50 ਹਜ਼ਾਰ ''ਚ ਗੋਦ ਦਿੱਤਾ ਬੱਚਾ ਮਾਂ ਵਲੋਂ ਵਾਪਸ ਲੈਣ ਦਾ ਮਾਮਲਾ ਬਣਿਆ ਪੇਚੀਦਾ

05/30/2020 5:57:37 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਨੇੜਲੇ ਪਿੰਡ ਦੇ ਨਿਵਾਸੀ ਇਕ ਪਰਿਵਾਰ ਵਲੋਂ ਗਰੀਬੀ ਅਤੇ ਨਸ਼ੇ ਕਾਰਣ ਸਵਾ ਮਹੀਨੇ ਦਾ ਬੱਚਾ 50 ਹਜ਼ਾਰ ਰੁਪਏ 'ਚ ਕਿਸੇ ਬੇਔਲਾਦ ਜੋੜੇ ਨੂੰ ਗੋਦ ਦੇ ਦਿੱਤਾ ਸੀ ਅਤੇ ਹੁਣ ਜਨਮ ਦੇਣ ਵਾਲੀ ਮਾਂ ਵਲੋਂ ਜਦੋਂ ਆਪਣਾ ਬੱਚਾ ਵਾਪਸ ਲੈਣ ਲਈ ਪੁਲਸ ਥਾਣੇ ਦਾ ਦਰਵਾਜ਼ਾ ਖੜਕਾਇਆ ਤਾਂ ਮਾਮਲਾ ਪੇਚੀਦਾ ਬਣ ਗਿਆ ਕਿ ਬੱਚਾ ਕਿਸ ਕੋਲ ਰਹੇਗਾ। ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲਸ ਥਾਣਾ 'ਚ ਇਹ ਮਾਮਲਾ ਪੁੱਜਣ ਤੋਂ ਬਾਅਦ ਇਸ ਸਬੰਧੀ ਪਤਵੰਤੇ ਸੱਜਣਾਂ ਵਲੋਂ ਰਾਜ਼ੀਨਾਮਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਬੱਚਾ ਗੋਦ ਲੈਣ ਵਾਲੇ ਬੇਔਲਾਦ ਜੋੜੇ ਨੇ ਬੇਸ਼ੱਕ ਮਾਛੀਵਾੜਾ ਥਾਣਾ 'ਚ ਕੁਝ ਦਿਨ ਦਾ ਸਮਾਂ ਮੰਗਿਆ ਪਰ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਨੇ ਇਕ ਬੱਚਾ ਗੋਦ ਲਿਆ ਸੀ ਪਰ ਹੁਣ ਪਰਿਵਾਰ ਮੈਂਬਰ ਬੱਚਾ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ। ਜ਼ਿਲਾ ਡਿਪਟੀ ਕਮਿਸ਼ਨਰ ਨੇ ਇਹ ਮਾਮਲਾ ਬਾਲ ਭਲਾਈ ਕਮੇਟੀ ਨੂੰ ਸੌਂਪ ਕੇ ਇਸ ਦੀ ਜਾਂਚ ਕਰਨ ਨੂੰ ਕਿਹਾ। ਬਾਲ ਭਲਾਈ ਕਮੇਟੀ ਦੇ ਅਧਿਕਾਰੀ ਕੰਚਨ ਅਰੋੜਾ ਨੇ ਦੱਸਿਆ ਕਿ ਇਸ ਸਬੰਧੀ ਦੋਵਾਂ ਧਿਰਾਂ ਨੂੰ ਦਫ਼ਤਰ ਬੁਲਾਇਆ ਗਿਆ ਹੈ ਜਿਸ ਤੋਂ ਬਾਅਦ ਬਿਆਨ ਦਰਜ ਕਰ ਕੇ ਸਾਰੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਵੇਗੀ, ਉਸ ਤੋਂ ਬਾਅਦ ਫੈਸਲਾ ਹੋਵੇਗਾ ਕਿ ਇਹ ਬੱਚਾ ਜਨਮ ਦੇਣ ਵਾਲੀ ਮਾਂ ਕੋਲ ਰਹੇਗਾ ਜਾਂ ਗੋਦ ਲੈਣ ਵਾਲੀ ਮਾਂ ਕੋਲ।

ਦੂਸਰੇ ਪਾਸੇ ਮਾਛੀਵਾੜਾ ਪੁਲਸ ਵਲੋਂ ਵੀ ਬਾਲ ਭਲਾਈ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਅਤੇ ਦਾਦੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਗਰੀਬੀ ਤੇ ਪਤੀ ਨਸ਼ਿਆਂ ਦਾ ਆਦੀ ਹੋਣ ਕਾਰਨ ਇਹ ਬੱਚਾ ਬੇਸ਼ੱਕ ਉਨ੍ਹਾਂ ਨੇ ਗੋਦ ਦੇ ਦਿੱਤਾ ਸੀ ਅਤੇ ਜੋ ਹਲਫ਼ੀਆ ਬਿਆਨ 'ਚ ਜਣੇਪੇ ਦੇ ਖਰਚੇ ਵਜੋਂ 50 ਹਜ਼ਾਰ ਰੁਪਏ ਦੇਣ ਦਾ ਦਾਅਵਾ ਕੀਤਾ ਗਿਆ ਉਹ ਵੀ ਪੂਰੇ ਨਹੀਂ ਮਿਲੇ ਅਤੇ ਜੋ ਮਿਲੇ ਉਹ ਉਸਦਾ ਪਤੀ ਨਸ਼ਿਆਂ 'ਚ ਉਡਾ ਗਿਆ। ਬੱਚੇ ਦੀ ਦਾਦੀ ਨੇ ਅੱਖਾਂ 'ਚ ਹੰਝੂ ਭਰਦਿਆਂ ਕਿਹਾ ਕਿ ਉਹ ਆਪਣੇ ਜਿਗਰ ਦੇ ਟੋਟੇ ਨੂੰ ਕਿਸੇ ਵੀ ਹਾਲਤ 'ਚ ਨਹੀਂ ਦੇਣਗੇ ਅਤੇ ਜੋ ਉਸਦੇ ਲੜਕੇ ਤੇ ਨੂੰਹ ਵਲੋਂ ਬੱਚਾ ਗੋਦ ਦਾ ਫੈਸਲਾ ਲਿਆ ਗਿਆ ਸੀ ਉਹ ਬਿਲਕੁੱਲ ਗਲਤ ਹੈ। ਉਨ੍ਹਾਂ ਕਿਹਾ ਕਿ ਉਹ 50 ਹਜ਼ਾਰ ਰੁਪਏ ਮੋੜਨ ਨੂੰ ਤਿਆਰ ਹਨ ਅਤੇ ਸਰਕਾਰ ਤੇ ਪ੍ਰਸਾਸ਼ਨ ਉਨ੍ਹਾਂ ਨੂੰ ਬੱਚਾ ਵਾਪਿਸ ਦਿਵਾਏ।

ਬੱਚਾ ਗੋਦ ਝੂਠ ਬੋਲ ਕੇ ਲਿਆ ਗਿਆ
ਜਨਮ ਦੇਣ ਵਾਲੀ ਮਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਰ 'ਚ ਗਰੀਬੀ ਸੀ ਅਤੇ ਗੋਦ ਲੈਣ ਵਾਲੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਕੋਠੀ ਅਤੇ 4 ਏਕੜ ਜ਼ਮੀਨ ਹੈ ਜਿਸ ਕਾਰਣ ਉਨ੍ਹਾਂ ਸੋਚਿਆ ਕਿ ਇਹ ਬੱਚਾ ਗਰੀਬੀ 'ਚ ਪਲਣ ਦੀ ਬਜਾਏ ਕਿਸੇ ਵਧੀਆ ਘਰ ਪਾਲਣ-ਪੋਸ਼ਣ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਾਅਦ 'ਚ ਪਤਾ ਲੱਗਾ ਕਿ ਗੋਦ ਲੈਣ ਵਾਲੇ ਪਰਿਵਾਰ ਨੇ ਝੂਠ ਬੋਲਿਆ ਕਿਉਂਕਿ ਨਾ ਉਨ੍ਹਾਂ ਕੋਲ ਜ਼ਮੀਨ ਸੀ ਅਤੇ ਨਾ ਹੀ ਕੋਠੀ ਹੈ ਅਤੇ ਉਹ ਵੀ ਗਰੀਬ ਪਰਿਵਾਰ ਹੈ।


Anuradha

Content Editor

Related News