ਅਫਗਾਨੀ ਸਿੱਖਾਂ ਨੇ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਲੈਣ ਤੋਂ ਕੀਤਾ ਮਨ੍ਹਾ

Sunday, Apr 12, 2020 - 09:48 AM (IST)

ਅੰਮ੍ਰਿਤਸਰ (ਅਣਜਾਣ) - ਅਫਗਾਨਿਸਤਾਨ ’ਚ ਕਾਬੁਲ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਸਿੱਖਾਂ ’ਤੇ ਬੀਤੀ 25 ਮਾਰਚ ਨੂੰ ਹਮਲਾ ਕਰ ਦਿੱਤਾ ਸੀ। ਇਸ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦੇ ਪਾਕਿਸਤਾਨ ਵਿਖੇ ਮੁੜ ਪ੍ਰਵਾਸ ਕਰਨ ਦੀ ਪੇਸ਼ਕਸ਼ ਨੂੰ ਕਾਬੁਲ ਦੇ ਸਿੱਖਾਂ ਵਲੋਂ ਸਿਰੇ ਤੋਂ ਨਕਾਰਨ ਦੀ ਖਬਰ ਸੁਣਨ ’ਚ ਆਈ ਹੈ। ਇਸ ਗੱਲ ਦੀ ਪੁਸ਼ਟੀ ਭਾਰਤੀ ਪੱਤਰਕਾਰਾਂ ਵਲੋਂ ਕੀਤੀ ਗਈ ਸੀ। ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਉਥੋਂ ਦੇ ਸਿੱਖ ਨੇ ਇਹ ਬਿਆਨ ਭਾਰਤੀ ਮੀਡੀਆ ਨੂੰ ਦਿੱਤਾ, ਜਿਸ ਵਿਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਇਹ ਫੈਸਲਾ ਆਈ. ਐੱਸ. ਖੋਰਸਨ ਬ੍ਰਾਂਚ ਦੇ ਮੁਖੀ ਅਬਦੁੱਲਾ ਔਰਕਜਈ ਅਸਲਮ ਫਾਰੂਕੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਲੈ ਲਿਆ ਗਿਆ ਸੀ। ਇਸ ਕਰ ਕੇ ਉਨ੍ਹਾਂ ਮੁੜ ਪ੍ਰਵਾਸ ਕਰਨ ਤੋਂ ਪਾਕਿਸਤਾਨ ਅਤੇ ਈਰਾਨ ਦੀ ਪੇਸ਼ਕਸ਼ ਤੋਂ ਇਨਕਾਰ ਕਰ ਦਿੱਤਾ।

ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਦੀ ਟੋਲੀ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਤਸਵੀਰਾਂ) 

ਸਿੱਖ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਜਿਹੜੀ ਫਾਰੂਕੀ ਦੀ ਅਫਗਾਨਿਸਤਾਨ ਸਰਕਾਰ ਤੋਂ ਹਵਾਲਗੀ ਦੀ ਮੰਗ ਕੀਤੀ ਸੀ, ਉਸ ਤੋਂ ਪਾਕਿਸਤਾਨ ਵੀ ਸ਼ੱਕ ਦੇ ਘੇਰੇ ’ਚ ਆ ਗਿਆ ਸੀ, ਜਿਸ ਕਰ ਕੇ ਪੀ. ਐੱਸ. ਜੀ. ਪੀ. ਸੀ. ਦੀ ਪੇਸ਼ਕਸ਼ ਪਿੱਛੇ ਉਨ੍ਹਾਂ ਨੂੰ ਪਾਕਿ ਸਰਕਾਰ ਦੀ ਚਾਲ ਦਾ ਸ਼ੱਕ ਪੈਦਾ ਹੋ ਰਿਹਾ ਹੈ। ਉਕਤ ਸਿੱਖ ਨੇ ਜਾਣਕਾਰੀ ਦਿੱਤੀ ਕਿ 25 ਮਾਰਚ ਦੇ ਹਮਲੇ ਤੋਂ ਬਾਅਦ ਅਫਗਾਨਿਸਤਾਨ ਦੀਆਂ ਫੌਜਾਂ ਦੇ 2 ਟੈਂਕ ਗੁਰਦੁਆਰੇ ਦੇ ਨੇੜੇ ਤਾਇਨਾਤ ਕੀਤੇ ਗਏ, ਜਿਨ੍ਹਾਂ ’ਚ ਵੱਡੀ ਗਿਣਤੀ ਵਿਚ ਫੌਜੀ ਤਾਇਨਾਤ ਹਨ। ਅਫਗਾਨਿਸਤਾਨ ਦੀ ਮੀਡੀਆ ਰਿਪੋਰਟ ਮੁਤਾਬਿਕ ‘ਫਾਰੂਕੀ’ ਆਈ. ਐੱਸ. ਖੋਰਸਨ ਬ੍ਰਾਂਚ ਦਾ ਮੁਖੀ ਹੈ, ਜਿਸ ਨੂੰ ਪਿਛਲੇ ਸ਼ਨੀਵਾਰ ਕੰਧਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਉਧਰ ਪੀ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਤਵੰਤ ਸਿੰਘ ਨੇ ਭਾਰਤੀ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਵੱਲੋਂ ਅਫਗਾਨੀ ਸਿੱਖਾਂ ਨੂੰ ਕੀਤੀ ਪੇਸ਼ਕਸ਼ ਬਾਰੇ ਅਜੇ ਕੋਈ ਜਵਾਬ ਨਹੀਂ ਮਿਲਿਆ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਹਮਲੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਅਫਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਰਾਹੀਂ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਬਾਰੇ ਅਪੀਲ ਕੀਤੀ ਸੀ ਤੇ ਕਿਹਾ ਕਿ ਕੋਰੋਨਾ ਸੰਕਟ ਉਪਰੰਤ ਅਮਰੀਕਾ, ਇੰਗਲੈਂਡ ਅਤੇ ਦਿੱਲੀ ਦੇ ਸਿੱਖਾਂ ਨਾਲ ਮਸ਼ਵਰਾ ਕਰ ਕੇ ਅਫਗਾਨੀ ਸਿੱਖਾਂ ਨੂੰ ਸੁਰੱਖਿਅਤ ਸਥਾਨ ’ਤੇ ਮੁੜ ਵਸਾਉਣ ਦਾ ਯਤਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਨੇ ਬਿਆਨ ਦਿੰਦਿਆਂ ਕਿਹਾ ਕਿ ਅਫਗਾਨੀ ਸਿੱਖ ਚਾਹੁਣ ਤਾਂ ਉਨ੍ਹਾਂ ਨੂੰ ਭਾਰਤ ’ਚ ਵੀ ਮੁੜ ਵਸਾਉਣ ਦੇ ਯਤਨ ਕੀਤੇ ਜਾ ਸਕਦੇ ਹਨ।


rajwinder kaur

Content Editor

Related News