ਅਫਗਾਨਿਤਾਨ ''ਚ ਵਾਪਰੀ ਘਟਨਾ ਅਤਿ ਨਿੰਦਣਯੋਗ : ਬਡੂੰਗਰ
Tuesday, Jul 03, 2018 - 06:31 PM (IST)

ਨਾਭਾ (ਜਗਨਾਰ) : ਬੀਤੇ ਦਿਨੀਂ ਅਫਗਾਨਿਤਾਨ ਵਿਚ ਸਿੱਖਾਂ 'ਤੇ ਹਿੰਦੂਆਂ 'ਤੇ ਹੋਏ ਹਮਲੇ ਦੌਰਾਨ 20 ਵਿਅਕਤੀਆਂ ਦੇ ਕਰੀਬ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ, ਜਿਨ੍ਹਾਂ ਵਿਚ ਸਿੱਖ ਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਲੋਕ ਜ਼ਿਆਦਾ ਸਨ ਅਤੇ ਇਸ ਹਮਲੇ ਵਿਚ ਸਿੱਖਾਂ ਦੀ ਗਿਣਤੀ ਵੀ 11 ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਵਿਚ ਅਫਗਾਨਿਤਾਨ 'ਚ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਸੇਵਾ ਨਿਭਾਅ ਰਹੇ ਭਾਈ ਅਵਤਾਰ ਸਿੰਘ ਖਾਲਸਾ ਦੀ ਵੀ ਮੌਤ ਹੋ ਚੁੱਕੀ ਹੈ।
ਇਸ ਸਬੰਧੀ 'ਜਗਬਾਣੀ' ਨਾਲ ਗੱਲ ਕਰਦਿਆਂ ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਫਗਾਨਿਤਾਨ ਵਿਚ ਵਾਪਰੀ ਘਟਨਾ ਅਤਿ ਨਿੰਦਣਯੋਗ ਹੈ, ਜਿਸ ਨਾਲ ਪੂਰੀ ਦੁਨੀਆਂ ਵਿਚ ਵੱਸਦੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਹਮਲੇ ਦੀ ਨਿੰਦਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਫਗਾਨਿਤਾਨ ਵਿਚ ਵੱਸਦੇ ਸਿੱਖ ਪਰਿਵਾਰਾਂ ਦੀ ਇਸ ਦੁੱਖ ਦੀ ਘੜੀ ਵਿਚ ਮੱਦਦ ਕਰਨ ਕਿਉਂਕਿ ਜੋ ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਐੱਸ.ਜੀ.ਪੀ.ਸੀ. ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਔਖੇ ਸਮੇਂ ਵਿਚ ਅਫਗਾਨਿਤਾਨ ਵਿਚ ਸਿੱਖਾਂ ਦੀ ਮੱਦਦ ਲਈ ਯੋਗ ਉਪਰਾਲੇ ਕਰੇ।