ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਰੋਧੀ ਧਿਰ ਤੋਂ ਖੁੱਸਿਆ ਸਿਆਸੀ ਮੁੱਦਾ
Monday, Apr 24, 2023 - 11:38 AM (IST)
ਜਲੰਧਰ (ਧਵਨ)-ਪੰਜਾਬ ਪੁਲਸ ਨੇ ਇਕ ਨਾਟਕੀ ਘਟਨਾਕ੍ਰਮ ’ਚ ਜਿਸ ਤਰ੍ਹਾਂ ਮੋਗਾ ਤੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ, ਉਸ ਨਾਲ ਵਿਰੋਧੀ ਪਾਰਟੀਆਂ ਤੋਂ ਇਕ ਅਹਿਮ ਮੁੱਦਾ ਖੁੱਸ ਗਿਆ ਹੈ ਕਿਉਂਕਿ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ’ਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਆਪਣੀਆਂ ਸਿਆਸੀ ਮੀਟਿੰਗਾਂ ਅਤੇ ਲੋਕਾਂ ਵਿਚਾਲੇ ਇਹ ਮੁੱਦਾ ਉਠਾਉਣ ’ਚ ਲੱਗੇ ਹੋਏ ਸਨ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਵਾਲੇ ਕੁਝ ਦਿਨਾਂ ’ਚ ਵਿਰੋਧੀ ਪਾਰਟੀਆਂ ਨੂੰ ਜਵਾਬ ਦੇਣ ’ਚ ਸਫ਼ਲ ਰਹੇਗੀ ਕਿ ਉਹ ਸੂਬੇ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ’ਚ ਸਮਰੱਥ ਹੈ।
ਦਿਲਚਸਪੀ ਦੀ ਗੱਲ ਇਹ ਹੈ ਕਿ ਪੰਜਾਬ ਪੁਲਸ ਨੇ ਇਕ ਵਾਰ ਫਿਰ ਸੂਬੇ ਦੇ ਹਾਲਾਤ ਖ਼ਰਾਬ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸ ਲਿਆ ਹੈ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਿਰੋਧੀ ਧਿਰ ਨੂੰ ਇਕ ਮਿੰਟ ਵੀ ਗਵਾਉਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਹੁਣ ਆਪਣੀਆਂ ਚੋਣ ਮੀਟਿੰਗਾਂ ’ਚ ਕਾਨੂੰਨ-ਵਿਵਸਥਾ ਦੇ ਮਾਮਲੇ ’ਚ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦੇਣਗੇ। ਜਲੰਧਰ ਲੋਕ ਸਭਾ ਸੀਟ ਲਈ 10 ਮਈ ਨੂੰ ਵੋਟਾਂ ਪੈਣੀਆਂ ਹਨ ਅਤੇ ਚੋਣ ਨਤੀਜੇ 13 ਮਈ ਨੂੰ ਐਲਾਨੇ ਜਾਣਗੇ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਰਾਤ ਦੇ ਸਮੇਂ ਘਰ ਜਾਂ ਦੁਕਾਨ ਦੇ ਬਾਹਰ ਖੜ੍ਹੀ ਕਰਦੇ ਹੋ ਕਾਰ ਤਾਂ ਹੋ ਜਾਓ ਸਾਵਧਾਨ
ਉਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਇਕ ਅਹਿਮ ਸਫ਼ਲਤਾ ਮੰਨ ਕੇ ਚੱਲ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦਾ ਸ਼ਹਿਰੀ ਵੋਟਰਾਂ ’ਤੇ ਜ਼ਰੂਰ ਅਸਰ ਪਵੇਗਾ ਕਿਉਂਕਿ ਸ਼ਹਿਰੀ ਵੋਟਰ ਸੂਬੇ ’ਚ ਅਮਨ-ਸ਼ਾਂਤੀ ਦੇ ਹੱਕ ’ਚ ਹਨ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਪੰਜਾਬ ਪੁਲਸ ਲਈ ਵੀ ਰਾਹਤ ਦੀ ਖ਼ਬਰ ਲੈ ਕੇ ਆਈ ਹੈ ਕਿਉਂਕਿ ਵਿਰੋਧੀ ਪਾਰਟੀਆਂ ਸਰਕਾਰ ਦੇ ਨਾਲ-ਨਾਲ ਪੁਲਸ ਨੂੰ ਨਿਸ਼ਾਨਾ ਬਣਾਉਣ ’ਚ ਜੁਟੀਆਂ ਹੋਈਆਂ ਹਨ। ਪੰਜਾਬ ਪੁਲਸ ਨੇ ਇਕ ਵਾਰ ਫਿਰ ਗੈਂਗਸਟਰਾਂ ਅਤੇ ਖਾਲਿਸਤਾਨੀ ਸੋਚ ਵਾਲੇ ਅਨਸਰਾਂ ’ਤੇ ਆਪਣਾ ਸ਼ਿਕੰਜਾ ਕੱਸਿਆ ਹੈ ਅਤੇ ਇਸ ਨਾਲ ਪੰਜਾਬ ਪੁਲਸ ਨੇ ਸੰਕੇਤ ਦੇ ਦਿੱਤੇ ਹਨ ਕਿ ਉਹ ਸੂਬੇ ’ਚ ਅਮਨ-ਸ਼ਾਂਤੀ ਬਣਾਈ ਰੱਖਣ ’ਚ ਸਮਰੱਥ ਹੈ।
ਪੰਜਾਬ ਪੁਲਸ, ਜਿਸ ਨੇ ਸੂਬੇ ’ਚ ਅੱਤਵਾਦ ਨੂੰ ਕਾਬੂ ਕੀਤਾ ਸੀ, ਹੁਣ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ’ਤੇ ਗੜਬੜ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ’ਚ ਲੱਗੀ ਹੋਈ ਹੈ। ਜ਼ਿਮਨੀ ਚੋਣ ਇਸ ਸਮੇਂ ਨਾ ਸਿਰਫ਼ ਸੱਤਾਧਾਰੀ ਧਿਰ ਲਈ ਅਹਿਮ ਹੈ, ਸਗੋਂ ਦੂਜੇ ਪਾਸੇ ਸਮੁੱਚੀ ਵਿਰੋਧੀ ਧਿਰ ਲਈ ਵੀ ਅਹਿਮ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਸੂਬੇ ’ਚ ਖਾਲਿਸਤਾਨੀ ਲਹਿਰ ਨੂੰ ਵੀ ਝਟਕਾ ਲੱਗਾ ਹੈ ਕਿਉਂਕਿ ਉਸ ਦੀ ਇਕ ਅਹਿਮ ਕੜੀ ਹੁਣ ਪੁਲਸ ਨੇ ਫੜ ਲਈ ਹੈ ਅਤੇ ਹੁਣ ਉਸ ਨੂੰ ਅਗਲੇ ਕਈ ਸਾਲਾਂ ਤੱਕ ਆਸਾਮ ਦੀ ਜੇਲ੍ਹ ’ਚ ਰਹਿਣਾ ਪਵੇਗਾ।
ਪੁਲਸ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਸੂਬੇ ’ਚ ਸ਼ਾਂਤੀ ਸਥਾਪਿਤ ਕਰਨ ਦੀ ਦਿਸ਼ਾ ’ਚ ਇਕ ਅਹਿਮ ਕੜੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਟਾਂਡਾ ਵਿਖੇ ਸਰਕਾਰੀ ਸਕੂਲ ਦੀ ਗਰਾਊਂਡ 'ਚੋਂ ਮਿਲੀ 23 ਸਾਲਾ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ
ਜਦੋਂ ਤੋਂ ਸੂਬੇ ਦੇ ਡੀ. ਜੀ. ਪੀ. ਗੌਰਵ ਯਾਦਵ ਦੀ ਕਮਾਨ ਸੂਬੇ ਦੀ ਪੁਲਸ ਦੇ ਹੱਥਾਂ ’ਚ ਆਈ ਹੈ, ਸੂਬੇ ਦੀ ਪੁਲਸ ਨੂੰ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਵੀ ਸਫ਼ਲਤਾ ਮਿਲੀ ਹੈ ਅਤੇ ਹੁਣ ਅੰਮ੍ਰਿਤਪਾਲ ਵੀ ਫੜਿਆ ਗਿਆ ਹੈ। ਇਕ ਖ਼ਾਸ ਗੱਲ ਇਹ ਵੀ ਸੀ ਕਿ ਲਗਾਤਾਰ ਪੂਰੀ ਰਾਤ ਡੀ. ਜੀ. ਪੀ. ਗੌਰਵ ਯਾਦਵ ਲਗਾਤਾਰ ਸੀ. ਐੱਮ. ਭਗਵੰਤ ਮਾਨ ਨਾਲ ਸੰਪਰਕ ’ਚ ਰਹੇ ਅਤੇ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੇ ਬਿਆਨ ਨੂੰ ਲੈ ਕੇ ਜਾਣਕਾਰੀ ਦਿੰਦੇ ਰਹੇ। ਮੁੱਖ ਮੰਤਰੀ ਇਸ ਮਾਮਲੇ ’ਚ ਸਾਵਧਾਨੀ ਨਾਲ ਅੱਗੇ ਕਦਮ ਵਧਾ ਰਹੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਵੇਲੇ ਗਲਤੀਆਂ ਹੋਈਆਂ ਸਨ, ਉਸ ਤਰ੍ਹਾਂ ਦੀਆਂ ਗਲਤੀਆਂ ਮੁੜ ਦੁਹਰਾਈਆਂ ਜਾਵੇ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਪ੍ਰਸ਼ਾਸਨ ਪੱਬਾਂ ਭਾਰ, 9 ਵਿਧਾਨ ਸਭਾ ਹਲਕਿਆਂ ਲਈ ਕੀਤੇ ਖ਼ਾਸ ਪ੍ਰਬੰਧ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।