ਜੇਕਰ ਤੁਸੀਂ ਵੀ ਖਾਂਦੇ ਹੋ ਪਨੀਰ ਤਾਂ ਹੋ ਜਾਓ ਸਾਵਧਾਨ (ਵੀਡੀਓ)
Monday, Aug 06, 2018 - 04:29 PM (IST)
ਸੰਗਰੂਰ(ਰਜੇਸ਼ ਕੋਹਲੀ)—ਜੇਕਰ ਤੁਸੀਂ ਵੀ ਵਿਆਹਾਂ 'ਚ ਪਨੀਰ ਖਾਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ। ਸਵਾਦ ਨਾਲ ਖਾਧਾ ਜਾਣ ਵਾਲਾ ਇਹ ਪਨੀਰ ਜ਼ਿਆਦਾਤਰ ਮਿਲਾਵਟੀ ਹੁੰਦਾ ਹੈ, ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦਰਅਸਲ, ਸਿਹਤ ਵਿਭਾਗ ਦੀ ਸੰਗਰੂਰ ਟੀਮ ਨੇ ਛਾਪਾ ਮਾਰ ਕੇ 80 ਕਿਲੋ ਮਿਲਾਵਟੀ ਪਨੀਰ ਬਰਾਮਦ ਕੀਤਾ ਹੈ। ਇਹ ਪਨੀਰ ਧੂਰੀ ਵਿਖੇ ਇਕ ਵਿਆਹ ਸਮਾਰੋਹ 'ਚ ਸਪਲਾਈ ਕੀਤਾ ਜਾ ਰਿਹਾ ਸੀ। ਹਾਲਾਂਕਿ ਪਨੀਰ ਲਿਜਾ ਰਹੇ ਵਿਅਕਤੀ ਦਾ ਕਹਿਣਾ ਹੈ ਕਿ ਪਨੀਰ ਮਿਲਾਵਟੀ ਨਹੀਂ ਹੈ।
ਉਧਰ ਸਿਹਤ ਵਿਭਾਗ ਦੀ ਟੀਮ ਨੇ ਪਨੀਰ ਦੇ ਸੈਂਪਲ ਭਰ ਕੇ ਲੈਬਾਰਟਰੀ 'ਚ ਭੇਜ ਦਿੱਤੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੂਬੇ ਭਰ 'ਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਖਾਣ-ਪੀਣ ਦੀਆਂ ਵਸਤੂਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।