6 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ ''ਚ ਕੋਰੋਨਾ ਨਾਲ ਇਕ ਮਰੀਜ਼ ਮੌਤ, ਜਾਣੋ ਕੀ ਹੈ ਤਾਜ਼ਾ ਸਥਿਤੀ

Wednesday, Apr 05, 2023 - 10:43 AM (IST)

ਜਲੰਧਰ (ਰੱਤਾ)–ਜਲੰਧਰ ਜ਼ਿਲ੍ਹੇ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਜਿੱਥੇ ਲੋਕਾਂ ਦੇ ਮਨਾਂ ’ਚ ਡਰ ਦਾ ਕਾਰਨ ਬਣਿਆ ਹੋਇਆ ਸੀ, ਉਥੇ ਹੀ ਮੰਗਲਵਾਰ ਨੂੰ ਲਗਭਗ 6 ਮਹੀਨਿਆਂ ਬਾਅਦ ਕੋਰੋਨਾ ਪਾਜ਼ੇਟਿਵ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 81 ਸਾਲਾ ਬਜ਼ੁਰਗ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ 31 ਮਾਰਚ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ, ਜਿੱਥੇ 1 ਅਪ੍ਰੈਲ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ ਅਤੇ ਸੋਮਵਾਰ ਨੂੰ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ ਪਿਛਲੇ ਸਾਲ 11 ਅਕਤੂਬਰ ਨੂੰ ਕੋਰੋਨਾ ਮਰੀਜ਼ ਦੀ ਮੌਤ ਹੋਈ ਸੀ। ਇਸ ਦੇ ਨਾਲ ਹੀ ਸਿਹਤ ਮਹਿਕਮੇ ਨੂੰ ਮੰਗਲਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 14 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਹ ਸਾਰੇ ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਪਾਏ ਗਏ। ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਉਮਰ 28 ਤੋਂ 75 ਸਾਲ ਦੇ ਵਿਚਕਾਰ ਹੈ ਅਤੇ ਇਹ ਨਿਊ ਅਸ਼ੋਕ ਨਗਰ, ਸਰਾਭਾ ਨਗਰ, ਜਲੰਧਰ ਕੈਂਟ, ਕਟੜਾ ਮੁਹੱਲਾ, ਵਾਲਮੀਕਿ ਮੁਹੱਲਾ, ਬਸਤੀ ਦਾਨਿਸ਼ਮੰਦਾਂ, ਧੰਨੋਵਾਲੀ ਅਤੇ ਫਿਲੌਰ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਦਾ ਵੱਡਾ ਬਿਆਨ, ਵਿਰੋਧੀ ਪਾਰਟੀਆਂ ਪੰਜਾਬ ਦਾ ਵਿਕਾਸ ਹੀ ਨਹੀਂ ਚਾਹੁੰਦੀਆਂ

ਜਾਣੋ ਕੀ ਹੈ ਕੋਰੋਨਾ ਦੀ ਜਲੰਧਰ ਜ਼ਿਲ੍ਹੇ ਵਿਚ ਸਥਿਤੀ 
ਜ਼ਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸਿਹਤ ਵਿਭਾਗ ਨੇ ਜ਼ਿਲ੍ਹੇ ਵਿਚ 25,30,521 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਸਤੇ ਲਏ ਅਤੇ ਇਨ੍ਹਾਂ ਵਿਚੋਂ 81,296 ਦੀ ਰਿਪੋਰਟ ਪਾਜ਼ੇਟਿਵ ਆਈ। ਪਾਜ਼ੇਟਿਵ ਆਉਣ ਵਾਲੇ ਕੁੱਲ ਮਰੀਜ਼ਾਂ ਵਿਚੋਂ 79246 ਮਰੀਜ਼ ਰਿਕਵਰ ਅਤੇ 1985 ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਜ਼ਿਲੇ ਵਿਚ ਹੁਣ ਐਕਟਿਵ ਕੇਸਾਂ ਦੀ ਗਿਣਤੀ 65 ਹੈ।

ਇਹ ਵੀ ਪੜ੍ਹੋ : ਪੁਲਸ ਮਹਿਕਮੇ 'ਚ ਵੱਡਾ ਫੇਰਬਦਲ, ਜਲੰਧਰ ਦਿਹਾਤੀ ਦੇ 11 ਥਾਣਿਆਂ ਦੇ ਬਦਲੇ SHO

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News