ ਬੀਮਾਰੀ ਤੋਂ ਪ੍ਰਭਾਵਿਤ ਝੋਨੇ ਦੇ ਬੂਟਿਆਂ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਜਾਂਚ ਕੀਤੀ ਸੀ। ਜਾਂਚ ਨਤੀਜਿਆਂ ’ਚ ਸਾਹਮਣੇ ਆਇਆ ਕਿ 15 ਤੋਂ 25 ਜੂਨ ਦੌਰਾਨ ਝੋਨੇ ਦੀ ਬੀਜੀ ਗਈ ਫ਼ਸਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।
ਇਹ ਵੀ ਪੜ੍ਹੋ: CM ਮਾਨ ਦੀ ਜਲੰਧਰ ਫੇਰੀ ਤੋਂ ਪਹਿਲਾਂ BMC ਚੌਂਕ ’ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਅਲਰਟ ’ਤੇ ਪੁਲਸ
ਚੀਨੀ ਵਾਇਰਸ ਕਾਰਨ ਝੋਨੇ ਹੇਠ ਰਕਬੇ ਦਾ ਵੱਡਾ ਹਿੱਸਾ ਤਬਾਹ: ਸਿੱਧੂ
ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਸ ਬੀਮਾਰੀ ਨਾਲ ਝੋਨੇ ਦੀਆਂ ਸਾਰੀਆਂ ਕਿਸਮਾਂ ਹੀ ਪ੍ਰਭਾਵਿਤ ਹੋਈਆਂ ਹਨ। 15 ਦਿਨ ਪਹਿਲਾਂ ਜੋ ਫ਼ਸਲਾਂ ਵੇਖਣ ’ਚ ਬਹੁਤ ਵਧੀਆ ਲੱਗਦੀਆਂ ਸਨ ਪਰ ਹੁਣ ਬਰਮਾ ਵੀ ਬੀਮਾਰੀ ਦੇ ਪ੍ਰਭਾਵ ਹੇਠ ਆਉਣ ਕਾਰਨ ਝੋਨੇ ਦੇ ਜ਼ਿਆਦਾਤਰ ਬੂਟੇ ਬਹੁਤ ਛੋਟੇ ਰਹਿ ਗਏ ਹਨ ਜਾਂ ਸੁੱਕ ਗਏ ਹਨ। ਪਿਛਲੇ 1 ਮਹੀਨੇ ਤੋਂ ਕਿਸਾਨ ਆਪਣੇ-ਆਪਣੇ ਪੱਧਰ ’ਤੇ ਹੀ ਵੱਖ-ਵੱਖ ਦਵਾਈਆਂ ਰਾਹੀਂ ਇਨ੍ਹਾਂ ਦੇ ਇਲਾਜ ਦੀ ਕੋਸ਼ਿਸ਼ ਕਰ ਰਹੇ ਸਨ ਪਰ ਖੇਤੀਬਾੜੀ ਮਾਹਰਾਂ ਵੱਲੋਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ। ਗੰਨੇ ਦੀ ਫ਼ਸਲ ਵੀ ਤਬਾਹ ਹੋ ਰਹੀ ਹੈ।
ਇਹ ਵੀ ਪੜ੍ਹੋ: ਭੋਗਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ