ਐੱਚ-ਵਨ ਸ਼ਡਿਊਲ ਕੈਮਿਸਟਾਂ ਦੇ ਕਾਰੋਬਾਰ ਨੂੰ ਕਰ ਰਿਹੈ ਪ੍ਰਭਾਵਿਤ

Monday, Apr 02, 2018 - 02:49 AM (IST)

ਰੂਪਨਗਰ,   (ਕੈਲਾਸ਼)-  ਡਰੱਗ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਵਾਈ ਵਿਕਰੇਤਾਵਾਂ 'ਤੇ ਦਿਨੋ-ਦਿਨ ਕੱਸੇ ਜਾ ਰਹੇ ਸ਼ਿਕੰਜੇ ਨੂੰ ਲੈ ਕੇ ਬੀਤੀ ਸ਼ਾਮ ਰੂਪਨਗਰ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਮਲਹੋਤਰਾ ਦੀ ਪ੍ਰਧਾਨਗੀ ਵਿਚ ਹੋਈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਠਕ ਵਿਚ ਮੌਜੂਦ ਸੰਜੇ ਮਲਹੋਤਰਾ ਤੇ ਵਿਸ਼ੇਸ਼ ਰੂਪ ਵਿਚ ਪਹੁੰਚੇ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਿੰਦਰ ਜੱਗੀ ਨੇ ਦੱਸਿਆ ਕਿ ਡਰੱਗ ਵਿਭਾਗ ਵੱਲੋਂ ਕੈਮਿਸਟਾਂ 'ਤੇ ਲਾਗੂ ਕੀਤਾ ਗਿਆ ਐੱਚ-ਵਨ ਸ਼ਡਿਊਲ ਉਨ੍ਹਾਂ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਕਿਉਂਕਿ ਉਕਤ ਸ਼ਡਿਊਲ ਤਹਿਤ ਸਾਰੇ ਦਵਾਈ ਵਿਕਰੇਤਾਵਾਂ ਨੂੰ ਸਬੰਧਤ ਦਵਾਈਆਂ ਦੀ ਖਰੀਦ ਤੇ ਵਿਕਰੀ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ। 
ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤੋਂ ਟੀ. ਬੀ. ਦੀਆਂ ਦਵਾਈਆਂ ਦੀ ਵਿਕਰੀ 'ਤੇ ਵੀ ਡਰੱਗ ਵਿਭਾਗ ਅਤੇ ਜ਼ਿਲਾ ਸਿਹਤ ਵਿਭਾਗ ਆਪਣੀ ਤਿੱਖੀ ਨਜ਼ਰ ਰੱਖ ਰਿਹਾ ਹੈ ਅਤੇ ਸਿਰਫ ਲਾਇਸੈਂਸਸ਼ੁਦਾ ਕੈਮਿਸਟਾਂ ਨੂੰ ਹੀ ਇਸ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂਕਿ ਦੂਜੇ ਪਾਸੇ ਉਕਤ ਦਵਾਈਆਂ ਦੀ ਵਿਕਰੀ ਆਨਲਾਈਨ ਅਤੇ ਕੁਝ ਹੋਰ ਡਾਕਟਰਾਂ ਵੱਲੋਂ ਆਪਣੇ ਹਸਪਤਾਲਾਂ ਵਿਚ ਖੋਲ੍ਹੇ ਗਏ ਮੈਡੀਕਲ ਸਟੋਰਾਂ ਦੇ ਜ਼ਰੀਏ ਖੁੱਲ੍ਹੇਆਮ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਕੈਮਿਸਟਾਂ ਦੇ ਵਪਾਰ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਭਾਵੇਂ ਹੀ ਜੀ. ਐੱਸ. ਟੀ. ਲਾਗੂ ਹੋਏ ਨੂੰ ਇਕ ਸਾਲ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਕੈਮਿਸਟਾਂ ਵੱਲੋਂ ਨਾ ਵਿਕ ਸਕਣ ਵਾਲੀਆਂ, ਐਕਸਪਾਇਰ ਦਵਾਈਆਂ ਅਤੇ ਬਰੇਕੇਜ ਦੀ ਵਾਪਸੀ ਦੇ ਸਬੰਧ ਵਿਚ ਕੇਂਦਰ ਸਰਕਾਰ ਅਜੇ ਤੱਕ ਕੋਈ ਫੈਸਲਾ ਨਹੀਂ ਕਰ ਸਕੀ, ਜਿਸ ਕਾਰਨ ਕੈਮਿਸਟਾਂ ਨੂੰ ਐਕਸਪਾਇਰ ਦਵਾਈਆਂ ਦੇ ਬਦਲੇ ਜੀ. ਐੱਸ. ਟੀ. ਦਾ ਭਾਰੀ ਨੁਕਸਾਨ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਸਮੂਹ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਦਵਾਈਆਂ ਦੀ ਵਿਕਰੀ 'ਤੇ ਮਾਰਜਨ ਘੱਟ ਕਰ ਦਿੱਤੇ ਜਾਣ ਕਾਰਨ ਉਹ ਆਪਣÎਾ ਕੰਪੀਟੀਸ਼ਨ ਬੰਦ ਕਰਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਇਕ ਸਮਾਨ ਟੈਕਸ ਸਿਸਟਮ ਲਾਗੂ ਕਰ ਕੇ ਇਕ ਦੇਸ਼ ਇਕ ਟੈਕਸ ਦੀ ਗੱਲ ਕਰ ਰਹੇ ਹਨ ਪਰ ਦੂਜੇ ਪਾਸੇ ਛੋਟੇ ਕੈਮਿਸਟਾਂ ਦਾ ਵਪਾਰ ਉਕਤ ਕਾਰਨਾਂ ਕਾਰਨ ਠੱਪ ਹੁੰਦਾ ਜਾ ਰਿਹਾ ਹੈ। ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਛੋਟੇ ਕਾਰੋਬਾਰੀਆਂ ਦਾ ਧਿਆਨ ਰੱਖਦੇ ਹੋਏ ਕਿਸੇ ਠੋਸ ਨੀਤੀ ਨੂੰ ਅਮਲ ਵਿਚ ਲਿਆਂਦਾ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ ਕੋਹਲੀ, ਰਾਜੀਵ ਭਨੋਟ, ਅਰੁਣਜੀਤ ਸਿੰਘ, ਕਮਲਸ਼ੀਲ ਕਥੂਰੀਆ, ਰਣਦੀਪ ਗੁਪਤਾ ਆਦਿ ਮੌਜੂਦ ਸਨ।


Related News