ਨਰਮੇ ਦਾ ਵਧੇਰੇ ਝਾੜ ਲੈਣ ਲਈ ਕਾਸ਼ਤ ਦੇ ਤਕਨੀਕੀ ਢੰਗ

Saturday, Apr 04, 2020 - 05:54 PM (IST)

ਜਗਬਾਣੀ ਖੇਤੀਬਾੜੀ ਅਪਡੇਟ

ਡਾ ਫਤਿਹਜੀਤ ਸਿੰਘ ਸੇਖੋਂ

ਨਰਮਾ ਪੰਜਾਬ ਵਿੱਚ ਸਾਉਣੀ ਦੀਆਂ ਪ੍ਰਮੁੱਖ ਫ਼ਸਲਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਕਾਸ਼ਤ ਜ਼ਿਆਦਾਤਰ ਦੱਖਣੀ ਪੱਛਮੀ ਜਿਲਿਆਂ ਵਿੱਚ ਕੀਤੀ ਜਾਂਦੀ ਹੈ ਇਸ ਲਈ ਇਹਨਾਂ ਜਿਲ੍ਹਿਆਂ ਦੀ ਆਰਥਿਕਤਾ ਇਸ ਫ਼ਸਲ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। 2017-18 ਵਿੱਚ ਪੰਜਾਬ ਵਿੱਚ ਨਰਮੇ ਦੀ ਕਾਸ਼ਤ 2.87 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਜਿਸ ਤੋਂ ਕੁੱਲ 12.71 ਲੱਖ ਗੰਢਾਂ ਦੀ ਪੈਦਾਵਾਰ ਹੋਈ ਅਤੇ ਔਸਤਨ ਰੂੰ ਦਾ ਝਾੜ 3.04 ਕੁਇੰਟਲ ਪ੍ਰਤੀ ਏਕੜ ਰਿਹਾ। ਝੋਨੇ ਦੀ ਕਾਸ਼ਤ ਸੌਖੀ ਹੋਣ ਕਰਕੇ ਅਤੇ ਜ਼ਮੀਨੀ ਪਾਣੀ ਦੀ ਉਪਲੱਬਧਤਾ ਵਧਣ ਕਰਕੇ ਪਿਛਲੇ ਕੁੱਝ ਸਾਲਾਂ ਦੌਰਾਨ ਇੰਨ੍ਹਾਂ ਜਿਲਿਆਂ ਵਿੱਚ ਰਕਬਾ ਨਰਮੇਂ ਹੇਠੋਂ ਘਟਕੇ ਝੋਨੇ ਅਤੇ ਬਾਸਮਤੀ ਹੇਠ ਵਧਿਆ ਹੈ। ਪਰੰਤੂ ਇਹ ਵਰਤਾਰਾ ਆਉਣ ਵਾਲੇ ਸਮੇਂ ਵਿੱਚ ਜ਼ਮੀਨ, ਪਾਣੀ ਅਤੇ ਵਾਤਾਵਰਨ ਸੰਬੰਧੀ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਕਣਕ ਝੋਨੇ ਦੇ ਫ਼ਸਲੀ ਚੱਕਰ ਦੇ ਨਾਕਾਰਾਤਮਕ ਪ੍ਰਭਾਵ ਤਾਂ ਪਹਿਲਾਂ ਹੀ ਸਾਹਮਣੇ ਆ ਰਹੇ ਹਨ। ਇਸ ਫ਼ਸਲੀ ਚੱਕਰ ਕਾਰਨ ਮਿੱਟੀ ਦੀ ਸਿਹਤ ਦੇ ਖਰਾਬ ਹੋਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਥੱਲੇ ਜਾਣ ਦੇ ਨਾਲ ਨਾਲ ਪਰਾਲੀ ਸਾੜਣ ਕਰਕੇ ਹਵਾ ਦੇ ਪ੍ਰਦੂਸ਼ਣ ਵਿੱਚ ਵੀ ਵਾਧਾ ਹੋਇਆ ਹੈ।ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦਾ ਮੌਸਮ ਨਰਮੇ-ਕਪਾਹ ਦੀ ਕਾਸ਼ਤ ਲਈ ਬਹੁਤ ਢੁੱਕਵਾਂ ਹੈ। ਇਸ ਲਈ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਅਤੇ ਝੋਨੇ ਹੇਠੋਂ ਰਕਬਾ ਘਟਾਉਣ ਲਈ ਇਹਨਾਂ ਜਿਲ੍ਹਿਆਂ ਵਿੱਚ ਨਰਮੇ-ਕਪਾਹ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਆਮ ਤੌਰ ਤੇ ਨਰਮੇ ਦੇ ਝਾੜ ਘਟਣ ਦੇ ਮੁੱਖ ਕਾਰਣ ਹਨ ਸੁਧਰੀਆਂ ਕਿਸਮਾਂ ਬਾਰੇ ਜਾਣਕਾਰੀ ਦੀ ਘਾਟ, ਪਿਛੇਤੀ ਬਿਜਾਈ, ਕੀੜੇ ਮਕੌੜੇ ਅਤੇ ਨਦੀਨਾਂ ਸੰਬੰਧੀ ਸਮੱਸਿਆਵਾਂ, ਖਾਦਾਂ ਅਤੇ ਪਾਣੀ ਦੀ ਅਸੰਤੁਲਿਤ ਵਰਤੋਂ ਆਦਿ। ਇਸ ਲਈ ਨਰਮੇ ਦਾ ਵਧੇਰੇ ਝਾੜ ਲੈਣ ਲਈ ਇਸਦੇ ਤਕਨੀਕੀ ਕਾਸ਼ਤਕਾਰੀ ਢੰਗਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।

ਸੁਧਰੀਆਂ ਕਿਸਮਾਂ ਦੀ ਚੋਣ


ਨਰਮੇਂ-ਕਪਾਹ ਦਾ ਵੱਧ ਝਾੜ ਲੈਣ ਲਈ ਸਹੀ ਕਿਸਮ ਦੀ ਚੋਣ ਬਹੁਤ ਜ਼ਰੂਰੀ ਹੁੰਦੀ ਹੈ। ਨਰਮੇਂ ਕਪਾਹ ਦੀ ਕਿਸਮ ਅਗੇਤੀ ਖਿੜਣ ਵਾਲੀ, ਵਧੇਰੇ ਝਾੜ ਦੇਣ ਵਾਲੀ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋਵੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਇੱਕ ਬੀ.ਟੀ. ਨਰਮੇ ਦੀ ਕਿਸਮ ਪੀ. ਏ. ਯੂ. ਬੀ. ਟੀ. 1, ਚਾਰ ਨਰਮੇ ਦੀਆਂ ਕਿਸਮਾਂ (ਐਫ਼. 2228, ਐਫ਼. 2383, ਐਲ. ਐਚ. 2108 ਅਤੇ ਐਲ. ਐਚ. 2076) ਅਤੇ ਇੱਕ ਬੀ. ਟੀ. ਰਹਿਤ ਦੋਗਲੀ ਕਿਸਮ ਐਲ. ਐਚ. ਐਚ. 144 ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸੇ ਤਰਾਂ ਤਿੰਨ ਦੇਸੀ ਕਪਾਹ ਦੀਆਂ ਕਿਸਮਾਂ (ਐਲ. ਡੀ. 1019, ਐਲ. ਡੀ. 949 ਅਤੇ ਐਫ਼. ਡੀ. ਕੇ. 124) ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ 2018 ਵਰ੍ਹੇ ਦੌਰਾਨ ਪੰਜਾਬ ਵਿੱਚ ਕਾਸ਼ਤ ਲਈ ਪੀ. ਏ. ਯੂ. ਵੱਲੋਂ ਸਿਫ਼ਾਰਿਸ਼ ਕੀਤੀਆਂ ਹੋਈਆਂ ਬੀ. ਟੀ. ਨਰਮੇ ਦੀਆਂ ਦੋਗਲੀਆਂ ਕਿਸਮਾਂ ਦੀ ਲਿਸਟ ਬਿਜਾਈ ਤੋਂ ਪਹਿਲਾਂ ਪਹਿਲਾਂ ਅਖਬਾਰਾਂ ਅਤੇ ਰਸਾਲਿਆਂ ਵਿੱਚ ਵਿਆਪਕ ਤੌਰ ਤੇ ਛਾਪ ਦਿੱਤੀ ਜਾਵੇਗੀ ਅਤੇ ਬੀਜਾਂ ਵਾਲੀਆਂ ਦੁਕਾਨਾਂ ਤੇ ਵੀ ਲਗਾ ਦਿੱਤੀ ਜਾਵੇਗੀ।

ਖੇਤ ਦੀ ਤਿਆਰੀ

ਨਰਮੇਂ-ਕਪਾਹ ਦੀ ਕਾਸ਼ਤ ਜ਼ਿਆਦਾ ਰੇਤਲੀਆਂ, ਸੇਮ ਤੇ ਕੱਲਰ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ। ਇਸ ਫ਼ਸਲ ਦੀ ਕਾਸ਼ਤ ਲਈ ਖੇਤ ਵਿੱਚ ਜ਼ਿਆਦਾ ਬਾਰਿਸ਼ਾਂ ਜਾਂ ਵੱਧ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜ਼ਮੀਨ ਤਿਆਰ ਕਰਨ ਤੋਂ ਪਹਿਲਾਂ ਟਰੈਕਟਰ ਨਾਲ ਚੱਲਣ ਵਾਲੇ ਸਬ ਸੁਆਇਲਰ (ਚੀਜ਼ਲਰ) ਨਾਲ 1 ਮੀਟਰ ਦੇ ਫ਼ਾਸਲੇ ਤੇ ਕਰਾਸ ਸਬ ਸੁਆਇਲਿੰਗ ਕਰ ਦੇਣੀ ਚਾਹੀਦੀ ਹੈ। ਕਣਕ ਦੀ ਵਾਢੀ ਤੋਂ ਪਿਛੋਂ ਖੇਤ ਨੂੰ ਦੋ ਤਿੰਨ ਵਾਰ ਵਾਹ
ਕੇ ਫ਼ਿਰ ਭਾਰੀ ਰੌਣੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਵੱਤਰ ਆਉਣ ਤੇ ਖੇਤ 2-3 ਵਾਹ ਕੇ ਸੁਹਾਗਾ ਫ਼ੇਰਨਾ ਚਾਹੀਦਾ ਹੈ ਤਾਂ ਕਿ ਜ਼ਮੀਨ ਪੋਲੀ ਅਤੇ ਭੁਰਭੁਰੀ ਹੋਣ ਦੇ ਨਾਲ ਨਾਲ ਮਿੱਟੀ ਵਿਚਲੀ ਗਿੱਲ ਨੂੰ ਲੰਬੇ ਸਮੇਂ ਤੱਕ ਸਾਂਭ ਕੇ ਰੱਖ ਸਕੇ। ਇਸ ਤਰਾਂ ਕਰਨ ਨਾਲ ਬੀਜ ਦੀ ਉਗਰਾਈ ਸਹੀ ਹੁੰਦੀ ਹੈ। ਰੌਣੀ ਲਈ ਹਮੇਸ਼ਾ ਨਹਿਰੀ ਜਾਂ ਚੰਗੇ ਪਾਣੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਜ਼ਮੀਨ ਦੀ ਸਤਿਹ ਤੇ ਲੂਣ ਦੀ ਮਾਤਰਾ ਘਟਦੀ ਹੈ ਅਤੇ ਨਾਲ ਹੀ ਜ਼ਿਆਦਾ ਗਰਮੀ ਪੈਣ ਦੀ ਸੂਰਤ ਵਿੱਚ ਬੂਟਿਆਂ ਦਾ ਸਾੜਾ ਵੀ ਘੱਟ ਹੁੰਦਾ ਹੈ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ

ਨਰਮੇ-ਕਪਾਹ ਦਾ ਵਧੇਰੇ ਝਾੜ ਲੈਣ ਲਈ ਖੇਤ ਵਿੱਚ ਬੂਟਿਆਂ ਦੀ ਸਹੀ ਗਿਣਤੀ ਅਤੇ ਬੂਟਿਆਂ ਅਤੇ ਕਤਾਰਾਂ ਵਿਚਕਾਰ ਸਹੀ ਫ਼ਾਸਲਾ ਰੱਖਣਾ ਬਹੁਤ ਜ਼ਰੂਰੀ ਹੈ ਜੋ ਕਿ ਹੇਠਾਂ ਦਿੱਤੀ ਹੋਈ ਸਾਰਨੀ ਵਿੱਚ ਦੱਸਿਆ ਗਿਆ ਹੈ। ਚੰਗੀ ਤਰਾਂ ਤਿਆਰ ਕੀਤੇ ਗਏ ਖੇਤ ਵਿੱਚ ਨਰਮੇ-ਕਪਾਹ ਦੀ ਬਿਜਾਈ ਟਰੈਕਟਰ ਨਾਲ ਚੱਲਣ ਵਾਲੀ ਡਰਿੱਲ ਨਾਲ 4-5 ਸੈ.ਮੀ. ਡੂੰਘਾਈ ਤੇ ਕਰਨੀ ਚਾਹੀਦੀ ਹੈ ਤਾਂ ਜੋ ਬੀਜ ਸਹੀ ਵੱਤਰ ਤੇ ਡਿੱਗੇ। ਬਿਜਾਈ ਹਮੇਸ਼ਾ ਸਵੇਰ ਜਾਂ ਸ਼ਾਮ ਵੇਲੇ ਹੀ ਕਰਨੀ ਚਾਹੀਦੀ ਹੈ। ਕਈ ਵਾਰ ਜ਼ਿਆਦਾ ਗਰਮੀ ਪੈਣ ਕਾਰਨ ਕੁਝ ਬੂਟੇ ਸੁੱਕ ਜਾਂਦੇ ਹਨ, ਇਸ ਲਈ ਖੇਤ ਵਿੱਚ ਬੂਟਿਆਂ ਦੀ ਗਿਣਤੀ ਪੂਰੀ ਕਰਨ ਲਈ ਤਿੰਨ ਹਫ਼ਤੇ ਦੀ ਪਨੀਰੀ ਲਾਈ ਜਾ ਸਕਦੀ ਹੈ। ਇਸ ਦੇ ਲਈ ਪਲਾਸਟਿਕ ਦੇ ਲਿਫ਼ਾਫ਼ਿਆਂ (4”ਣ6”) ਵਿੱਚ ਮਿੱਟੀ ਅਤੇ ਰੂੜੀ ਬਰਾਬਰ ਅਨੁਪਾਤ ਦੇ ਮਿਸ਼ਰਨ ਨਾਲ ਭਰ ਕੇ ਪਨੀਰੀ ਉਗਾਉਣੀ ਚਾਹੀਦੀ ਹੈ। ਪਨੀਰੀ ਲਗਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਨੀਰੀ ਉਥੇ ਹੀ ਉਗਾਈ ਜਾਵੇ ਜਿਥੇ ਦਿਨ ਵਿੱਚ ਘੱਟੋ ਘੱਟ 3-4 ਘੰਟੇ ਲਈ ਧੁੱਪ ਜ਼ਰੂਰ ਆੳਂਦੀ ਹੋਵੇ। ਇਸ ਤੋਂ ਇਲਾਵਾ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਪਨੀਰੀ ਨੂੰ ਅਸਲ ਬਿਜਾਈ ਤੋਂ 1-2 ਦਿਨਾਂ ਦੀ ਅਗੇਤ ਪਿਛੇਤ ਨਾਲ ਹੀ ਬੀਜ ਲੈਣਾ ਚਾਹੀਦਾ ਹੈ ਤਾਂ ਜੋ ਬੂਟੇ ਆਮ ਫ਼ਸਲ ਦੇ ਨਾਲ ਰਲ ਸਕਣ।

ਬਿਜਾਈ ਦਾ ਸਮਾਂ
ਨਰਮੇ-ਕਪਾਹ ਦੀ ਬਿਜਾਈ 1 ਅਪ੍ਰੈਲ ਤੋਂ ਲੈ ਕੇ 15 ਮਈ ਤੱਕ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਬਾਅਦ ਬਿਜਾਈ ਕਰਨ ਨਾਲ ਕੀੜੇ ਮਕੌੜਿਆਂ ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ ਜਿਸ ਨਾਲ ਝਾੜ ਘਟਣ ਦਾ ਖਤਰਾ ਵਧ ਜਾਂਦਾ ਹੈ।

PunjabKesari
ਖਾਦ ਪ੍ਰਬੰਧਨ
ਨਰਮੇਂ ਅਤੇ ਕਪਾਹ ਦੀਆਂ ਸਾਰੀਆਂ ਬੀ. ਟੀ. ਰਹਿਤ ਕਿਸਮਾਂ ਲਈ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਅਤੇ 12 ਕਿਲੋ ਫ਼ਾਸਫ਼ੋਰਸ (75 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਜਾਂ 27 ਕਿਲੋ ਡੀ. ਏ. ਪੀ.) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ। ਬੀ.ਟੀ. ਕਿਸਮ ਪੀ.ਏ.ਯੂ. ਬੀ.ਟੀ. 1 ਨੂੰ 37 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਦੇ ਨਾਲ ਨਾਲ 12 ਕਿਲੋ ਫ਼ਾਸਫ਼ੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਚਾਹੀਦਾ ਹੈ। ਇਸੇ ਤਰਾਂ ਬੀ. ਟੀ. ਅਤੇ ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਨੂੰ 42 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ) ਅਤੇ 12 ਕਿਲੋ ਫ਼ਾਸਫ਼ੋਰਸ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਜੇਕਰ ਨਰਮੇ ਅਤੇ ਕਪਾਹ ਦੀ ਕਾਸ਼ਤ ਕਣਕ ਬਾਅਦ ਕਰਨੀ ਹੋਵੇ ਜਿਸ ਨੂੰ ਸਿਫ਼ਾਰਿਸ਼ ਕੀਤੀ ਫ਼ਾਸਫ਼ੋਰਸ ਦੀ ਮਾਤਰਾ ਪਾਈ ਗਈ ਹੈ ਤਾਂ ਇਹਨਾਂ ਨੂੰ ਫ਼ਾਸਫ਼ੋਰਸ ਤੱਤ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਹਲਕੀਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ਼ ਪੋਟਾਸ਼) ਅਤੇ 10 ਕਿਲੋ ਜ਼ਿੰਕ ਸਲਫ਼ੇਟ (21 ਪ੍ਰਤੀਸ਼ਤ) ਜਾਂ 6.5 ਕਿਲੋ ਜ਼ਿੰਕ ਸਲਫ਼ੇਟ (33 ਪ੍ਰਤੀਸ਼ਤ) ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਰੀ ਫ਼ਾਸਫ਼ੋਰਸ, ਪੋਟਾਸ਼ ਅਤੇ ਜ਼ਿੰਕ ਸਲਫ਼ੇਟ ਬਿਜਾਈ ਵੇਲੇ ਹੀ ਪਾ ਦੇਣੀ ਚਾਹੀਦੀ ਹੈ ਜਦਕਿ ਨਾਈਟ੍ਰੋਜਨ ਅੱਧੀ ਪਹਿਲੇ ਪਾਣੀ ਨਾਲ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਰਹਿੰਦੀ ਅੱਧੀ ਫ਼ੁੱਲ ਆਉਣ ਤੇ ਪਾਉਣੀ ਚਾਹੀਦੀ ਹੈ। ਹਾਲਾਂਕਿ ਜੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੋਵੇ ਤਾਂ ਨਾਈਟ੍ਰੋਜਨ ਦੀ ਪਹਿਲੀ ਅੱਧੀ ਮਾਤਰਾ ਬਿਜਾਈ ਵੇਲੇ ਹੀ ਪਾ ਦੇਣੀ ਚਾਹੀਦੀ ਹੈ। ਜ਼ਿਆਦਾ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ ਫੁੱਲਾਂ ਦੇ ਸ਼ੁਰੂ ਹੋਣ ਤੋਂ ਲੈ ਕੇ ਇਕ ਹਫ਼ਤੇ ਦੇ ਵਕਫੇ ਤੇ 4 ਵਾਰ ਛਿੜਕਾਅ ਵੀ ਕਰ ਦੇਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਦੀ ਵਰਤੋਂ ਲਈ ‘ਪੀ ਏ ਯੂ-ਪੱਤਾ ਰੰਗ’ ਚਾਰਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸਦੇ ਲਈ ਬੂਟੇ ਵਿਰਲੇ ਕਰਨ ਦੇ ਸਮੇਂ ਤੇ ਅਤੇ ਫ਼ੁੱਲਾਂ ਦੇ ਸ਼ੁਰੂ ਹੋਣ ਵੇਲੇ ਫ਼ਸਲ ਦੀ ਨੁਮਾਇੰਦਗੀ ਕਰਨ ਵਾਲੇ 10 ਬੂਟਿਆਂ ਦੇ ਉਪਰੋਂ ਪੂਰੇ ਖੁੱਲੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਪੀ ਏ ਯੂ-ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਹੇਠ ਮਿਲਾਓ। ਰੰਗ ਮਿਲਾਉਣ ਲਈ ਚੁਣੇ ਪੌਦਿਆਂ ਉੱਪਰ ਬਿਮਾਰੀ/ ਕੀੜਿਆਂ ਦਾ ਹਮਲਾ, ਪਾਣੀ ਦੀ ਔੜ/ਬਹੁਤਾਤ ਜਾਂ ਹੋਰ ਖ਼ੁਰਾਕੀ ਤੱਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ। 10 ਪੱਤਿਆਂ ਵਿਚੋਂ 6 ਜਾਂ ਵੱਧ ਪੱਤਿਆਂ ਦੇ ਰੰਗ ਦੇ ਅਧਾਰ ਤੇ ਹੇਠ ਲਿਖੇ ਅਨੁਸਾਰ ਯੂਰੀਆ ਖਾਦ ਪਾਓ:

PunjabKesari

ਨਦੀਨਾਂ ਦੀ ਰੋਕਥਾਮ
ਨਰਮੇ-ਕਪਾਹ ਦੇ ਮੁੱਖ ਨਦੀਨਾਂ ਵਿੱਚੋਂ ਇਟਸਿਟ, ਮਧਾਣਾ/ ਮੱਕੜਾ, ਤਾਂਦਲਾ, ਕੰਘੀ ਬੂਟੀ ਅਤੇ ਪੀਲੀ ਬੂਟੀ ਪ੍ਰਮੁੱਖ ਹਨ। ਇੰਨ੍ਹਾ ਦੀ ਰੋਕਥਾਮ ਲਈ 2-3 ਗੋਡੀਆਂ ਕਰਨੀਆਂ ਚਾਹੀਦੀਆਂ ਹਨ। ਪਹਿਲੀ ਗੋਡੀ ਪਹਿਲੇ ਪਾਣੀ ਤੋਂ ਪਹਿਲਾਂ ਸੁੱਕੀ ਜ਼ਮੀਨ ਵਿੱਚ ਕਰਨੀ ਚਾਹੀਦੀ ਹੈ। ਇਸ ਕੰਮ ਲਈ ਟਰੈਕਟਰ ਨਾਲ ਚੱਲਣ ਵਾਲੇ ਕਲਟੀਵੇਟਰ/ਰੋਟਰੀ ਵੀਡਰ/ਤ੍ਰਿਫ਼ਾਲੀ ਜਾਂ ਵ੍ਹੀਲ ਹੈਂਡ ਹੋਅ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰੰਤੂ ਫ਼ੁੱਲ ਡੋਡੀ ਆਉਣ ਤੇ ਇੰਨ੍ਹਾਂ ਸੰਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਬਹੁਤ ਸਾਰੇ ਫ਼ੁੱਲ ਅਤੇ ਟੀਂਡੇ ਝੜ ਜਾਂਦੇ ਹਨ।
ਇਸ ਤੋਂ ਇਲਾਵਾ ਨਰਮੇ-ਕਪਾਹ ਵਿੱਚ ਰਸਾਇਣਾਂ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਖਾਸ ਤੌਰ ਤੇ ਇਟਸਿਟ ਅਤੇ ਮਧਾਣਾ/ਮੱਕੜਾ ਨੂੰ ਕਾਬੂ ਕਰਨ ਲਈ ਸਟੌਂਪ 30 ਤਾਕਤ ਇਕ ਲਿਟਰ ਪ੍ਰਤੀ ਏਕੜ ਫ਼ਸਲ ਜੰਮਣ ਤੋਂ ਪਹਿਲਾਂ ਬਿਜਾਈ ਦੇ 24 ਘੰਟੇ ਅੰਦਰ ਛਿੜਕਣਾ ਚਾਹੀਦਾ ਹੈ। ਜਿਨ੍ਹਾਂ ਖੇਤਾਂ ਵਿਚ ਨਦੀਨ ਪਹਿਲਾ ਪਾਣੀ ਲਾਉਣ ਪਿਛੋਂ ਜਾਂ ਮੀਂਹ ਪੈਣ ਤੇ ਉੱਗਦੇ ਹਨ ਉਥੇ ਇਕ ਲਿਟਰ ਪ੍ਰਤੀ ਏਕੜ ਸਟੌਂਪ ਦਾ ਛਿੜਕਾਅ ਪਾਣੀ ਲਾਉਣ ਤੋਂ ਬਾਅਦ ਚੰਗੇ ਵੱਤਰ ਵਿਚ ਕਰਨਾ ਚਾਹੀਦਾ ਹੈ । ਜੇਕਰ ਕੁਝ ਨਦੀਨ ਪਹਿਲਾਂ ਦੇ ਉੱਗੇ ਹੋਣ ਤਾਂ ਉਨ੍ਹਾਂ ਨੂੰ ਸਟੌਂਪ ਛਿੜਕਾਅ ਤੋਂ ਪਹਿਲਾਂ ਗੋਡੀ ਕਰਕੇ ਕੱਢ ਦਿਉ। ਚੰਗੇ ਨਤੀਜੇ ਹਾਸਲ ਕਰਨ ਲਈ ਛਿੜਕਾਅ ਇੱਕਸਾਰ ਕਰਨਾ ਚਾਹੀਦਾ ਹੈ ਅਤੇ ਕੱਟ ਵਾਲੀ ਨੋਜ਼ਲ (ਫ਼ਲੱਡ ਜੈੱਟ ਜਾਂ ਫ਼ਲੈਟ ਫ਼ੈਨ) ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸਦੇ ਬਦਲ ਵਜੋਂ ਬਾਅਦ ਵਿੱਚ ਉੱਗੇ ਨਦੀਨਾਂ ਦੀ ਰੋਕਥਾਮ ਲਈ ਗਰੈਮੋਕਸੋਨ (ਪੈਰਾਕੁਏਟ) 500 ਮਿ.ਲੀ. ਪ੍ਰਤੀ ਏਕੜ ਜਾਂ ਰਾਊਂਡਅਪ/ਗਲਾਈਸੈਲ (ਗਲਾਈਫ਼ੋਸੇਟ) 1 ਲੀਟਰ ਜਾਂ ਐਕਸਲ ਮੈਰਾ 71 ਤਾਕਤ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਚ ਘੋਲ ਕੇ ਬਿਜਾਈ ਤੋਂ 6-8 ਹਫ਼ਤੇ ਬਾਅਦ, ਜਦੋਂ ਫ਼ਸਲ ਦਾ ਕੱਦ ਤਕਰੀਬਨ ਡੇਢ ਕੁ ਫ਼ੁੱਟ ਹੋਵੇ, ਕਤਾਰਾਂ ਵਿੱਚ ਨਦੀਨਾਂ ਉੱਪਰ ਸਿੱਧਾ ਛਿੜਕਾਅ ਕੀਤਾ ਜਾ ਸਕਦਾ ਹੈ। ਇਸਦੇ ਛਿੜਕਾਅ ਲਈ ਸੁਰੱਖਿਅਤ ਹੁੱਡ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਦਵਾਈਆਂ ਅਚੋਣਸ਼ੀਲ ਹੋਣ ਕਰਕੇ ਸਾਰੇ ਬੂਟਿਆਂ ਦਾ ਨੁਕਸਾਨ ਕਰ ਸਕਦੀਆਂ ਹਨ। ਨਦੀਨਨਾਸ਼ਕਾਂ ਦੇ ਸਹੀ ਅਤੇ ਲੰਬੇ ਸਮੇਂ ਤੱਕ ਅਸਰ ਲਈ ਜ਼ਮੀਨ ਚੰਗੀ ਤਰਾਂ ਤਿਆਰ ਕਰਨੀ ਚਾਹੀਦੀ ਹੈ ਅਤੇ ਛਿੜਕਾਅ ਸਮੇਂ ਖੇਤ ਵਿੱਚ ਵੱਤਰ ਕਾਫ਼ੀ ਹੋਣਾ ਚਾਹੀਦਾ ਹੈ। ਛਿੜਕਾਅ ਹਮੇਸ਼ਾ ਸਵੇਰ ਜਾਂ ਸ਼ਾਮ ਵੇਲੇ ਕਰਨਾ ਚਾਹੀਦਾ ਹੈ।
ਸਿੰਚਾਈ ਅਤੇ ਜਲ ਨਿਕਾਸ
ਨਰਮੇ ਅਤੇ ਕਪਾਹ ਨੂੰ ਮੀਂਹ ਦੇ ਆਧਾਰ ਤੇ 4-6 ਪਾਣੀਆਂ ਦੀ ਲੋੜ ਹੁੰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 4-6 ਹਫ਼ਤੇ ਬਾਅਦ ਅਤੇ ਆਖਰੀ ਪਾਣੀ ਸਤੰਬਰ ਦੇ ਅਖੀਰ ਵਿੱਚ ਲਾਉਣਾ ਚਾਹੀਦਾ ਹੈ। ਪਾਣੀ ਬਾਰਿਸ਼ ਅਤੇ ਮੌਸਮ ਦੀ ਲੋੜ ਅਨੁਸਾਰ 15-20 ਦਿਨ ਦੇ ਵਕਫ਼ੇ ਤੇ ਦਿੰਦੇ ਰਹਿਣਾ ਚਾਹੀਦਾ ਹੈ। ਹਾਲਾਂਕਿ ਹਲਕੀਆਂ ਜ਼ਮੀਨਾਂ ਅਤੇ ਵੱਟਾਂ ਤੇ ਬੀਜੀ ਫ਼ਸਲ ਨੂੰ ਲੋੜ ਅਨੁਸਾਰ ਪਹਿਲਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਪਰ ਫ਼ੁੱਲ ਡੋਡੀ ਆਉਣ ਤੋਂ ਲੈ ਕੇ ਟੀਂਡੇ ਬਣਨ ਤੱਕ ਫ਼ਸਲ ਨੂੰ ਸੋਕਾ ਨਹੀਂ ਲੱਗਣ ਦੇਣਾ ਚਾਹੀਦਾ ਕਿਉਂਕਿ ਇਸਦੇ ਨਾਲ ਫ਼ਲ ਝੜਣ ਦਾ ਖਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ। ਜ਼ਿਆਦਾ ਬਾਰਿਸ਼ਾਂ ਦੌਰਾਨ ਵਾਧੂ ਪਾਣੀ ਕੱਢਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਚੁਗਾਈ ਅਤੇ ਸਾਂਭ ਸੰਭਾਲ

PunjabKesari
ਕਪਾਹ ਸਤੰਬਰ ਦੇ ਤੀਜੇ ਹਫ਼ਤੇ ਅਤੇ ਨਰਮਾ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਚੁਗਾਈ ਲਈ ਤਿਆਰ ਹੋ ਜਾਂਦਾ ਹੈ। ਕਪਾਹ ਦੀ 15-20 ਦਿਨਾਂ ਦੇ ਵਕਫ਼ੇ ਤੇ ਚੁਗਾਈ ਕਰਨੀ ਚਾਹੀਦੀ ਹੈ। ਅਗੇਤੇ ਖਿੜਾਅ ਲਈ ਅਤੇ ਵਧੀਆ ਝਾੜ ਲੈਣ ਲਈ ਨਰਮੇ ਦੀ ਫ਼ਸਲ ਤੇ ਅਕਤੂਬਰ ਦੇ ਅਖੀਰ ਵਿੱਚ ਈਥਰਲ/ਈਥੋਫ਼ਨ 500 ਮਿ.ਲੀ. /ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲਣ ਉਪਰੰਤ ਸਪਰੇ ਕਰੋ। ਕਪਾਹ ਸਾਫ਼ ਸੁਥਰੇ ਖੁਸ਼ਕ ਕਮਰਿਆਂ ਵਿੱਚ ਸਟੋਰ ਕਰੋ ਜਿੱਥੇ ਚੂਹੇ ਨੁਕਸਾਨ ਨਾ ਕਰਨ। ਚੰਗਾ ਭਾਅ ਲੈਣ ਲਈ ਪਹਿਲੀ ਅਤੇ ਆਖਰੀ ਚੁਗਾਈ ਬਾਕੀਆਂ ਤੋਂ ਵੱਖਰੀ ਕਰੋ।


jasbir singh

News Editor

Related News