ਅਫਸਾਨਾ ਖਾਨ ਦੇ ਗੀਤਾਂ ਦੇ ਵਿਵਾਦ ਦੀ ਜਾਂਚ ਸਬੰਧੀ ਪੁਲਸ ਟੀਮ ਸਕੂਲ ਪੁੱਜੀ
Thursday, Feb 06, 2020 - 01:20 PM (IST)
ਮਲੋਟ (ਜੁਨੇਜਾ) : ਅਫਸਾਨਾ ਖਾਨ ਦੇ ਗੀਤ ਤੋਂ ਸ਼ੁਰੂ ਹੋਏ ਵਿਵਾਦ ਦੇ ਮਾਮਲੇ ਦੀ ਚਲ ਰਹੀ ਜਾਂਚ ਸਬੰਧੀ ਉਪ ਪੁਲਸ ਕਪਤਾਨ ਦੀ ਅਗਵਾਈ ਹੇਠ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਬਾਦਲ) ਜਾ ਕੇ ਸਟਾਫ ਦੇ ਬਿਆਨ ਲਏ। ਇਸ ਮੌਕੇ ਮਲੋਟ ਦੇ ਐੱਸ. ਡੀ. ਐੱਮ. ਗੋਪਾਲ ਸਿੰਘ ਪੀ. ਸੀ. ਐੱਸ. ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ 1 ਫਰਵਰੀ ਨੂੰ ਆਪਣੇ ਪਿੰਡ ਬਾਦਲ ਵਿਖੇ ਪੁਰਾਣੇ ਅਧਿਆਪਕਾਂ ਨੂੰ ਮਿਲਣ ਗਈ ਅਫਸਾਨਾ ਖਾਨ ਵੱਲੋਂ 'ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ, ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾਲ' ਵਰਗੇ ਗੀਤ ਗਾਉਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਈ। ਇਸ ਮੁੱਦੇ 'ਤੇ ਪੰਡਿਤ ਰਾਓ ਧਰਨੇਵਰ ਨੇ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਭੇਜ ਕੇ ਅਫਸਨਾ ਖਾਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ, ਜਿਸ 'ਤੇ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਵੱਲੋਂ ਡੀ. ਐੱਸ. ਪੀ. ਮਲੋਟ ਮਨਮੋਹਨ ਸਿੰਘ ਔਲਖ ਪਾਸ ਜਾਂਚ ਲਈ ਸ਼ਿਕਾਇਤ ਫਾਰਵਰਡ ਕੀਤੀ ਸੀ। ਇਸ ਸਬੰਧੀ ਬੀਤੀ ਸ਼ਾਮ ਅਫਸਾਨਾ ਖਾਨ ਨੇ ਡੀ. ਐੱਸ. ਪੀ. ਮਲੋਟ ਦਫਤਰ ਪੁੱਜ ਕੇ ਆਪਣੇ ਬਿਆਨ ਦਰਜ ਕਰਵਾਏ।
ਮਲੋਟ ਦੇ ਉਪ ਪੁਲਸ ਕਪਤਾਨ ਮਨਮੋਹਨ ਸਿੰਘ ਔਲਖ ਦੀ ਅਗਵਾਈ ਹੇਠ ਪੁਲਸ ਟੀਮ ਸਕੂਲ ਪੁੱਜੀ ਜਿਥੇ ਪੁਲਸ ਨੇ ਪ੍ਰਿੰਸੀਪਲ ਕਰਮਪਾਲ ਸਿੰਘ ਮਾਨ ਸਕੂਲ ਦੇ ਸਟਾਫ ਦੇ ਬਿਆਨ ਲਏ। ਇਸ ਮੌਕੇ ਪਿੰਡ ਦੇ ਸਰਪੰਚ ਜਬਰਜੰਗ ਸਿੰਘ ਵੀ ਹਾਜ਼ਰ ਸਨ। ਇਸ ਸਬੰਧੀ ਪ੍ਰਿੰਸੀਪਲ ਕਰਮਪਾਲ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਫਸਾਨਾ ਖਾਨ ਦੀ ਆਪਣੇ ਸਕੂਲ 'ਚ ਹੋਈ ਵਿਜ਼ਟ ਮੌਕੇ ਬੱਚਿਆਂ ਨੂੰ ਸੰਦੇਸ਼ ਦੇਣ ਲਈ ਕਿਹਾ। ਇਸ ਦੌਰਾਨ ਹੀ ਬੱਚਿਆਂ ਦੀ ਫਰਮਾਇਸ਼ 'ਤੇ ਉਸ ਨੇ ਆਪਣੇ ਗੀਤਾਂ ਦੇ ਬੋਲ ਸਾਂਝੇ ਕੀਤੇ। ਮਲੋਟ ਦੇ ਡੀ. ਐੱਸ. ਪੀ. ਮਨਮੋਹਨ ਸਿੰਘ ਔਲਖ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਸਬੰਧੀ ਉਹ ਮੌਕੇ 'ਤੇ ਗਏ ਸਨ ਅਤੇ ਇਸ ਸਾਰੇ ਮਾਮਲੇ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।