ਹੜ੍ਹਾਂ ਦੇ ਹਾਲਾਤ ਦਰਮਿਆਨ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਲੋਕਾਂ ਨੂੰ ਕੀਤੀ ਇਹ ਅਪੀਲ

Tuesday, Jul 11, 2023 - 10:14 PM (IST)

ਹੜ੍ਹਾਂ ਦੇ ਹਾਲਾਤ ਦਰਮਿਆਨ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਲੋਕਾਂ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ (ਬਿਊਰੋ) : ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਜਾਂ ਵੈਕਟਰ-ਬੋਰਨ ਬੀਮਾਰੀਆਂ ਤੋਂ ਬਚਾਉਣ ਲਈ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪਾਣੀ ਇਕੱਠਾ ਹੋਣ ਕਾਰਨ ਅਜਿਹੀਆਂ ਬੀਮਾਰੀਆਂ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ। ਐਡਵਾਈਜ਼ਰੀ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਸਿਹਤ ਵਿਭਾਗ ਹਰ ਸਮੇਂ ਯਤਨਸ਼ੀਲ ਹੈ ਅਤੇ ਵਿਭਾਗ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ 24 ਘੰਟੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਨਾਲ ਵਾਪਰੀ ਅਣਹੋਣੀ, ਇਕ-ਇਕ ਕਰਕੇ ਤਿੰਨਾਂ ਦੀ ਗਈ ਜਾਨ

ਲੋਕਾਂ ਨੂੰ ਐਡਵਾਈਜ਼ਰੀ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੀਣ ਲਈ ਸਿਰਫ਼ ਸੁਰੱਖਿਅਤ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਤਰਜੀਹੀ ਤੌਰ ’ਤੇ ਉਬਾਲਿਆ ਹੋਇਆ ਪਾਣੀ ਹੀ ਵਰਤਣਾ ਚਾਹੀਦਾ ਹੈ। ਲਾਗ ਤੋਂ ਬਚਣ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਜ਼ਰੂਰੀ ਹੈ। ਐਡਵਾਈਜ਼ਰੀ ਵਿਚ ਦੱਸਿਆ ਗਿਆ ਹੈ ਕਿ ਹੜ੍ਹ ਦੇ ਪਾਣੀ ਵਿਚ ਭਿੱਜੇ ਭੋਜਨ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਲੱਗ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੈਡੀਕਲ ਕੈਂਪਾਂ ਸਮੇਤ ਸਰਕਾਰੀ ਸਿਹਤ ਸਹੂਲਤਾਂ ’ਚ ਦਿਖਾਉਣਾ ਚਾਹੀਦਾ ਹੈ ਅਤੇ ਖੁਦ ਇਲਾਜ ਨਹੀਂ ਕਰਨਾ ਚਾਹੀਦਾ। ਜੇਕਰ ਕਿਸੇ ਖੇਤਰ ਵਿਚ ਕਿਸੇ ਛੂਤ ਦੀ ਬੀਮਾਰੀ ਦੇ ਵੱਧ ਕੇਸ (ਭਾਵ ਇਕੋ ਇਲਾਕੇ ਵਿਚ ਛੂਤ ਦੀਆਂ ਬੀਮਾਰੀਆਂ ਦੇ 3 ਤੋਂ ਵੱਧ ਕੇਸ) ਸਾਹਮਣੇ ਆਉਂਦੇ ਹਨ, ਤਾਂ ਤੁਰੰਤ ਨਜ਼ਦੀਕੀ ਸਿਹਤ ਸਹੂਲਤ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮੋਦੀ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਨੈਸ਼ਨਲ ਰਿਲੀਫ਼ ਫੰਡ ’ਚੋਂ 1000 ਕਰੋੜ ਰੁਪਏ ਜਾਰੀ ਕਰੇ : ਬਾਜਵਾ

ਐਡਵਾਈਜ਼ਰੀ ’ਚ ਅੱਗੇ ਲਿਖਿਆ ਗਿਆ ਹੈ ਕਿ ਹੜ੍ਹਾਂ ਦੌਰਾਨ ਦੂਸ਼ਿਤ ਪਾਣੀ ਅਤੇ ਕੀੜੇ-ਮਕੌੜਿਆਂ ਦੇ ਕੱਟਣ ਕਾਰਨ ਆਮ ਤੌਰ ’ਤੇ ਚਮੜੀ ਦੀ ਬੈਕਟੀਰੀਅਲ ਲਾਗ ਹੋ ਜਾਂਦੀ ਹੈ ਅਤੇ ਅਜਿਹੀ ਇਨਫੈਕਸ਼ਨ ਨੂੰ ਰੋਕਣ ਲਈ ਲੋਕਾਂ ਨੂੰ ਰਬੜ ਦੇ ਬੂਟ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਕਿਸਮ ਦੇ ਇਲਾਜ ਲਈ ਨਜ਼ਦੀਕੀ ਸਿਹਤ ਸੰਭਾਲ ਕੇਂਦਰ ’ਚ ਜਾਣਾ ਚਾਹੀਦਾ ਹੈ। ਵਿਭਾਗ ਵੱਲੋਂ ਹੜ੍ਹਾਂ ਦੇ ਪਾਣੀ ਵਿਚ ਨਾ ਵੜਨ ਦੀ ਵੀ ਸਲਾਹ ਦਿੱਤੀ ਗਈ ਹੈ ਕਿਉਂਕਿ ਹੜ੍ਹਾਂ ਦੌਰਾਨ ਸੱਪ ਦਾ ਡੰਗਣਾ ਵੀ ਆਮ ਗੱਲ ਹੈ। ਜੇਕਰ ਤੁਹਾਨੂੰ ਪਾਣੀ ਵਿਚ ਦਾਖ਼ਲ ਹੋਣ ਦੀ ਲੋੜ ਹੈ, ਤਾਂ ਲੰਬੇ ਬੂਟ ਪਾਓ। ਸੱਪ ਦੇ ਡੰਗਣ ਦੀ ਸਥਿਤੀ ਵਿਚ ਮਰੀਜ਼ ਨੂੰ ਜਲਦ ਤੋਂ ਜਲਦ ਨਜ਼ਦੀਕੀ ਸਿਹਤ ਕੇਂਦਰ ਵਿਚ ਲੈ ਕੇ ਜਾਓ।

ਡਾ. ਆਦਰਸ਼ ਪਾਲ ਨੇ ਸਬੰਧਤ ਅਧਿਕਾਰੀਆਂ ਨੂੰ ਵੈਕਟਰ-ਬੋਰਨ ਬੀਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਲਾਰਵੀਸਾਈਡ ਦਾ ਛਿੜਕਾਅ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਮੁੱਖ ਦਫ਼ਤਰਾਂ ਦੀ ਟੀਮ ਵੱਲੋਂ ਸਾਰੇ ਕਾਰਜਾਂ ਦੀ ਹਰ ਪਲ ਨਿਗਰਾਨੀ ਕੀਤੀ ਜਾ ਰਹੀ ਹੈ।


author

Manoj

Content Editor

Related News