ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੀਆਂ ਸੰਗਤਾਂ ਦਾ ਐਡਵੋਕੇਟ ਧਾਮੀ ਨੇ ਕੀਤਾ ਧੰਨਵਾਦ

Friday, Oct 10, 2025 - 08:13 PM (IST)

ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੀਆਂ ਸੰਗਤਾਂ ਦਾ ਐਡਵੋਕੇਟ ਧਾਮੀ ਨੇ ਕੀਤਾ ਧੰਨਵਾਦ

ਅੰਮ੍ਰਿਤਸਰ (ਸਰਬਜੀਤ) : ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪ੍ਰਬੰਧਾਂ ਵਿਚ ਸਹਿਯੋਗ ਕਰਨ ਲਈ ਸੇਵਾ ਨਿਭਾਉਣ ਵਾਲੀਆਂ ਸਮੂਹ ਸੰਗਤਾਂ, ਮਹਾਂਪੁਰਖ ਅਤੇ ਸੇਵਾ ਸੁਸਾਇਟੀਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਧੰਨਵਾਦ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਆਈਆਂ ਸੰਗਤਾਂ ਲਈ ਪ੍ਰਬੰਧ ਕਰਨੇ ਇਕ ਵੱਡੀ ਜ਼ੁੰਮੇਵਾਰੀ ਹੁੰਦੀ ਹੈ, ਜੋ ਸੰਗਤ ਦੇ ਸਹਿਯੋਗ ਨਾਲ ਹੀ ਨਿਭਾਈ ਜਾਂਦੀ ਹੈ। 

ਐਡੋਵਕੇਟ ਧਾਮੀ ਨੇ ਗੁਰਪੁਰਬ ਸਮੇਂ ਵੱਖ ਵੱਖ ਸੇਵਾਵਾਂ ਵਿਚ ਹਿੱਸਾ ਪਾਉਣ ਵਾਲੀਆਂ ਸੰਗਤਾਂ, ਕਾਰਸੇਵਾ ਵਾਲੇ ਮਹਾਂਪੁਰਖ, ਧਾਰਮਿਕ ਸ਼ਖ਼ਸੀਅਤਾਂ, ਸਮੂਹ ਸਭਾ ਸੁਸਾਇਟੀਆਂ, ਗਤਕਾ ਅਖਾੜਿਆਂ, ਲੰਗਰਾਂ ਦੀ ਸੇਵਾ ਨਿਭਾਉਣ ਵਾਲੀ ਸੰਗਤ, ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਸਮੇਤ ਸ਼ਹਿਰ ਵਿਚ ਲਾਈਟਾਂ, ਫੁੱਲਾਂ ਦੀ ਡੈਕੋਰੇਸ਼ਨ ਕਰਨ ਵਾਲੇ, ਰਿਹਾਇਸ਼ ਦੇ ਪ੍ਰਬੰਧ ਕਰਨ ਲਈ ਹੋਟਲ ਐਸੋਸੀਏਸ਼ਨ, ਪ੍ਰਸਾਸ਼ਨ, ਨਗਰ ਨਿਗਮ, ਲੱਡੂਆਂ ਦੀ ਸੇਵਾ ਕਰਨ ਵਾਲੇ, ਨਗਰ ਕੀਰਤਨ ਸਮੇਂ ਚੱਲਣ ਵਾਲੀਆਂ ਗੱਡੀਆਂ ਦੀ ਸੇਵਾ ਕਰਨ ਲਈ ਲੁਧਿਆਣੇ ਦੀ ਸੰਗਤ, ਜੋੜਾ ਘਰ, ਗੱਠੜੀ ਘਰ ਵਿਖੇ ਸੇਵਾ ਨਿਭਾਉਣ ਵਾਲਿਆਂ, ਲੋਕਲ ਗੁਰਦੁਆਰਾ ਕਮੇਟੀਆਂ, ਨਗਰ ਕੀਰਤਨ ਸਮੇਂ ਸਜਾਵਟੀ ਗੇਟ ਅਤੇ ਲੰਗਰ ਲਗਾਉਣ ਵਾਲੀਆਂ ਕਮੇਟੀਆਂ, ਸ਼ਬਦ ਚੌਂਕੀ ਜਥੇ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਨਾਲ ਨਾਲ ਵੱਖ-ਵੱਖ ਸੇਵਾਵਾਂ ਕਰਨ ਵਾਲੀ ਬੰਬੇ, ਚੰਬੇ ਅਤੇ ਸਿੰਘੜੇ ਦੀ ਸੰਗਤ ਸਮੇਤ ਆਤਿਸ਼ਬਾਜ਼ੀ ਦੀ ਸੇਵਾ ਵਾਸਤੇ ਇੰਦੌਰ ਦੀ ਸੰਗਤ ਤੇ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਸਟਾਫ ਦਾ ਵੀ ਧੰਨਵਾਦ ਕੀਤਾ। 

ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਜਿਥੇ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਹੈ, ਉਥੇ ਹੀ ਸੰਗਤਾਂ ਅਤੇ ਸਭਾ-ਸੁਸਾਇਟੀਆਂ ਵੱਲੋਂ ਸੇਵਾਵਾਂ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੋਂ ਵੀ ਸੰਗਤਾਂ ਪਾਸੋਂ ਇਸੇ ਤਰ੍ਹਾਂ ਸਹਿਯੋਗ ਦੀ ਆਸ ਪ੍ਰਗਟਾਈ।
 


author

Baljit Singh

Content Editor

Related News