ਸੰਗਰੂਰ ਜ਼ਿਮਨੀ ਚੋਣ ਪਾਰਦਰਸ਼ੀ ਤੇ ਨਿਰਪੱਖ ਕਰਾਉਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪੁਖ਼ਤਾ ਪ੍ਰਬੰਧ : ਰਿਟਰਨਿੰਗ ਅਫ਼ਸਰ

Sunday, Jun 19, 2022 - 10:07 PM (IST)

ਚੰਡੀਗੜ੍ਹ/ਸੰਗਰੂਰ (ਬਿਊਰੋ) : ਲੋਕ ਸਭਾ ਹਲਕਾ-12 ਸੰਗਰੂਰ ਦੇ ਰਿਟਰਨਿੰਗ ਅਫਸਰ ਜਤਿੰਦਰ ਜੋਰਵਾਲ ਨੇ ਐਤਵਾਰ ਨੂੰ ਦੱਸਿਆ ਕਿ ਹਲਕੇ ’ਚ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਜ਼ਿਮਨੀ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ-ਸੰਗਰੂਰ ਅਧੀਨ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੀ ਸਰਕਾਰੀ ਮਸ਼ੀਨਰੀ 24 ਘੰਟੇ ਕੰਮ ਕਰ ਰਹੀ ਹੈ ਤਾਂ ਜੋ ਸ਼ਾਂਤਮਈ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਚੋਣਾਂ ਦੇ ਅਮਲ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹਲਕੇ ’ਚ ਕੁਲ 15,69,240 ਵੋਟਰ ਹਨ, ਜਿਨ੍ਹਾਂ ’ਚ 8,30,056 ਪੁਰਸ਼, 7,39,140 ਔਰਤਾਂ ਅਤੇ 44 ਟਰਾਂਸਜੈਂਡਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਲਈ ਕੁਲ 16 ਉਮੀਦਵਾਰ- 13 ਪੁਰਸ਼ ਅਤੇ 3 ਔਰਤਾਂ ਮੈਦਾਨ ’ਚ ਹਨ।

ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ 2 ਪਿਸਤੌਲਾਂ ਤੇ ਕਾਰਤੂਸਾਂ ਸਣੇ ਗ੍ਰਿਫ਼ਤਾਰ

ਸੰਗਰੂਰ ਲੋਕ ਸਭਾ ਹਲਕੇ ’ਚ 23 ਜੂਨ, 2022 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਵੋਟਿੰਗ ਹੋਵੇਗੀ, ਜਦਕਿ ਵੋਟਾਂ ਦੀ ਗਿਣਤੀ 26 ਜੂਨ, 2022 ਨੂੰ ਹੋਵੇਗੀ। ਚੋਣਾਂ ਦੇ ਅਮਲ ਦੌਰਾਨ ਅਮਨ-ਕਾਨੂੰਨ ਦੀ ਬਾਕਾਇਦਗੀ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਲਕੇ ਭਰ ’ਚ ਤਾਇਨਾਤ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਵੰਡ ਕੇ ਵੋਟਾਂ ਖਰੀਦਣ ਵਰਗੀਆਂ ਗ਼ੈਰ-ਜਮਹੂਰੀ ਘਟਨਾਵਾਂ ਨੂੰ ਰੋਕਣ ਲਈ ਬੜੀ ਚੌਕਸੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਜੋਰਵਾਲ ਨੇ ਕਿਹਾ ਕਿ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਵੰਡ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਮੂਹ ਏ. ਆਰ. ਓਜ਼ ਅਤੇ ਪੁਲਸ ਅਧਿਕਾਰੀਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਤਲਾਹ ਜਾਂ ਸ਼ਿਕਾਇਤ ਮਿਲਣ ’ਤੇ ਤੁਰੰਤ ਛਾਪੇਮਾਰੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ 21 ਜੂਨ 2022 ਨੂੰ ਸ਼ਾਮ 6 ਵਜੇ ਤੋਂ 23 ਜੂਨ 2022 ਨੂੰ ਵੋਟਾਂ ਪੈਣ ਤੱਕ ਸੰਗਰੂਰ ਲੋਕ ਸਭਾ ਹਲਕੇ ’ਚ ਮੁਕੰਮਲ ਡਰਾਈ ਡੇਅ ਐਲਾਨਿਆ ਗਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਰਹੇਗੀ।

ਰਿਟਰਨਿੰਗ ਅਫ਼ਸਰ ਨੇ ਇਹ ਵੀ ਦੱਸਿਆ ਕਿ ਆਖਰੀ 48 ਘੰਟਿਆਂ ਬਾਰੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ.) 21 ਜੂਨ, 2022 ਸ਼ਾਮ 6 ਵਜੇ ਤੋਂ ਲਾਗੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੇ ਮੈਨੂਅਲ ਦੇ ਉਪਬੰਧਾਂ ਅਨੁਸਾਰ ਚੋਣ ਦੇ ਸੰਬੰਧ ’ਚ ਕਿਸੇ ਵੀ ਜਨਤਕ ਮੀਟਿੰਗ/ਇਕੱਠ ਨੂੰ ਬੁਲਾਉਣ/ਹੋਣ ’ਚ ਹਾਜ਼ਰ ਹੋਣ, ਸ਼ਾਮਲ ਹੋਣ ਜਾਂ ਸੰਬੋਧਿਤ ਕਰਨ ਦੀ ਮਨਾਹੀ ਹੈ, ਇਹ ਪਾਬੰਦੀ 48 ਘੰਟਿਆਂ ਤੋਂ ਚੋਣ ਸਮਾਪਤੀ ਲਈ ਨਿਸ਼ਚਿਤ ਘੰਟੇ ਦੇ ਖਤਮ ਹੋਣ ਤੱਕ ਦੀ ਮਿਆਦ ਦੌਰਾਨ ਹੈ। ਉਨ੍ਹਾਂ ਕਿਹਾ ਕਿ 48 ਘੰਟਿਆਂ ਦੀ ਮਨਾਹੀ ਦੀ ਮਿਆਦ ਦੌਰਾਨ ਸਿਨੇਮਾਟੋਗ੍ਰਾਫ, ਟੈਲੀਵਿਜ਼ਨ ਜਾਂ ਹੋਰ ਅਜਿਹੇ ਉਪਕਰਣ ਦੀ ਵਰਤੋਂ ਕਰਕੇ ਕਿਸੇ ਵੀ ਚੋਣ ਮਾਮਲੇ ਨੂੰ ਪ੍ਰਦਰਸ਼ਿਤ ਕਰਨ ’ਤੇ ਮਨਾਹੀ ਨੂੰ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਬਿਨਾਂ ਮਨਜ਼ੂਰੀ ਇਕੱਠਾਂ ’ਤੇ ਵੀ ਪਾਬੰਦੀ ਹੋਵੇਗੀ ਅਤੇ ਸਾਈਲੈਂਸ ਪੀਰੀਅਡ ਦੌਰਾਨ ਜਨਤਕ ਮੀਟਿੰਗਾਂ ਕਰਨ ’ਤੇ ਵੀ ਰੋਕ ਹੋਵੇਗੀ, ਜੋ ਜ਼ਿਮਨੀ ਚੋਣ ਨਾਲ ਸਬੰਧਤ ਖੇਤਰਾਂ/ਹਲਕਿਆਂ ’ਚ ਲਾਗੂ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ, ਪੰਜਾਬ ਸਰਕਾਰ ਨੇ 23 ਜੂਨ 2022 ਨੂੰ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸਬੰਧਤ ਵਿਧਾਨ ਸਭਾ ਹਲਕਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾ ਸਕੇ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 ਬੀ ਦੇ ਉਪਬੰਧਾਂ ਅਨੁਸਾਰ, ਸਨਅਤੀ ਅਦਾਰਿਆਂ, ਵਪਾਰਕ ਅਦਾਰਿਆਂ, ਦੁਕਾਨਾਂ ਅਤੇ ਸੰਸਥਾਵਾਂ ਦੇ ਕਰਮਚਾਰੀਆਂ ਨੂੰ 23 ਜੂਨ 2022 ਨੂੰ ਲੋਕ ਸਭਾ ਹਲਕਾ-ਸੰਗਰੂਰ ਵਿੱਚ ਵੋਟਾਂ ਵਾਲੇ ਦਿਨ ਤਨਖਾਹ ਸਮੇਤ ਛੁੱਟੀ ਹੋਵੇਗੀ।
 


Manoj

Content Editor

Related News