ਵਿਦੇਸ਼ ਪੁੱਜ ਪਤਨੀ ਭੁੱਲੀ ਪੰਜਾਬ ਰਹਿੰਦਾ ਪਤੀ, 35 ਲੱਖ ਦਾ ਖਰਚਾ ਕਰ ਭੇਜਿਆ ਸੀ ਕੈਨੇਡਾ
Thursday, Feb 11, 2021 - 09:28 PM (IST)
ਪਾਇਲ, (ਵਿਨਾਇਕ)- ਪਾਇਲ ਪੁਲਸ ਵੱਲੋਂ ਕੈਨੇਡਾ ਪੁੱਜ ਕੇ ਆਪਣੇ ਪੰਜਾਬ ਰਹਿੰਦੇ ਪਤੀ ਨੂੰ ਭੁੱਲ ਜਾਣ ਵਾਲੀ ਪਤਨੀ ਤੇ ਉਸਦੇ ਮਾਪਿਆ ਖ਼ਿਲਾਫ਼ 35 ਲੱਖ ਰੁਪਏ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਣਯੋਗ ਐਸ.ਐਸ.ਪੀ. ਸਾਹਿਬ ਖੰਨਾ ਨੂੰ ਦਿੱਤੀ ਗਈ ਦਰਖਾਸਤ ‘ਚ ਸ਼ਿਕਾਇਤਕਰਤਾ ਹਰਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਘਲੋਟੀ ਥਾਣਾ ਪਾਇਲ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਮਾਰਚ 2017 ਵਿਚ ਉਸਦੇ ਲੜਕੇ ਰਮਨਪ੍ਰੀਤ ਸਿੰਘ ਦੀ ਸ਼ਾਦੀ ਰਮਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਕਿਰਪਾਲ ਸਿੰਘ ਵਾਲਾ ਥਾਣਾ ਮਹਿਲ ਕਲਾ ਜ਼ਿਲ੍ਹਾ ਬਰਨਾਲਾ ਨਾਲ ਹੋਈ ਸੀ। ਰਮਨਦੀਪ ਕੌਰ ਦੇ ਮਾਪਿਆਂ ਨੇ ਉਸਨੂੰ ਵਿਦੇਸ਼ ਕੈਨੇਡਾ ਭੇਜਣ ਲਈ ਇਹ ਵਿਆਹ ਕਰਵਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਲੜਕੀ ਉਸਦੇ ਲੜਕੇ ਨੂੰ ਵਿਦੇਸ਼ ਕੈਨੇਡਾ ਲੈ ਜਾਵੇਗੀ ਪਰ ਸਾਰਾ ਖਰਚਾ ਉਨ੍ਹਾਂ ਨੂੰ ਹੀ ਕਰਨਾ ਪਵੇਗਾ। ਸ਼ਿਕਾਇਤਕਰਤਾ ਹਰਜੀਤ ਸਿੰਘ ਨੇ ਆਪਣੀ ਡੇਢ ਕਿੱਲਾ ਜਮੀਨ ਵੇਚਣ ਤੋਂ ਇਲਾਵਾ ਬੈਂਕ ਤੋਂ ਲਿਮਟ ਬਣਾ ਕੇ ਸਾਰਾ ਖਰਚਾ ਆਪ ਖੁਦ ਹੀ ਕਰਕੇ ਆਪਣੀ ਨੂੰਹ ਰਮਨਦੀਪ ਕੌਰ ਨੂੰ ਕੈਨੇਡਾ ਭੇਜ ਦਿੱਤਾ ਪਰ ਰਮਨਦੀਪ ਕੌਰ ਨੇ ਕੈਨੇਡਾ ਜਾ ਕੇ ਆਪਣੇ ਪਤੀ ਰਮਨਪ੍ਰੀਤ ਸਿੰਘ ਨੂੰ ਆਪਣੇ ਕੋਲ ਕੈਨੇਡਾ ਨਹੀ ਬੁਲਾਇਆ ਅਤੇ ਪੰਜਾਬ ਆਉਣਾ ਹੀ ਭੁੱਲ ਗਈ।
ਇਹ ਵੀ ਪੜ੍ਹੋ :- ਕੋਰੋਨਾ ਕਾਰਨ ਪੈਰੋਲ ’ਤੇ ਘੁੰਮ ਰਹੇ ਪੰਜਾਬ ਭਰ ਦੇ ਕੈਦੀ ਹੁਣ ਜਾਣਗੇ ਜੇਲਾਂ 'ਚ
ਉਨ੍ਹਾਂ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਰਮਨਦੀਪ ਕੌਰ ਨੇ ਕੈਨੇਡਾ ਰਹਿੰਦੇ ਦੋ ਪੰਜਾਬੀ ਨੋਜਵਾਨਾਂ ਨਾਲ ਦੋਸਤੀ ਕਰ ਲਈ ਅਤੇ ਉਨ੍ਹਾਂ ਦੇ ਮੋਬਾਇਲ ਨੰਬਰ ਨੂੰ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਚੱਲੀ ਸ਼ਿਕਾਇਤਬਾਜੀ ਉਪਰੰਤ ਦੋਵਾਂ ਪਰਿਵਾਰਾ ਵਿਚਕਾਰ ਦਸੰਬਰ 2019 ਵਿਚ ਲਿਖਤੀ ਸਮਝੋਤਾ ਹੋਇਆ ਕਿ ਰਮਨਦੀਪ ਕੌਰ ਨੂੰ ਕੈਨੇਡਾ ਭੇਜਣ ਲਈ ਸਾਰਾ ਖਰਚ ਸ਼ਿਕਾਇਤਕਰਤਾ ਹਰਜੀਤ ਸਿੰਘ ਪਰਿਵਾਰ ਵੱਲੋਂ ਕੀਤਾ ਗਿਆ ਹੈ ਅਤੇ ਰਮਨਦੀਪ ਕੌਰ ਵਿਦੇਸ਼ ਕੈਨੇਡਾ ਤੋਂ ਵਾਪਿਸ ਆ ਕੇ ਕੁੱਝ ਸਮਾਂ ਆਪਣੇ ਸਹੁਰੇ ਪਰਿਵਾਰ ਪਿੰਡ ਘਲੋਟੀ ‘ਚ ਰਹਿ ਕੇ ਆਪਣੇ ਪਤੀ ਰਮਨਪ੍ਰੀਤ ਸਿੰਘ ਨੂੰ ਆਪਣੇ ਨਾਲ ਕੈਨੇਡਾ ਲੈ ਜਾਵੇਗੀ। ਇਸ ਸਮਝੋਤੇ ਤੋਂ ਬਾਅਦ ਵੀ ਰਮਨਦੀਪ ਕੌਰ ਕਾਫੀ ਸਮੇਂ ਤੱਕ ਕੈਨੇਡਾ ਤੋਂ ਵਾਪਿਸ ਨਹੀਂ ਆਈ ਅਤੇ ਨਾ ਹੀ ਉਸਦੇ ਲੜਕੇ ਰਮਨਪ੍ਰੀਤ ਸਿੰਘ ਨੂੰ ਕੈਨੇਡਾ ਬੁਲਾਇਆ ਗਿਆ। ਇਸ ਤਰਾਂ ਰਮਨਦੀਪ ਕੌਰ, ਉਸ ਦੀ ਮਾਤਾ ਦਲਜੀਤ ਕੌਰ, ਪਿਤਾ ਸੁਖਦੇਵ ਸਿੰਘ ਅਤੇ ਭਰਾ ਰਾਜਦੀਪ ਸਿੰਘ ਨੇ ਹਮ-ਸਲਾਹ ਹੋ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਇਸ ਦਰਖਾਸਤ ਦੀ ਪੜਤਾਲ ਪਾਇਲ ਦੇ ਉਪ ਪੁਲਸ ਕਪਤਾਨ ਹਰਦੀਪ ਸਿੰਘ ਚੀਮਾ ਅਤੇ ਇੰਸਪੈਕਟਰ ਦਵਿੰਦਰ ਪਾਲ ਸਿੰਘ ਐਸ.ਐਚ.ਓ ਪਾਇਲ ਵੱਲੋਂ ਕਰਨ ਉਪਰਾਂਤ ਦੋਸ਼ੀਆਂ ਖਿਲਾਫ ਧਾਰਾ 420,120-ਬੀ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਦੀ ਗਿ੍ਰਫਤਾਰੀ ਹੋਣੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ :- ਵਿਦੇਸ਼ ਪੁੱਜ ਪਤਨੀ ਭੁੱਲੀ ਪੰਜਾਬ ਰਹਿੰਦਾ ਪਤੀ, 35 ਲੱਖ ਦਾ ਖਰਚਾ ਕਰ ਭੇਜਿਆ ਸੀ ਕੈਨੇਡਾ
ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ
ਇਸ ਸੰਬੰਧ ਵਿੱਚ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ.ਐਸ.ਆਈ. ਸੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪਾਇਲ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।