ਖ਼ਰਾਬ ਚਾਵਲ ਖਾਂਦੇ ਹੀ ਗਲੇ ’ਚ ਦਰਦ ਸ਼ੁਰੂ, ਮਦਦ ਲਈ ਚੀਕਦੀਆਂ ਰਹੀਆਂ ਵਿਦਿਆਰਥਣਾਂ ਪਰ ਕੋਈ ਨਹੀਂ ਆਇਆ
Thursday, Jun 22, 2023 - 07:02 PM (IST)
ਲੁਧਿਆਣਾ (ਗੌਤਮ) : ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਭੋਪਾਲ ਜਾ ਰਹੀ ਦਾਦਰ ਐਕਸਪ੍ਰੈੱਸ ਟ੍ਰੇਨ ਨੰ. 11058 ’ਚ ਸਵਾਰ ਵਿਦਿਆਰਥੀਆਂ ਦੀ ਖਾਣਾ ਖਾਣ ਨਾਲ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਵਿਦਿਆਥਣਾਂ ਦੀ ਹਾਲਤ ਵਿਗੜਨ ਦਾ ਪਤਾ ਲਗਦੇ ਹੀ ਰੇਲਵੇ ਸਟੇਸ਼ਨ ’ਤੇ ਹਫੜਾ-ਦਫੜੀ ਮਚ ਗਈ। ਟਰੇਨ ’ਚ ਸਵਾਰ ਵਿਦਿਆਰਥਣਾਂ ਮੱਧ ਪ੍ਰਦੇਸ਼ ਸਰਕਾਰ ਦੀ ਸਕੀਮ ‘ਮਾਂ ਤੁਝੇ ਪ੍ਰਣਾਮ’ ਤਹਿਤ ਅਟਾਰੀ, ਹੁਸੈਨੀਵਾਲਾ ਬਾਰਡਰ ਘੁੰਮਣ ਤੋਂ ਬਾਅਦ ਵਾਪਸ ਭੋਪਾਲ ਜਾ ਰਹੀਆਂ ਸਨ, ਜਿਨ੍ਹਾਂ ਵਿਚ ਐੱਨ. ਸੀ. ਸੀ., ਐੱਨ. ਐੱਸ. ਐੱਸ. ਦੇ ਹੋਣਹਾਰ ਵਿਦਿਆਰਥੀ, ਸਕਾਊਟ, ਖਿਡਾਰੀ ਸ਼ਾਮਲ ਸਨ, ਜੋ ਰਾਏਬ੍ਰੇਲੀ, ਸਿੰਗਰੋਲੀ, ਭੋਪਾਲ, ਬਰੌਲੀ, ਰਾਜਗੜ੍ਹ ਜ਼ਿਲਿਆਂ ਨਾਲ ਸਬੰਧਤ ਸਨ, ਜਿਨ੍ਹਾਂ ਲਈ ਟਰੇਨ ਦੇ ਨਾਲ ਅੰਮ੍ਰਿਤਸਰ ਤੋਂ 2 ਸਪੈਸ਼ਲ ਸਲਿੱਪਰ ਕੋਚ ਲਗਾਏ ਗਏ ਸਨ, ਜਿਸ ਵਿਚ ਕਰੀਬ 122 ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਦੇ ਨਾਲ ਸਰਕਾਰ ਦੇ ਯੂਥ ਕੋਆਰਡੀਨੇਟਰਾਂ ਦੀ ਟੀਮ ਵੀ ਸੀ। ਹਸਪਤਾਲ ’ਚ ਦਾਖਲ ਵਿਦਿਆਰਥਣਾਂ ਦੀ ਪਛਾਣ ਪੂਜਾ 20 ਸਾਲ, ਸੋਨੂ 18 ਸਾਲ, ਮਾਹੀ 16 ਸਾਲ, ਪ੍ਰਿਸ਼ਾਂਸ਼ੀ 20 ਸਾਲ, ਤਾਨਿਆ 16 ਸਾਲ, ਰਾਣੀ 20 ਸਾਲ, ਅੰਜਲੀ 20 ਸਾਲ, ਸਪਨਾ 16 ਸਾਲ, ਪੂਜਾ 18 ਸਾਲ ਵਜੋਂ ਕੀਤੀ ਗਈ ਹੈ। ਜਦੋਂਕਿ 3 ਹੋਰ ਵਿਦਿਆਰਥਣਾਂ ਦੀ ਪਛਾਣ ਸੁਨੀਤਾ, ਸ਼੍ਰੇਆ ਰਾਠੌਰ, ਨੀਤੂ ਅਤੇ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਯੂਥ ਕੋਆਰਡੀਨੇਟਰਾਂ ਦੀ ਪਛਾਣ ਮੁਨੀਸ਼, ਨੀਤੂ, ਸ਼੍ਰੇਆ ਰਾਠੌਰ ਅਤੇ ਮੁਨੀਸ਼ ਵਜੋਂ ਹੋਈ ਹੈ। ਵਿਦਿਆਰਥਣਾਂ ਦੀ ਹਾਲਤ ਵਿਗੜਨ ਕਾਰਨ ਟਰੇਨ ਰੇਲਵੇ ਸਟੇਸ਼ਨ ’ਤੇ ਕਰੀਬ ਪੌਣੇ 2 ਘੰਟੇ ਰੁਕੀ ਰਹੀ ਅਤੇ ਹੋਰ ਵਿਦਿਆਰਥਣਾਂ ਨੂੰ ਮੈਡੀਕਲ ਮਦਦ ਦੇਣ ਤੋਂ ਬਾਅਦ ਹੀ ਟਰੇਨ ਨੂੰ ਰਵਾਨਾ ਕੀਤਾ ਗਿਆ। ਸਟੇਸ਼ਲ ਸੁਪਰਡੈਟ ਨੇ ਦੱਸਿਆ ਕਿ ਬਾਕੀ ਬੱਚਿਆਂ ਦੀ ਹਾਲਤ ਨੂੰ ਦੇਖਦੇ ਹੋਏ ਟਰੇਨ ਨੂੰ ਕਰੀਬ ਪੌਣੇ 2 ਘੰਟੇ ਸਟੇਸ਼ਨ ’ਤੇ ਰੋਕਿਆ ਗਿਆ ਅਤੇ ਮੁੱਢਲੀ ਮਦਦ ਦੇਣ ਤੋਂ ਬਾਅਦ ਹੀ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ : ਕਾਫੀ ਸਮੇਂ ਬਾਅਦ ਫਿਰ ਜਾਗਿਆ ਸਿਹਤ ਵਿਭਾਗ, ਸਾਰੇ ਸਿਵਲ ਸਰਜਨਾਂ ਨੂੰ ਪੀਣ ਵਾਲੇ ਪਾਣੀ ਦੀ ਜਾਂਚ ਦੇ ਦਿੱਤੇ ਨਿਰਦੇਸ਼
3 ਡਾਕਟਰਾਂ ਦੀ ਟੀਮ ਪੁੱਜੀ ਮੌਕੇ ’ਤੇ
ਰੇਲਵੇ ਹਸਪਤਾਲ ਦੀ ਸੀਨੀਅਰ ਡਾਕਟਰ ਚੇਤਨਾ ਕਪੂਰ ਨੇ ਦੱਸਿਆ ਕਿ ਪਹਿਲਾਂ ਉਹ ਮੌਕੇ ’ਤੇ ਪੁੱਜੀ ਪਰ ਜਿਉਂ ਹੀ ਉਨ੍ਹਾਂ ਨੂੰ ਦੀ ਗੰਭੀਰ ਹਾਲਤ ਦਾ ਪਤਾ ਲੱਗਾ ਤਾਂ ਉਹ ਪੂਰੀ ਟੀਮ ਲੈ ਕੇ ਪੁੱਜੀ ਅਤੇ ਕਈ ਵਿਦਿਆਰਥਣਾਂ ਨੂੰ ਮੈਡੀਕਲ ਮਦਦ ਦਿੱਤੀ ਪਰ ਜਿਨ੍ਹਾਂ ਦੀ ਹਾਲਤ ਗੰਭੀਰ ਸੀ, ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਅੰਮ੍ਰਿਤਸਰ ਦੇ ਹੋਟਲ ਤੋਂ ਕਰਵਾਇਆ ਖਾਣਾ ਪੈਕ
ਯੂਥ ਕੋਆਰਡੀਨੇਟਰ ਨੀਤੂ ਨੇ ਦੱਸਿਆ ਕਿ ਸਰਕਾਰ ਵਲੋਂ ਲਾਟਰੀ ਸਿਸਟਮ ਨਾਲ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਲਈ ‘ਮਾਂ ਤੁਝੇ ਪ੍ਰਣਾਮ’ ਸਕੀਮ ਤਹਿਤ 5 ਦਿਨ ਦਾ ਟੂਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਉਹ ਵਾਪਸ ਭੋਪਾਲ ਜਾ ਰਹੇ ਸਨ। ਵਾਪਸੀ ’ਤੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਇਕ ਹੋਟਲ ਤੋਂ ਬੱਚਿਆਂ ਲਈ ਖਾਣਾ ਪੈਕ ਕਰਵਾਇਆ। ਬੱਚਿਆਂ ਨੂੰ ਜਲੰਧਰ ਸਟੇਸ਼ਨ ਤੋਂ ਬਾਅਦ ਖਾਣਾ ਵੰਡਿਆ ਗਿਆ। ਜਿਉਂ ਹੀ ਕੁਝ ਬੱਚਿਆਂ ਨੇ ਖਾਣਾ ਖਾਧਾ ਤਾਂ ਉਨ੍ਹਾਂ ਦੇ ਗਲੇ ’ਚ ਦਰਦ ਹੋਣਾ ਸ਼ੁਰੂ ਹੋ ਗਿਆ ਅਤੇ ਉਲਟੀਆਂ ਲੱਗ ਗਈਆਂ, ਜਿਸ ’ਤੇ ਬਾਕੀ ਬੱਚਿਆਂ ਨੂੰ ਖਾਣਾ ਨਾ ਖਾਣ ਲਈ ਕਿਹਾ ਗਿਆ। ਫਿਲੌਰ ਰੇਲਵੇ ਸਟੇਸ਼ਨ ਤੋਂ ਜ਼ਿਆਦਾ ਹਾਲਤ ਵਿਗੜੀ ਅਤੇ ਲੁਧਿਆਣਾ ਸਟੇਸ਼ਨ ’ਤੇ ਪੁੱਜ ਕੇ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਨੂੰ ਮਦਦ ਲਈ ਬੁਲਾਇਆ। ਇਕ ਵਿਦਿਅਰਥਣ ਨੇ ਦੱਸਿਆ ਕਿ ਖਾਣੇ ’ਚ ਪੂੜੀ, ਚਾਵਲ, ਆਲੂ ਦੀ ਸਬਜ਼ੀ ਅਤੇ ਦਹੀ ਸੀ। ਜਿਉਂ ਹੀ ਉਨ੍ਹਾਂ ਨੇ ਚਾਵਲ ਖਾਧੇ ਤਾ ਉਸ ’ਚੋਂ ਬਦਬੂ ਆ ਰਹੀ ਸੀ। ਇਕ-ਦੂਜੇ ਨੂੰ ਪੁੱਛਣ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਕਿ ਖਾਣਾ ਖਰਾਬ ਹੈ ਪਰ ਉਦੋਂ ਤੱਕ ਕਈਆਂ ਦੀ ਹਾਲਤ ਵਿਗੜ ਚੁੱਕੀ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ PSPCL ਦਾ ਲਾਈਨਮੈਨ 40,000 ਰੁਪਏ ਰਿਸ਼ਵਤ ਲੈਂਦਾ ਕਾਬੂ
ਮਦਦ ਲਈ ਚੀਕਦੀਆਂ ਰਹੀਆਂ ਕੋਈ ਨਹੀਂ ਆਇਆ
ਟਰੇਨ ’ਚ ਸਫਰ ਕਰ ਰਹੀ ਸੁਨੀਤਾ ਨੇ ਦੱਸਿਆ ਕਿ ਜਿਉਂ ਹੀ ਵਿਦਿਆਰਥਣਾਂ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਤਾਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉੱਤਰਨ ਤੋਂ ਬਾਅਦ ਉਹ ਮਦਦ ਲਈ ਚੀਕਦੀਅਾਂ ਰਹੀਅਾਂ ਪਰ ਕੋਈ ਨਹੀਂ ਆਇਆ। ਹਾਲਾਂਕਿ ਆਖੀਰ ’ਚ ਕਿਸੇ ਤਰ੍ਹਾਂ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਮਦਦ ਕੀਤੀ।
1 ਘੰਟੇ ਬਾਅਦ ਪੁੱਜੀ ਐਂਬੂਲੈਂਸ
ਮੌਕੇ ’ਤੇ ਮੌਜੂਦ ਸਹਾਇਤਾ ਕਰ ਰਹੇ ਲੋਕਾਂ ਨੇ ਦੱਸਿਆ ਕਿ ਪਤਾ ਲਗਦੇ ਹੀ ਮਦਦ ਲਈ ਐਂਬੂਲੈਂਸ 108 ’ਤੇ ਕਾਲ ਕੀਤੀ ਸੀ ਪਰ ਕਰੀਬ 1 ਘੰਟੇ ਬਾਅਦ ਹੀ ਐਂਬੂਲੈਂਸ ਪੁੱਜੀ ਪਰ ਉਸ ਤੋਂ ਪਹਿਲਾਂ ਸਟੇਸ਼ਨ ਮਾਸਟਰ ਅਮਰੀਕ ਸਿੰਘ ਅਤੇ ਲੀਜ਼ ਹੋਲਡਰ ਮੁਰਾਰੀ ਲਾਲ ਨੇ ਆਪਣੀ ਕਾਰ ’ਚ ਬੱਚਿਆਂ ਨੂੰ ਸਿਵਲ ਹਸਪਤਾਲ ਵਿਚ ਪਹੁੰਚਾਇਆ।
ਦਿੱਲੀ ’ਚ ਕਰਨਗੇ ਸ਼ਿਕਾਇਤ
ਜੀ. ਆਰ. ਪੀ. ਦੇ ਐੱਸ. ਪੀ. ਬਲਰਾਮ ਰਾਣਾ ਨੇ ਦੱਸਿਆ ਕਿ ਇੰਸਪੈਕਟਰ ਜਤਿੰਦਰ ਸਿੰਘ ਦੀ ਟੀਮ ਨੂੰ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਦੇ ਬਿਆਨ ਦਰਜ ਕਰਵਾਉਣ ਲਈ ਭੇਜਿਆ ਗਿਆ ਸੀ ਤਾਂ ਕਿ ਕਾਰਵਾਈ ਕੀਤੀ ਜਾ ਸਕੇ ਪਰ ਉਨ੍ਹਾਂ ਨੇ ਬਿਆਨ ਦੇਣ ਤੋਂ ਬਾਅਦ ਕਿਹਾ ਕਿ ਉਹ ਆਪਣੇ ਦਿੱਲੀ ਸਥਿਤ ਮੇਨ ਆਫਿਸ ਜ਼ਰੀਏ ਹੀ ਸਾਰੀ ਕਾਰਵਾਈ ਕਰਵਾਉਣਗੇ, ਜਿਸ ਦੇ ਲਈ ਉਨ੍ਹਾਂ ਨੇ ਆਲ੍ਹਾ ਅਧਿਕਾਰੀਆਂ ਨੂੰ ਦੱਸ ਦਿੱਤਾ ਹੈ ਤਾਂ ਕਿ ਖਾਣਾ ਪਰੋਸਣ ਵਾਲੇ ਹੋਟਲ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : 8.49 ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਸ ਕਮਿਸ਼ਨਰ ਵਲੋਂ ਕੀਤਾ ਨਵਾਂ ਖੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।