ਬੀਬੀ ਜਗੀਰ ਕੌਰ ਤੇ ਦਿਲਜੀਤ ਦੋਸਾਂਝ ਦਾ ਨਾਂ '100 ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ' ’ਚ ਸ਼ਾਮਿਲ, ਦੇਖੋ ਪੂਰੀ ਲਿਸਟ
Thursday, Jan 14, 2021 - 03:16 PM (IST)
ਚੰਡੀਗੜ੍ਹ (ਬਿਊਰੋ) - ਕਿਸਾਨ ਅੰਦੋਲਨ ਨੇ ਪੰਜਾਬੀ ਕਲਾਕਾਰਾਂ ਦਾ ਇਕ ਵੱਖਰਾ ਹੀ ਰੂਪ ਸਾਹਮਣੇ ਲਿਆਂਦਾ ਹੈ, ਜਿਸ ਨੂੰ ਵੇਖ ਹਰ ਪਾਸੇ ਕਲਾਕਾਰ ਭਾਈਚਾਰੇ ਦੀਆਂ ਸਿਫ਼ਤਾਂ ਹੋ ਰਹੀਆਂ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਹਿਲੇ ਦਿਨ ਤੋਂ ਹੀ ਪੰਜਾਬੀ ਕਲਾਕਾਰ ਕਿਸਾਨਾਂ ਨਾਲ ਦਿੱਲੀ ਦੀਆਂ ਸੜਕਾਂ 'ਤੇ ਡਟੇ ਹੋਏ ਹਨ। ਹਾਲ ਹੀ 'ਚ ਯੂ.ਕੇ. ਦੀ ਸਭ ਤੋਂ ਵੱਡੀ ਸਿੱਖ ਸੰਸਥਾ 'ਦਿ ਸਿੱਖ ਗਰੁੱਪ' ਵੱਲੋਂ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ 'ਚ ਦਿਲਜੀਤ ਦੋਸਾਂਝ ਦਾ ਨਾਂ ਵੀ ਸਾਹਮਣੇ ਆਇਆ ਹੈ। ਇਸ ਨਾਲ ਇਕ ਵਾਰ ਫ਼ਿਰ ਪੰਜਾਬੀ ਕਲਾਕਾਰ ਭਾਈਚਾਰੇ ਦਾ ਨਾਂ ਰੌਸ਼ਨ ਹੋਇਆ ਹੈ। 'ਦਿ ਸਿੱਖ ਗਰੁੱਪ' ਵੱਲੋਂ ਇਹ ਲਿਸਟ ਬੀਤੇ ਦਿਨੀਂ ਯਾਨੀਕਿ ਬੁੱਧਵਾਰ ਨੂੰ ਸਾਂਝੀ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਲਿਸਟ 'ਚ ਦਿਲਜੀਤ ਦੋਸਾਂਝ ਨੂੰ 62ਵਾਂ ਸਥਾਨ ਪ੍ਰਾਪਤ ਹੋਇਆ ਹੈ। ਦਿਲਜੀਤ ਦੋਸਾਂਝ ਤੋਂ ਇਲਾਵਾ ਇਸ ਸੂਚੀ 'ਚ ਕਿਸੇ ਵੀ ਗਾਇਕ ਜਾਂ ਫ਼ਿਲਮੀ ਕਲਾਕਾਰ ਨੂੰ ਜਗ੍ਹਾ ਨਹੀਂ ਮਿਲੀ। ਦਿਲਜੀਤ ਨੇ ਆਪਣੇ ਗੀਤਾਂ ਤੇ ਫ਼ਿਲਮਾਂ ਰਾਹੀਂ ਪੰਜਾਬੀਆਂ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕੀਤਾ ਹੈ। ਉਥੇ ਹੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵੀ ਦਿਲਜੀਤ ਨੇ ਆਪਣੇ ਕੰਮ ਉੱਪਰ ਕਿਸਾਨੀ ਤੇ ਪੰਜਾਬ ਨੂੰ ਚੁਣਿਆ।
ਦੱਸਣਯੋਗ ਹੈ ਕਿ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਦਾ ਇਹ 9ਵਾਂ ਐਡੀਸ਼ਨ ਹੈ। 26 ਮਿਲੀਅਨ ਸਿੱਖਾਂ 'ਚੋਂ ਇਨ੍ਹਾਂ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ 'ਚ ਬੀਬੀ ਜਗੀਰ ਕੌਰ ਨੇ ਸਾਲ 2020 'ਚ ਵਿਸ਼ਵ ਪੱਧਰ 'ਤੇ ਸ਼ਕਤੀਸ਼ਾਲੀ 100 ਸਿੱਖਾਂ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਸਭ ਤੋਂ ਉਪਰਲਾ ਸਥਾਨ ਬਰਕਰਾਰ ਰੱਖਿਆ ਹੈ। ਇਸੇ ਤਰ੍ਹਾਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਇਸ ਸੂਚੀ 'ਚ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਨਵਜੋਤ ਸਿੰਘ ਸਿੱਧੂ ਅਤੇ ਸੁਖਬੀਰ ਬਾਦਲ ਨੇ ਇਸ ਸੂਚੀ 'ਚ ਆਪਣੇ ਸਥਾਨ ਬਰਕਰਾਰ ਰੱਖੇ ਹਨ। ਸੁਖਬੀਰ ਨੂੰ ਇਸ ਸੂਚੀ 'ਚ 18ਵਾਂ ਸਥਾਨ 'ਤੇ ਜਦਕਿ ਸਿੱਧੂ ਦਾ ਨਾਂ 30ਵੇਂ ਸਥਾਨ 'ਤੇ ਹੈ। ਇਸ ਤੋਂ ਇਲਾਵਾ ਇਸ ਲਿਸਟ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਦੀਪ ਪੁਰੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡੀ. ਐਸ. ਜੀ. ਐਮ. ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ, ਪਦਮ ਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਦੇ ਨਾਂ ਵੀ ਸ਼ਾਮਲ ਹਨ।
ਪੂਰੀ ਲਿਸਟ ਵੇਖਣ ਲਈ ਇਸ ਲਿੰਕ 'ਤੇ ਕਲਿਕ ਕਰੋ-
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।