ਦਿੱਲੀ-ਆਦਮਪੁਰ ਦੀ ਪਹਿਲੀ ਫਲਾਈਟ ਦੇ ਕਿਰਾਏ ਨੇ ਛੂਹਿਆ 19000 ਰੁਪਏ ਦਾ ਅੰਕੜਾ

Tuesday, Apr 17, 2018 - 05:29 PM (IST)

ਦਿੱਲੀ-ਆਦਮਪੁਰ ਦੀ ਪਹਿਲੀ ਫਲਾਈਟ ਦੇ ਕਿਰਾਏ ਨੇ ਛੂਹਿਆ 19000 ਰੁਪਏ ਦਾ ਅੰਕੜਾ

ਜਲੰਧਰ (ਅਮਿਤ, ਸਲਵਾਨ)— ਭਾਰਤ ਸਰਕਾਰ ਦੀ ਯੋਜਨਾ 'ਉਡਾਣ' ਜਿਸ ਦੇ ਅਧੀਨ ਛੋਟੇ-ਛੋਟੇ ਸ਼ਹਿਰਾਂ ਨੂੰ ਏਅਰ ਕੁਨੈਕਟੀਵਿਟੀ ਨਾਲ ਜੋੜ ਕੇ ਆਮ ਜਨਤਾ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਇਸੇ ਕੜੀ 'ਚ ਦੋਆਬਾ ਖੇਤਰ ਦੇ ਆਦਮਪੁਰ ਤੋਂ ਦਿੱਲੀ ਦੀ ਸਿੱਧੀ ਫਲਾਈਟ 1 ਮਈ, 2018 ਤੋਂ ਸ਼ੁਰੂ ਹੋਣ ਵਾਲੀ ਹੈ, ਜਿਸ ਨੂੰ ਲੈ ਕੇ ਇਸ ਖੇਤਰ ਦੇ ਲੋਕਾਂ 'ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 
ਹਾਲ ਹੀ 'ਚ ਫਲਾਈਟ ਸ਼ੁਰੂ ਕਰਨ ਵਾਲੀ ਕੰਪਨੀ ਸਪਾਈਸ ਜੈੱਟ ਵਲੋਂ ਆਪਣੀ ਪਹਿਲੀ ਫਲਾਈਟ ਦੀ ਆਨਲਾਈਨ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿੱਥੇ ਐਲਾਨ ਦੇ ਚੰਦ ਮਿੰਟਾਂ 'ਚ ਹੀ 50 ਤੋਂ ਉਪਰ ਸੀਟਾਂ ਦੀ ਬੁਕਿੰਗ ਹੋ ਗਈ ਸੀ। ਕੁਲ 78 ਸੀਟਾਂ ਵਾਲੀ ਇਸ ਫਲਾਈਟ ਦਾ ਸਰਕਾਰ ਵੱਲੋਂ ਸ਼ੁਰੂਆਤੀ ਕਿਰਾਇਆ 2500 ਰੁਪਏ ਜਾਂ ਇਸ ਤੋਂ ਘੱਟ ਤੈਅ ਕੀਤਾ ਗਿਆ ਹੈ। ਸਪਾਈਸ ਜੈੱਟ ਦੀ ਪਹਿਲੀ ਫਲਾਈਟ ਲਈ ਆਦਮਪੁਰ-ਦਿੱਲੀ ਦਾ ਕਿਰਾਇਆ 4500 ਰੁਪਏ ਜਦਕਿ ਦਿੱਲੀ-ਆਦਮਪੁਰ ਦਾ ਕਿਰਾਇਆ 19000 ਰੁਪਏ ਦਾ ਅੰਕੜਾ ਛੂਹ ਚੁਕਾ ਹੈ।
ਚੋਣਵੇਂ ਲੋਕਾਂ ਤੱਕ ਹੀ ਸੀਮਿਤ ਲੋ-ਫੇਅਰ ਦਾ ਲਾਭ
ਫਸਟ ਫਲਾਈਟ ਦੇ ਐਲਾਨ ਦੇ ਨਾਲ ਹੀ ਇਸ ਗੱਲ ਨੂੰ ਲੈ ਕੇ ਚਰਚਾ ਵੀ ਸ਼ੁਰੂ ਹੋ ਗਈ ਸੀ ਕਿ ਉਡਾਣ ਯੋਜਨਾ ਤਹਿਤ ਲੋ-ਫੇਅਰ ਦਾ ਲਾਭ ਸਿਰਫ ਚੋਣਵੇਂ ਲੋਕਾਂ ਤੱਕ ਹੀ ਸੀਮਤ ਰਹਿਣ ਵਾਲਾ ਹੈ ਪਰ ਮੌਜੂਦਾ ਹਾਲਾਤ ਤੇ ਸਪਾਈਸ ਜੈੱਟ ਦੀ ਬੁਕਿੰਗ ਸਾਈਟ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਨ 'ਤੇ ਪਤਾ ਚਲਦਾ ਹੈ ਕਿ ਫਿਲਹਾਲ ਸਿਰਫ 1 ਮਈ 2018 ਨੂੰ ਸਭ ਤੋਂ ਪਹਿਲੇ ਦਿਨ ਬੁਕਿੰਗ 'ਤੇ ਹੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਜਦਕਿ 2 ਮਈ ਅਤੇ ਉਸ ਦੇ ਬਾਅਦ ਆਉਣ ਵਾਲੇ ਦਿਨਾਂ 'ਚ ਆਮ ਰੇਟ 'ਤੇ ਬੁਕਿੰਗ ਉਪਲੱਬਧ ਹੈ।
ਐੱਨ. ਆਰ. ਆਈਜ਼ ਲਈ ਸਾਬਤ ਹੋ ਸਕਦੀ ਹੈ ਵਰਦਾਨ: ਅਮਿਤ ਕੁੱਕੜ
ਵਰਲਡ ਟ੍ਰੈਵਲਜ਼ ਦੇ ਅਮਿਤ ਕੁੱਕੜ ਦਾ ਕਹਿਣਾ ਹੈ ਕਿ ਦੋਆਬਾ ਖੇਤਰ ਦੇ ਐੱਨ. ਆਰ. ਆਈਜ਼ ਲਈ ਆਦਮਪੁਰ-ਦਿੱਲੀ ਦੀ ਫਲਾਈਟ ਇਕ ਵਰਦਾਨ ਸਾਬਿਤ ਹੋ ਸਕਦੀ ਹੈ,ਕਿਉਂਕਿ ਇਸ ਇਲਾਕੇ ਨਾਲ ਸੰਬੰਧਤ ਜ਼ਿਆਦਾਤਰ ਐੱਨ. ਆਰ. ਆਈਜ਼ ਦਿੱਲੀ ਤੋਂ ਅੰਮ੍ਰਿਤਸਰ ਜਾਂ ਫਿਰ ਚੰਡੀਗੜ੍ਹ ਲਈ ਫਲਾਈਟ ਲੈਂਦੇ ਹਨ, ਜਿਨ੍ਹਾਂ ਨੂੰ ਦੋਵਾਂ 'ਚੋਂ ਕੋਈ ਫਲਾਈਟ ਨਹੀਂ ਮਿਲਦੀ, ਉਨ੍ਹਾਂ ਨੂੰ ਸੜਕੀ ਆਵਾਜਾਈ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਐੱਨ. ਆਰ. ਆਈਜ਼ ਨੂੰ ਬਹੁਤ ਲਾਭ ਹੋਵੇਗਾ, ਜਿਸ 'ਚ ਵਿਸ਼ੇਸ਼ ਤੌਰ 'ਤੇ ਵਾਪਸੀ  ਕਰਨ ਵਾਲੇ ਐੱਨ. ਆਰ. ਆਈਜ਼ ਜਿਨ੍ਹਾਂ ਦੀ ਜ਼ਿਆਦਾਤਰ ਫਲਾਈਟਸ ਦੇਰ ਸ਼ਾਮ ਜਾਂ ਰਾਤ ਨੂੰ ਹੁੰਦੀਆਂ ਹਨ ,  ਲਈ ਆਦਮਪੁਰ ਤੋਂ ਦਿੱਲੀ ਤੱਕ ਸਿਰਫ 1 ਘੰਟੇ 10 ਮਿੰਟ 'ਚ ਸਿੱਧਾ ਏਅਰਪੋਰਟ ਪਹੁੰਚਣ ਦੀ ਸਹੂਲਤ ਉਪਲੱਬਧ ਹੋਵੇਗੀ।
ਆਦਮਪੁਰ-ਦਿੱਲੀ ਨੂੰ ਮਿਲ ਰਿਹੈ ਘੱਟ ਰੁਝਾਨ, ਦਿੱਲੀ ਆਦਮਪੁਰ ਫਲਾਈਟ ਹੋਈ ਫੁੱਲ
ਸਪਾਈਸ ਜੈੱਟ ਦੀ ਆਨਲਾਈਨ ਬੁਕਿੰਗ ਸਾਈਟ 'ਤੇ ਜਾ ਕੇ ਦੇਖਣ 'ਤੇ ਪਤਾ ਲੱਗਦਾ ਹੈ ਕਿ ਆਦਮਪੁਰ-ਦਿੱਲੀ ਸੈਕਟਰ ਨੂੰ ਥੋੜ੍ਹਾ ਘੱਟ ਰੁਝਾਨ ਮਿਲ ਰਿਹਾ ਹੈ ਜਦਕਿ ਦਿੱਲੀ-ਆਦਮਪੁਰ ਦੀ ਫਸਟ ਫਲਾਈਟ ਲਗਭਗ ਫੁੱਲ ਹੋ ਚੁਕੀ ਹੈ। ਟਰੈਵਲ ਜਗਤ ਨਾਲ ਜੁੜੇ ਲੋਕਾਂ ਵਲੋਂ ਇਸ ਦੇ ਪਿੱਛੇ ਜੋ ਕਾਰਨ ਦੱਸਿਆ ਜਾ ਰਿਹਾ ਹੈ ਉਹ ਇਹ ਹੈ ਕਿ ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਸਮਾਂ ਜ਼ਿਆਦਾਤਰ ਲੋਕਾਂ ਲਈ ਸਹੀ ਨਹੀਂ ਹੈ ਜਦਕਿ ਦਿੱਲੀ ਤੋਂ ਆਦਮਪੁਰ ਆਉਣ ਵਾਲੀ ਫਲਾਈਟ ਦਾ ਸਮਾਂ ਵੱਡੀ ਗਿਣਤੀ ਦੇ ਲੋਕਾਂ ਨੂੰ ਬਿਹਤਰ ਬਦਲ ਦੇ ਤੌਰ 'ਤੇ ਨਜ਼ਰ ਆ ਰਿਹਾ ਹੈ। ਕਿਉਂਕਿ ਸਵੇਰੇ ਸ਼ਤਾਬਦੀ ਤੋਂ ਦਿੱਲੀ ਜਾ ਕੇ ਆਪਣਾ ਕੰਮ ਕਰਨ ਵਾਲੇ ਕਾਰੋਬਾਰੀਆਂ ਲਈ ਸ਼ਾਮ ਨੂੰ ਘਰ ਵਾਪਸੀ ਦਾ ਸਮਾਂ ਉਚਿੱਤ ਪ੍ਰਤੀਤ ਹੋ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ ਤੋਂ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ 'ਚ ਆਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਜਿਸ ਕਾਰਨ ਦਿੱਲੀ-ਆਦਮਪੁਰ ਫਲਾਈਟ ਨੂੰ ਬਿਹਤਰ ਰਿਸਪਾਂਸ ਮਿਲ ਰਿਹਾ ਹੈ।
ਵਪਾਰੀਆਂ ਦੀ ਸਹੂਲਤ ਅਤੇ ਸ਼ਤਾਬਦੀ ਦਾ ਮੁਕਾਬਲਾ ਕਰਨ ਲਈ ਸਵੇਰ ਦੀ ਉਡਾਣ ਵੀ ਕਰਨੀ ਹੋਵੇਗੀ ਸ਼ੁਰੂ : ਰਾਜੇਸ਼ਵਰ ਡਾਂਗ 
ਕੰਧਾਰੀ ਟਰੈਵਲਜ਼ ਦੇ ਰਾਜੇਸ਼ਵਰ ਡਾਂਗ ਦਾ ਕਹਿਣਾ ਹੈ ਕਿ ਦੋਆਬਾ ਖੇਤਰ ਦੇ ਵਪਾਰੀ ਜੋ ਆਪਣੇ ਕੰਮ ਦੇ ਸਿਲਸਿਲੇ 'ਚ ਦਿੱਲੀ ਰੁਟੀਨ 'ਚ ਆਉਂਦੇ ਜਾਂਦੇ ਰਹਿੰਦੇ ਹਨ, ਲਈ ਮੌਜੂਦਾ ਸਮੇਂ 'ਚ ਸ਼ਤਾਬਦੀ ਆਉਣ ਦਾ ਸਭ ਤੋਂ ਲੋਕਪ੍ਰਿਅ ਬਦਲ ਹੈ ਕਿਉਂਕਿ ਸਵੇਰੇ ਤੜਕੇ ਸ਼ਤਾਬਦੀ 'ਚ ਬੈਠ ਕੇ ਰਾਤ ਨੂੰ ਆਪਣਾ ਕੰਮ ਕਰਕੇ ਵਪਾਰੀ ਬੜੀ ਆਸਾਨੀ ਨਾਲ ਵਾਪਸ ਪਰਤ ਆਉਂਦੇ ਹਨ। ਉਡਾਣ ਯੋਜਨਾ ਨੂੰ ਹੋਰ ਕਾਮਯਾਬ ਕਰਨ ਅਤੇ ਵਪਾਰੀਆਂ ਨੂੰ ਸਹੂਲਤ ਦੇਣ ਦੇ ਨਾਲ-ਨਾਲ ਸ਼ਤਾਬਦੀ ਦਾ ਮੁਕਾਬਲਾ ਕਰਨ ਲਈ ਸਰਕਾਰ ਨੂੰ ਦੁਪਹਿਰ ਦੇ ਨਾਲ ਨਾਲ ਸਵੇਰ ਦੇ ਸਮੇਂ ਵੀ ਫਲਾਈਟਸ ਸ਼ੁਰੂ ਕਰਨੀਆਂ ਹੋਣਗੀਆਂ।


Related News